ਅੰਮ੍ਰਿਤਸਰ ''ਚ ''ਆਪ'' ਦੇ ਕੁਲ ਦਾ ਦੀਪ ਬਨਣਗੇ ਧਾਲੀਵਾਲ, ਇਹੋ ਜਿਹਾ ਹੈ ਪਿਛੋਕੜ (ਵੀਡੀਓ)
Wednesday, Oct 31, 2018 - 05:51 PM (IST)
ਅੰਮ੍ਰਿਤਸਰ : ਪੰਜਾਬ ਵਿਚ ਪਾਟੋ-ਧਾੜ ਦਾ ਸਾਹਮਣਾ ਕਰ ਰਹੀ ਆਮ ਆਦਮੀ ਪਾਰਟੀ ਨੇ ਵਿਰੋਧੀ ਪਾਰਟੀਆਂ ਤੋਂ ਪਹਿਲਾਂ ਮੋਰਚਾ ਮਾਰਦੇ ਹੋਏ 2019 ਦੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੇ ਪੰਜ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਵਲੋਂ ਜਿੱਥੇ ਸੰਗਰੂਰ ਤੋਂ ਭਗਵੰਤ ਮਾਨ, ਫਰੀਦਕੋਟ ਤੋਂ ਸਾਧੂ ਸਿੰਘ, ਹੁਸ਼ਿਆਰਪੁਰ ਤੋਂ ਡਾ. ਰਵਜੋਤ ਸਿੰਘ, ਆਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ, ਉਥੇ ਹੀ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ ਦਾ ਨਾਂ ਦਾ ਐਲਾਨ ਕੀਤਾ ਗਿਆ ਹੈ।
ਕੌਣ ਹਨ ਕੁਲਦੀਪ ਸਿੰਘ ਧਾਲੀਵਾਲ
ਕੁਲਦੀਪ ਸਿੰਘ ਧਾਲੀਵਾਲ ਨੂੰ ਆਮ ਆਦਮੀ ਪਾਰਟੀ ਦੇ ਲੋਕ ਸਭਾ ਸੀਟ ਅੰਮ੍ਰਿਤਸਰ ਤੋਂ ਉਮੀਦਵਾਰ ਐਨਾਨਿਆ ਹੈ। 57 ਸਾਲਾ ਧਾਲੀਵਾਲ ਮਾਝੇ ਦੇ ਵੱਡੇ ਪਿੰਡ ਜਗਦੇਵ ਕਲਾਂ ਦੇ ਜੰਮਪਲ ਹਨ। ਇਹ ਪਿੰਡ ਰਾਜਾਸਾਂਸੀ ਏਅਰਪੋਰਟ ਦੇ ਨਜ਼ਦੀਕ ਹੈ। ਕੁਲਦੀਪ ਸਿੰਘ ਧਾਲੀਵਾਲ ਦਾ ਪਰਿਵਾਰਕ ਪਿਛੋਕੜ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਹੈ। ਇਨ੍ਹਾਂ ਦੇ ਪਿਤਾ ਪਿੰਡ ਦੇ ਨੰਬਰਦਾਰ ਸਨ। '84 ਦੇ ਦੌਰ 'ਚ ਅੱਤਵਾਦੀਆਂ ਨੇ ਇਨ੍ਹਾਂ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਮਾਰ ਦਿੱਤਾ ਸੀ। ਕੁਲਦੀਪ ਸਿੰਘ ਧਾਲੀਵਾਲ ਦੀ ਵਿਚਾਰਧਾਰਾ ਖੱਬੇ ਪੱਖੀ ਰਹੀ ਹੈ। ਹਾਇਰ ਸੈਕੰਡਰੀ ਦੀ ਪੜ੍ਹਾਈ ਦੌਰਾਨ ਧਾਲੀਵਾਲ ਪੰਜਾਬ ਵਿਦਿਆਰਥੀ ਯੂਨੀਅਨ ਦੇ ਜਨਰਲ ਸਕੱਤਰ ਵੀ ਰਹੇ। ਧਾਲੀਵਾਲ ਨੇ ਹਾਇਰ ਸੈਕੰਡਰੀ ਤੋਂ ਬਾਅਦ ਡਰਾਫਟਮੈਨ ਸਿਵਲ ਦਾ ਡਿਪਲੋਮਾ ਕੀਤਾਸ਼ ਧਾਲੀਵਾਲ ਸਮਾਜ ਸੇਵਾ ਦੇ ਸ਼ੌਕੀਨ ਹਨ ਅਤੇ ਇਨਾਂ ਵੱਲੋਂ 1990 ਤੋਂ ਆਪਣੇ ਪਿੰਡ 'ਚ ਹਾਸ਼ਮ ਸ਼ਾਹ ਮੇਲਾ ਕਰਵਾਇਆ ਜਾ ਰਿਹੈ। ਨੋਅ ਪਾਰਫਿਟ ਨੋਅ ਲਾਸ 'ਤੇ 12ਵੀਂ ਤੱਕ ਦਾ ਇਕ ਸਕੂਲ ਵੀ ਚਲਾ ਰਹੇ ਹਨ ਧਾਲੀਵਾਲ, ਜਿਸਦੀ ਕਮੇਟੀ ਦੇ ਉਹ ਖੁਦ ਪ੍ਰਧਾਨ ਹਨ। 2000 'ਚ ਕੁਲਦੀਪ ਸਿੰਘ ਪਰਿਵਾਰ ਸਮੇਤ ਅਮਰੀਕਾ ਚਲੇ ਗਏ ਅਤੇ ਫਿਰ 2013 'ਚ ਪੱਕੇ ਤੌਰ 'ਤੇ ਭਾਰਤ ਵਾਪਸੀ ਕਰ ਲਈ। 2015 'ਚ ਧਾਲੀਵਾਲ ਦੀ ਕੇਜਰੀਵਾਲ ਨਾਲ ਮੁਲਾਕਾਤ ਹੋਈ ਅਤੇ ਪੰਜਾਬ 'ਚ ਨਸ਼ਿਆਂ ਖਿਲਾਫ ਕੰਮ ਕਰਨ ਦੀ ਇੱਛਾ ਪ੍ਰਗਟਾਈ। ਸਆਸੀ ਤੌਰ 'ਤੇ ਧਾਲੀਵਾਲ ਭਗਵੰਤ ਮਾਨ ਦੇ ਕਰੀਬੀ ਮੰਨੇ ਜਾਂਦੇ ਹਨ।
ਧਾਲੀਵਾਲ 2017 ਦੌਰਾਨ ਵਿਧਾਨ ਸਭਾ ਚੋਣ ਲੜਨ ਦੇ ਵੀ ਇਛੁੱਕ ਸਨ ਪਰ ਉਸ ਵੇਲੇ ਇਨ੍ਹਾਂ ਕੋਲ ਭਾਰਤ ਦੀ ਨਾਗਰਿਕਤਾ ਨਹੀਂ ਸੀ। ਆਮ ਆਦਮੀ ਪਾਰਟੀ ਨੇ ਕੁਲਦੀਪ ਸਿੰਘ ਧਾਲੀਵਾਲ ਨੂੰ ਪੰਜਾਬ ਦੀ ਇਕ ਅਹਿਮ ਸੀਟ ਅੰਮ੍ਰਤਸਰ ਤੋਂ ਲੋਕ ਸਭਾ ਚੋਣ ਲੜਣ ਦੀ ਜ਼ਿੰਮੇਵਾਰ ਸੌਂਪੀ ਹੈ। ਅੰਮ੍ਰਿਤਸਰ ਸੀਟ ਪੰਜਾਬ 'ਚ ਜ਼ਬਰਦਸਤ ਮੁਕਾਬਲੇ 'ਤੇ ਨਾਮੀ ਚਿਹਰਿਆਂ ਵਾਲੀ ਸੀਟ ਹੈ।
ਕੀ ਹੈ ਅੰਮ੍ਰਿਤਸਰ ਸੀਟ ਦਾ ਇਤਿਹਾਸ
ਅੰਮ੍ਰਿਤਸਰ ਲੋਕ ਸਭਾ ਸੀਟ ਇਤਿਹਾਸਕ ਰੂਪ 'ਚ ਕਾਂਗਰਸ ਦੇ ਪ੍ਰਭਾਵ ਵਾਲੀ ਸੀਟ ਰਹੀ ਹੈ। 1951 ਤੋਂ ਬਾਅਦ ਹੋਈਆਂ ਲੋਕ ਸਭਾ ਚੋਣਾਂ 'ਚ ਇਸ ਸੀਟ 'ਤੇ 17 ਚੋਣਾਂ 'ਚੋਂ 10 ਵਾਰ ਕਾਂਗਰਸ ਜਿੱਤੀ ਹੈ। 4 ਵਾਰ ਇਹ ਸੀਟ ਭਾਜਪਾ ਦੇ ਕਬਜ਼ੇ 'ਚ ਰਹੀ ਹੈ। ਇਕ ਵਾਰ ਭਾਰਤੀ ਜਨਸੰਘ ਅਤੇ ਇਕ ਵਾਰ ਭਾਰਤੀ ਲੋਕਦਲ ਨੇ ਇਸ ਸੀਟ 'ਤੇ ਕਬਜ਼ਾ ਕੀਤਾ ਹੈ, ਜਦਕਿ ਇਕ ਵਾਰ ਇਸ ਸੀਟ 'ਤੇ ਆਜ਼ਾਦ ਉਮੀਦਵਾਰ ਕ੍ਰਿਪਾਲ ਸਿੰਘ ਜਿੱਤੇ ਸਨ। 2004 ਤੋਂ ਬਾਅਦ ਇਹ ਸੀਟ ਭਾਜਪਾ ਦੇ ਪ੍ਰਭਾਵ ਵਾਲੀ ਸੀਟ ਬਣ ਗਈ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ 'ਚ ਸ਼ਾਮਿਲ ਕੀਤੇ ਜਾਣ ਤੋਂ ਬਾਅਦ ਭਾਜਪਾ ਨੇ 2004 ਤੇ 2009 ਦੀਆਂ ਆਮ ਚੋਣਾਂ 'ਚ ਵੀ ਇਹ ਸੀਟ ਜਿੱਤ ਲਈ ਸੀ। ਨਵਜੋਤ ਸਿੰਘ ਸਿੱਧੂ 2009 'ਚ ਪਾਰਟੀ ਦਾ ਇਕੱਲਾ ਅਜਿਹਾ ਚਿਹਰਾ ਸੀ, ਜਿਸ ਨੇ ਕਾਂਗਰਸ ਦੀ ਹਨੇਰੀ 'ਚ ਇਸ ਇਲਾਕੇ 'ਚ ਆਪਣੀ ਸੀਟ ਬਚਾਈ ਸੀ ਪਰ 2014 ਦੀਆਂ ਲੋਕ ਸਭਾ ਚੋਣਾਂ 'ਚ ਉਨ੍ਹਾਂ ਨੂੰ ਕਿਨਾਰੇ ਕੀਤੇ ਜਾਣ ਤੋਂ ਬਾਅਦ ਪਾਰਟੀ ਨੂੰ ਇਥੋਂ ਯੋਗ ਚਿਹਰੇ ਦੇ ਲਾਲੇ ਪੈ ਗਏ। ਨਵਜੋਤ ਸਿੰਘ ਸਿੱਧੂ ਦੀ ਜਗ੍ਹਾ ਮੈਦਾਨ 'ਚ ਉਤਾਰੇ ਗਏ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਿੱਧੂ ਦੇ ਸਿਆਸੀ ਗੁਰੂ ਅਰੁਣ ਜੇਤਲੀ ਨੂੰ ਕੈਪਟਨ ਅਮਰਿੰਦਰ ਸਿੰਘ ਨੇ 1,02,770 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ।
ਜੇਤਲੀ ਦੀ ਹਾਰ ਅਜਿਹੇ ਸਮੇਂ 'ਚ ਹੋਈ, ਜਦੋਂ ਪੂਰੇ ਦੇਸ਼ 'ਚ ਭਾਜਪਾ ਦੀ ਹਨੇਰੀ ਸੀ ਅਤੇ ਪਹਿਲੀ ਵਾਰ ਭਾਜਪਾ ਨੇ ਆਪਣੇ ਦਮ 'ਤੇ 282 ਲੋਕ ਸਭਾ ਸੀਟਾਂ 'ਤੇ ਜਿੱਤ ਹਾਸਿਲ ਕੀਤੀ ਪਰ ਜੇਤਲੀ ਵਰਗੇ ਵੱਡੇ ਚਿਹਰੇ ਨੂੰ ਅੰਮ੍ਰਿਤਸਰ 'ਚ ਵੱਡੀ ਹਾਰ ਦਾ ਮੂੰਹ ਦੇਖਣਾ ਪਿਆ। ਜੇਤਲੀ ਨੂੰ ਇਸ ਸੀਟ 'ਤੇ 3,80,106 ਵੋਟਾਂ ਮਿਲੀਆਂ ਜਦਕਿ ਕੈਪਟਨ ਅਮਰਿੰਦਰ ਸਿੰਘ ਨੇ 4,82,876 ਵੋਟਾਂ ਹਾਸਿਲ ਹੋਈਆਂ। ਇਸ ਹਾਰ ਤੋਂ ਬਾਅਦ ਭਾਜਪਾ ਨੂੰ ਇਥੇ ਚੰਗੀ ਸਾਖ ਵਾਲੇ ਉਮੀਦਵਾਰ ਦੇ ਲਾਲੇ ਪਏ ਹੋਏ ਹਨ ਅਤੇ 2019 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਦੀ ਇਹ ਖੋਜ ਕਿਸ ਚਿਹਰੇ 'ਤੇ ਆ ਕੇ ਪੂਰੀ ਹੋਵੇਗੀ, ਇਹ ਦੇਖਣ ਵਾਲੀ ਗੱਲ ਹੋਵੇਗੀ।
ਉਪ-ਚੋਣ ਵੀ ਜਿੱਤੀ ਕਾਂਗਰਸ
ਵਿਧਾਨ ਸਭਾ ਚੋਣਾਂ ਨਾਲ ਹੋਈ ਅੰਮ੍ਰਿਤਸਰ ਲੋਕ ਸਭਾ ਸੀਟ ਦੀ ਉਪ-ਚੋਣ 'ਚ ਵੀ ਕਾਂਗਰਸ ਨੇ ਇਸ ਸੀਟ 'ਤੇ ਆਪਣਾ ਡੰਕਾ ਵਜਾਇਆ ਅਤੇ ਇਸ ਸੀਟ ਦੇ ਤਹਿਤ ਆਉਂਦੀਆਂ 9 ਵਿਧਾਨ ਸਭਾ ਸੀਟਾਂ 'ਚੋਂ 8 'ਤੇ ਜ਼ਬਰਦਸਤ ਜਿੱਤ ਹਾਸਿਲ ਕੀਤੀ। ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਉਪ-ਚੋਣ 'ਚ 5,08,153 ਵੋਟਾਂ ਮਿਲੀਆਂ, ਜੋ ਕੈਪਟਨ ਨੂੰ ਮਿਲੀਆਂ 4,82,876 ਵੋਟਾਂ ਦੇ ਮੁਕਾਬਲੇ 25,277 ਵੋਟਾਂ ਜ਼ਿਆਦਾ ਹਨ। ਇਸ ਦੌਰਾਨ ਭਾਜਪਾ ਦੇ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਨੂੰ 3,08,964 ਵੋਟਾਂ ਮਿਲੀਆਂ, ਜੋ 2014 'ਚ ਅਰੁਣ ਜੇਤਲੀ ਨੂੰ ਮਿਲੀਆਂ 3,80,106 ਵੋਟਾਂ ਦੇ ਮੁਕਾਬਲੇ 71,142 ਵੋਟਾਂ ਘੱਟ ਹਨ। ਇਸ ਦਾ ਮਤਲਬ ਹੈ ਕਿ ਭਾਜਪਾ ਦੀ ਇਸ ਸੀਟ 'ਤੇ ਪਕੜ ਪਿਛਲੇ 3 ਸਾਲਾਂ 'ਚ ਘੱਟ ਹੋਈ ਹੈ। ਇੰਨਾ ਹੀ ਨਹੀਂ, ਹਾਲ ਹੀ 'ਚ ਹੋਈਆਂ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ 'ਚ ਵੀ ਅੰਮ੍ਰਿਤਸਰ 'ਚ ਕਾਂਗਰਸ ਨੇ ਡੰਕਾ ਵਜਾਇਆ ਹੈ ਅਤੇ ਇਥੋਂ ਦੀਆਂ ਵੱਧ ਤੋਂ ਵੱਧ ਸੀਟਾਂ ਕਾਂਗਰਸ ਦੇ ਪੱਖ 'ਚ ਰਹੀਆਂ।