ਵਾਲ ਕਟਵਾਉਣ ਆਏ ਨੌਜਵਾਨ ’ਤੇ ਕੁਹਾੜੀ ਨਾਲ ਹਮਲਾ, ਲੱਤਾਂ ਤੋੜੀਆਂ, 2 ਗੱਡੀਆਂ ਦੇ ਸ਼ੀਸ਼ੇ ਭੰਨੇ

Sunday, Feb 02, 2025 - 07:25 AM (IST)

ਵਾਲ ਕਟਵਾਉਣ ਆਏ ਨੌਜਵਾਨ ’ਤੇ ਕੁਹਾੜੀ ਨਾਲ ਹਮਲਾ, ਲੱਤਾਂ ਤੋੜੀਆਂ, 2 ਗੱਡੀਆਂ ਦੇ ਸ਼ੀਸ਼ੇ ਭੰਨੇ

ਬਠਿੰਡਾ (ਵਰਮਾ) : ਸ਼ਹਿਰ ਦੀ 100 ਫੁੱਟ ਰੋਡ ’ਤੇ ਸ਼ਨੀਵਾਰ ਦੀ ਦੇਰ ਸ਼ਾਮ ਕੁਝ ਨੌਜਵਾਨਾਂ ਨੇ ਇਕ ਨੌਜਵਾਨ ਨੂੰ ਘੇਰ ਕੇ ਜ਼ਮੀਨ ’ਤੇ ਸੁੱਟ ਕੇ ਕੁਹਾੜੀ ਨਾਲ ਉਸ ਦੀਆਂ ਲੱਤਾਂ ’ਤੇ ਲਗਾਤਾਰ ਵਾਰ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਵਾਰਦਾਤ ਤੋਂ ਬਾਅਦ ਜਦੋਂ ਮੁਲਜ਼ਮ ਜਾ ਰਹੇ ਸਨ ਤਾਂ ਉਨ੍ਹਾਂ ਨੇ ਦੋ ਗੱਡੀਆਂ ਦੇ ਸ਼ੀਸ਼ੇ ਵੀ ਕੁਹਾੜੀ ਨਾਲ ਤੋੜ ਦਿੱਤੇ। ਗੰਭੀਰ ਜ਼ਖਮੀ ਨੌਜਵਾਨ ਜਸਦੀਪ ਸਿੰਘ ਵਾਸੀ ਗੋਨੀਆਣਾ ਨੂੰ ਤੁਰੰਤ ਹੀ ਨਜ਼ਦੀਕੀ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ, ਜਸਦੀਪ ਸਿੰਘ ਸ਼ਹਿਰ ਦੀ 100 ਫੁੱਟ ਰੋਡ ’ਤੇ ਇਕ ਦੁਕਾਨ ’ਚ ਵਾਲ ਕਟਵਾਉਣ ਲਈ ਆਇਆ ਸੀ। ਉੱਥੇ ਹੀ ਦੋ ਕਾਰਾਂ ’ਚ ਆਏ 8-10 ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਪਹਿਲਾਂ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਫਿਰ ਕੁਹਾੜੀ ਨਾਲ ਉਸ ਦੀਆਂ ਲੱਤਾਂ ’ਤੇ ਲਗਾਤਾਰ ਵਾਰ ਕੀਤੇ, ਜਿਸ ਨਾਲ ਉਸ ਦੀਆਂ ਲੱਤਾਂ ’ਤੇ ਕਈ ਗੰਭੀਰ ਕੱਟ ਲੱਗ ਗਏ। ਇਹ ਵਾਰਦਾਤ ਭੀੜ-ਭਾੜ ਵਾਲੇ ਇਲਾਕੇ ’ਚ ਹੋਈ, ਜਿਸ ਕਰ ਕੇ ਉੱਥੇ ਲੋਕ ਇਕੱਠੇ ਹੋ ਗਏ ਅਤੇ ਮੁਲਜ਼ਮ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਅਤੇ ਜਾਂਦੇ-ਜਾਂਦੇ ਉਨ੍ਹਾਂ ਨੇ ਨੇੜੇ ਖੜ੍ਹੀਆਂ ਦੋ ਗੱਡੀਆਂ ਦੇ ਸ਼ੀਸ਼ੇ ਵੀ ਤੋੜ ਦਿੱਤੇ। ਇਹ ਸਾਰੀ ਵਾਰਦਾਤ ਨੇੜਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ, ਜਿਸ ਨੂੰ ਪੁਲਸ ਨੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਬਸੰਤ ਪੰਚਮੀ ਮਨਾਉਣ ਜਾ ਰਹੇ ਦੋਸਤਾਂ ਨਾਲ ਰਸਤੇ 'ਚ ਵਾਪਰੀ ਅਣਹੋਣੀ, ਮੌਕੇ 'ਤੇ ਹੀ ਹੋ ਗਈ ਦਰਦਨਾਕ ਮੌਤ

ਗੰਭੀਰ ਜ਼ਖਮੀ ਜਸਦੀਪ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੱਸੀ ਹੈ। ਵਾਰਦਾਤ ਦੀ ਜਾਣਕਾਰੀ ਮਿਲਣ ’ਤੇ ਥਾਣਾ ਸਿਵਲ ਲਾਈਨਜ਼ ਪੁਲਸ, ਸੀ. ਆਈ. ਏ. ਸਟਾਫ ਅਤੇ ਐੱਸ. ਪੀ. ਸਿਟੀ ਨਰਿੰਦਰ ਸਿੰਘ ਮੌਕੇ ’ਤੇ ਪਹੁੰਚੇ ਅਤੇ ਸੀ. ਸੀ. ਟੀ. ਵੀ. ਵੀਡੀਓ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ।

ਜਿਸ ਥਾਂ ’ਤੇ ਇਹ ਵਾਰਦਾਤ ਹੋਈ, ਉੱਥੋਂ ਥੋੜ੍ਹੀ ਹੀ ਦੂਰੀ ’ਤੇ ਇਕ ਪੀ. ਸੀ. ਆਰ. ਪੁਅਇੰਟ ਵੀ ਹੈ ਪਰ ਵਾਰਦਾਤ ਦੌਰਾਨ ਕੋਈ ਵੀ ਪੀ. ਸੀ. ਆਰ. ਕਰਮਚਾਰੀ ਤੁਰੰਤ ਮੌਕੇ ’ਤੇ ਨਹੀਂ ਪਹੁੰਚਿਆ, ਜਿਸ ਕਾਰਨ ਪੁਲਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਸਰੋਤਾਂ ਮੁਤਾਬਕ, ਇਹ ਹਮਲਾ ਕਿਸੇ ਪੁਰਾਣੀ ਰੰਜਿਸ਼ ਦੇ ਚੱਲਦੇ ਹੀ ਕੀਤਾ ਗਿਆ। ਮੁਲਜ਼ਮ ਵੀ ਇਸੇ ਜ਼ਿਲ੍ਹੇ ਦੇ ਕਿਸੇ ਪਿੰਡ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਸ ਨੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਪੁਲਸ ਨੇ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News