40 ਕਰੋੜ ਦੀ ਕਾਰ ਪਾਰਕਿੰਗ ਬਣੀ ਚਿੱਟਾ ਹਾਥੀ
Monday, Mar 05, 2018 - 06:36 AM (IST)

ਅੰਮ੍ਰਿਤਸਰ, (ਨੀਰਜ)- ਅਪ੍ਰਤੱਖ ਰੂਪ ਨਾਲ ਰਾਜਨੀਤਕ ਤੇ ਅਫਸਰਸ਼ਾਹੀ ਦੀ ਦਖਲਅੰਦਾਜ਼ੀ ਕਹਿ ਦਿੱਤਾ ਜਾਵੇ ਜਾਂ ਫਿਰ ਘਟੀਆ ਪ੍ਰਬੰਧ। ਸੱਚ ਤਾਂ ਇਹ ਹੈ ਕਿ ਅਟਾਰੀ ਬਾਰਡਰ 'ਤੇ ਪਰੇਡ ਦੇਖਣ ਆਉਣ ਵਾਲੇ ਟੂਰਿਸਟਾਂ ਦਾ ਕਾਰ ਪਾਰਕਿੰਗ ਦੇ ਰੂਪ 'ਚ ਸ਼ਰੇਆਮ ਆਰਥਿਕ ਸ਼ੋਸ਼ਣ ਹੋ ਰਿਹਾ ਹੈ, ਜਦਕਿ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ 40 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਵ੍ਹੀਕਲ ਪਾਰਕਿੰਗ ਚਿੱਟੇ ਹਾਥੀ ਦਾ ਰੂਪ ਧਾਰਨ ਕਰ ਚੁੱਕੀ ਹੈ। ਬੀ. ਐੱਸ. ਐੱਫ. ਤੇ ਪਾਕਿਸਤਾਨ ਰੇਂਜਰਸ 'ਚ ਹੋਣ ਵਾਲੀ ਪਰੇਡ ਨੂੰ ਦੇਖਣ ਲਈ ਹਰ ਰੋਜ਼ ਦੇਸ਼-ਵਿਦੇਸ਼ ਤੋਂ 40 ਤੋਂ 50 ਹਜ਼ਾਰ ਟੂਰਿਸਟ ਅਟਾਰੀ ਬਾਰਡਰ 'ਤੇ ਆ ਰਹੇ ਹਨ ਪਰ ਸਰਕਾਰੀ ਪਾਰਕਿੰਗ ਦੀ ਸਹੂਲਤ ਨਾ ਹੋਣ ਕਾਰਨ ਉਨ੍ਹਾਂ ਨੂੰ ਪ੍ਰਾਈਵੇਟ ਪਾਰਕਿੰਗ 'ਚ ਆਪਣੇ ਵਾਹਨ ਖੜ੍ਹੇ ਕਰਨੇ ਪੈ ਰਹੇ ਹਨ ਅਤੇ ਪ੍ਰਾਈਵੇਟ ਪਾਰਕਿੰਗ ਵਾਲੇ ਸਰਕਾਰੀ ਫੀਸ ਤੋਂ ਕਈ ਗੁਣਾ ਵੱਧ ਪਾਰਕਿੰਗ ਫੀਸ ਵਸੂਲ ਰਹੇ ਹਨ। ਜਾਣਕਾਰੀ ਅਨੁਸਾਰ ਮਈ 2017 'ਚ ਇਸ ਪਾਰਕਿੰਗ ਦੀ ਉਸਾਰੀ ਕੀਤੀ ਗਈ ਅਤੇ ਟਰਾਇਲ ਵੀ ਕੀਤਾ ਗਿਆ, ਜੋ ਪੂਰੀ ਤਰ੍ਹਾਂ ਸਫਲ ਰਿਹਾ ਪਰ ਕੁਝ ਕਾਰਨਾਂ ਕਰ ਕੇ ਅਗਸਤ 2017 ਤੋਂ ਇਹ ਪਾਰਕਿੰਗ ਬੰਦ ਪਈ ਹੋਈ ਹੈ। ਇਸ ਨੂੰ ਸ਼ੁਰੂ ਨਹੀਂ ਕੀਤਾ ਜਾ ਰਿਹਾ, ਜਦਕਿ ਏਸ਼ੀਅਨ ਡਿਵੈਲਪਮੈਂਟ ਬੈਂਕ ਵੱਲੋਂ ਇਸ ਪਾਰਕਿੰਗ ਦੀ ਉਸਾਰੀ ਦੀ ਫੰਡਿੰਗ ਕੀਤੀ ਗਈ ਹੈ। ਵਿਦੇਸ਼ੀ ਬੈਂਕ ਤੋਂ ਨਿਵੇਸ਼ ਹੋਣ ਦੇ ਬਾਵਜੂਦ ਇਸ ਪਾਰਕਿੰਗ ਨੂੰ ਸ਼ੁਰੂ ਨਾ ਕੀਤਾ ਜਾਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ।
8 ਏਕੜ ਜ਼ਮੀਨ 'ਤੇ ਖੜ੍ਹੇ ਕੀਤੇ ਜਾ ਸਕਦੇ ਹਨ 1500 ਵਾਹਨ : ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ 8 ਏਕੜ ਜ਼ਮੀਨ 'ਤੇ ਇਸ ਵ੍ਹੀਕਲ ਪਾਰਕਿੰਗ ਦੀ ਉਸਾਰੀ ਕੀਤੀ ਗਈ ਹੈ, ਜਿਸ ਵਿਚ 1500 ਤੋਂ ਵੱਧ ਵਾਹਨ ਖੜ੍ਹੇ ਕੀਤੇ ਜਾ ਸਕਦੇ ਹਨ। ਪੰਜਾਬ ਸਰਕਾਰ ਵੱਲੋਂ ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਅਟਾਰੀ ਬਾਰਡਰ 'ਤੇ ਪਰੇਡ ਦੇਖਣ ਆਉਣ ਵਾਲੇ ਟੂਰਿਸਟਾਂ ਦੀ ਪ੍ਰਾਈਵੇਟ ਪਾਰਕਿੰਗ ਮਾਲਕਾਂ ਵੱਲੋਂ ਲੁੱਟ-ਖਸੁੱਟ ਕੀਤੀ ਜਾਂਦੀ ਸੀ। ਇਸ ਸਬੰਧੀ ਡੀ. ਸੀ. ਦਫਤਰ 'ਚ ਆਏ ਦਿਨ ਕੋਈ ਨਾ ਕੋਈ ਸ਼ਿਕਾਇਤ ਰਹਿੰਦੀ ਸੀ ਤੇ ਡੀ. ਸੀ. ਅਤੇ ਐੱਸ. ਡੀ. ਐੱਮ. ਵੱਲੋਂ ਇਸ ਤਰ੍ਹਾਂ ਦੇ ਮਾਮਲਿਆਂ ਦੀ ਜਾਂਚ ਕੀਤੇ ਜਾਣ ਤੋਂ ਬਾਅਦ ਪਾਰਕਿੰਗ ਦੀ ਸਰਕਾਰੀ ਫੀਸ ਤੈਅ ਕੀਤੀ ਗਈ ਪਰ ਫਿਰ ਵੀ ਪ੍ਰਾਈਵੇਟ ਪਾਰਕਿੰਗ ਵਾਲੇ ਮਨਮਾਨੀ ਢੰਗ ਨਾਲ ਪਾਰਕਿੰਗ ਫੀਸ ਦੀ ਵਸੂਲੀ ਕਰਦੇ ਸਨ, ਜਿਸ ਨੂੰ ਦੇਖਦਿਆਂ ਟੂਰਿਜ਼ਮ ਵਿਭਾਗ ਨੇ ਸਰਕਾਰੀ ਪਾਰਕਿੰਗ ਖੋਲ੍ਹਣ ਦਾ ਪ੍ਰਸਤਾਵ ਪੇਸ਼ ਕੀਤਾ, ਜਿਸ ਨੂੰ ਮਨਜ਼ੂਰ ਕਰ ਲਿਆ ਗਿਆ ਹੈ ਕਿਉਂਕਿ ਪਰੇਡ ਦੇਖਣ ਲਈ ਦੇਸ਼ ਦੇ ਕੋਨੇ-ਕੋਨੇ ਤੇ ਵਿਦੇਸ਼ਾਂ ਤੋਂ ਵੀ ਟੂਰਿਸਟ ਆ ਰਹੇ ਹਨ ਪਰ ਜਿਸ ਤਰ੍ਹਾਂ ਇਸ ਸਰਕਾਰੀ ਪਾਰਕਿੰਗ ਨੂੰ ਪਿਛਲੇ ਕਈ ਮਹੀਨਿਆਂ ਤੋਂ ਬੰਦ ਰੱਖਿਆ ਜਾ ਰਿਹਾ ਹੈ, ਉਹ ਪ੍ਰਬੰਧਕੀ ਲਾਪ੍ਰਵਾਹੀ ਵੱਲ ਇਸ਼ਾਰਾ ਕਰ ਰਿਹਾ ਹੈ ਤੇ ਇਸ ਵਿਚ ਰਾਜਨੀਤਕ ਦਖਲਅੰਦਾਜ਼ੀ ਦੀ ਵੀ ਬਦਬੂ ਆ ਰਹੀ ਹੈ। ਇਸ ਪਾਰਕਿੰਗ 'ਚ ਬੱਸ, ਟੈਂਪੂ ਟਰੈਵਲਰ, ਆਟੋਜ਼, ਕਾਰ, ਜੀਪ ਤੇ ਦੋਪਹੀਆ ਵਾਹਨ ਵੀ ਖੜ੍ਹੇ ਕੀਤੇ ਜਾ ਸਕਦੇ ਹਨ।
ਸੀਨੀਅਰ ਸਿਟੀਜ਼ਨ ਤੇ ਅੰਗਹੀਣਾਂ ਲਈ ਕਾਰਟਸ ਤੇ ਵ੍ਹੀਲ-ਚੇਅਰ ਦਾ ਵੀ ਪ੍ਰਬੰਧ : ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਪਾਰਕਿੰਗ ਦੇ ਪ੍ਰਾਜੈਕਟ 'ਚ ਸੀਨੀਅਰ ਸਿਟੀਜ਼ਨ ਤੇ ਅੰਗਹੀਣ ਲੋਕਾਂ ਦਾ ਵੀ ਕਾਫੀ ਖਿਆਲ ਰੱਖਿਆ ਗਿਆ ਹੈ ਅਤੇ ਇਨ੍ਹਾਂ ਲਈ ਕਾਰਟਸ ਤੇ ਵ੍ਹੀਲ-ਚੇਅਰ ਦੀ ਫ੍ਰੀ ਸਹੂਲਤ ਦਾ ਵੀ ਪ੍ਰਬੰਧ ਰੱਖਿਆ ਗਿਆ ਹੈ ਪਰ ਫਿਲਹਾਲ ਸਭ ਕੁਝ ਹਵਾ-ਹਵਾਈ ਹੀ ਚੱਲ ਰਿਹਾ ਹੈ।
ਟਾਇਲਟ ਤੇ ਪੀਣ ਵਾਲੇ ਪਾਣੀ ਦੀ ਸਹੂਲਤ : ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੀ ਪਾਰਕਿੰਗ 'ਚ ਸਰਕਾਰ ਵੱਲੋਂ ਟਾਇਲਟ ਤੇ ਪੀਣ ਵਾਲੇ ਪਾਣੀ ਦੀ ਵੀ ਸਹੂਲਤ ਰੱਖੀ ਗਈ ਹੈ। ਇਥੇ ਵਾਟਰ ਟਰੀਟਮੈਂਟ ਪਲਾਂਟ ਤੋਂ ਇਲਾਵਾ ਵਾਟਰ ਰੀਚਾਰਜਿੰਗ ਸਿਸਟਮ ਵੀ ਲਾਇਆ ਗਿਆ ਹੈ।
ਟੂਰਿਸਟ ਰਿਸੈਪਸ਼ਨ ਸੈਂਟਰ ਤੋਂ ਮਿਲੇਗੀ ਹਰ ਤਰ੍ਹਾਂ ਦੀ ਜਾਣਕਾਰੀ : ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਬਣਾਈ ਗਈ ਪਾਰਕਿੰਗ ਵਿਚ ਟੂਰਿਸਟ ਰਿਸੈਪਸ਼ਨ ਸੈਂਟਰ ਵੀ ਖੋਲ੍ਹਿਆ ਗਿਆ ਹੈ, ਜਿਥੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਟੂਰਿਸਟ ਅੰਮ੍ਰਿਤਸਰ ਦੇ ਹੋਰ ਟੂਰਿਸਟ ਸਪੌਟਸ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ ਪਰ ਜਦੋਂ ਤੱਕ ਇਸ ਪਾਰਕਿੰਗ ਨੂੰ ਖੋਲ੍ਹਿਆ ਨਹੀਂ ਜਾਂਦਾ ਹੈ ਉਦੋਂ ਤੱਕ ਇਹ ਸਹੂਲਤ ਵੀ ਕਿਸੇ ਕੰਮ ਦੀ ਨਹੀਂ ਹੈ। ਹਜ਼ਾਰਾਂ ਦੀ ਗਿਣਤੀ 'ਚ ਪਰੇਡ ਦੇਖਣ ਆਉਣ ਵਾਲੇ ਟੂਰਿਸਟ ਇਧਰ-ਉਧਰ ਭਟਕਦੇ ਫਿਰਦੇ ਹਨ ਅਤੇ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ।
ਪੰਜਾਬ ਸਰਕਾਰ ਦੇ ਰੈਵੇਨਿਊ ਨੂੰ ਵੀ ਕਰੋੜਾਂ ਦਾ ਨੁਕਸਾਨ : ਪਿਛਲੇ 8 ਮਹੀਨਿਆਂ ਤੋਂ ਬੰਦ ਪਈ ਇਸ ਸਰਕਾਰੀ ਪਾਰਕਿੰਗ ਕਾਰਨ ਸਰਕਾਰ ਨੂੰ ਵੀ ਕਰੋੜਾਂ ਦਾ ਨੁਕਸਾਨ ਹੋ ਚੁੱਕਾ ਹੈ। ਬੱਸ, ਕਾਰ, ਜੀਪ, ਟੈਂਪੂ ਟਰੈਵਲਰ ਤੇ ਥ੍ਰੀ-ਵ੍ਹੀਲਰ ਖੜ੍ਹੇ ਕਰਨ 'ਤੇ ਵਸੂਲੀ ਜਾਣ ਵਾਲੀ ਫੀਸ ਸਰਕਾਰ ਨੂੰ ਹੀ ਮਿਲਣੀ ਸੀ ਪਰ ਅਜੇ ਤੱਕ ਇਹ ਸਰਕਾਰ ਦੇ ਖਾਤੇ 'ਚ ਨਹੀਂ ਗਈ ਤੇ ਪ੍ਰਾਈਵੇਟ ਪਾਰਕਿੰਗ ਵਾਲੇ ਗੈਰ-ਕਾਨੂੰਨੀ ਵਸੂਲੀ ਕਰਨ 'ਤੇ ਲੱਗੇ ਹੋਏ ਹਨ।
ਪਾਰਕਿੰਗ 'ਚ ਸੀ. ਸੀ. ਟੀ. ਵੀ. ਕੈਮਰਿਆਂ ਦੀ ਕਮੀ ਵੀ ਹੋਈ : ਪੰਜਾਬ ਸਰਕਾਰ ਵੱਲੋਂ ਇਸ ਪਾਰਕਿੰਗ 'ਚ ਜਦੋਂ ਟਰਾਇਲ ਕੀਤਾ ਗਿਆ ਤਾਂ ਸੁਰੱਖਿਆ ਏਜੰਸੀਆਂ ਨੇ ਪਾਰਕਿੰਗ 'ਚ ਸੀ. ਸੀ. ਟੀ. ਵੀ. ਕੈਮਰੇ ਨਾ ਲੱਗੇ ਹੋਣ ਦਾ ਮੁੱਦਾ ਚੁੱਕਿਆ ਤੇ ਪਾਰਕਿੰਗ ਦੀਆਂ ਕੰਧਾਂ ਨੂੰ ਵੀ ਉੱਚਾ ਕਰਨ ਲਈ ਕਿਹਾ ਸੀ, ਜਿਸ ਨੂੰ ਉਸ ਸਮੇਂ ਦੂਰ ਕਰ ਲਿਆ ਗਿਆ ਸੀ ਪਰ ਇੰਨੇ ਮਹੀਨੇ ਬੀਤਣ ਤੋਂ ਬਾਅਦ ਵੀ ਸਰਕਾਰੀ ਪਾਰਕਿੰਗ ਨੂੰ ਸ਼ੁਰੂ ਨਹੀਂ ਕੀਤਾ ਜਾ ਰਿਹਾ।