ਖੰਨਾ ਵਿਖੇ ਚੱਲਦੇ ਆਟੋ ਨੂੰ ਲੱਗੀ ਭਿਆਨਕ ਅੱਗ, ਡਰਾਈਵਰ ਅਤੇ 6 ਸਵਾਰੀਆਂ ਨੇ ਮਸਾਂ ਬਚਾਈ ਜਾਨ
Thursday, Apr 06, 2023 - 02:07 PM (IST)
ਖੰਨਾ (ਵਿਪਨ)- ਖੰਨਾ 'ਚ ਬੀਤੀ ਰਾਤ ਅਮਲੋਹ ਰੋਡ 'ਤੇ ਸਵਾਰੀਆਂ ਨਾਲ ਭਰਿਆ ਇਕ ਆਟੋ ਬਰਨਿੰਗ ਆਟੋ ਬਣ ਗਿਆ। ਕੁਝ ਹੀ ਦੇਰ ਵਿੱਚ ਆਟੋ ਵਿੱਚ ਲੱਗੀ ਅੱਗ ਫੈਲ ਗਈ। 6 ਸਵਾਰੀਆਂ ਅਤੇ ਆਟੋ ਦੇ ਡਰਾਈਵਰ ਨੇ ਆਟੋ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਆਸ-ਪਾਸ ਦੇ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਾ ਹੋਣ 'ਤੇ ਨੇੜੇ ਦੇ ਫਾਇਰ ਸਟੇਸ਼ਨ ਨੂੰ ਸੂਚਨਾ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਆਟੋ ਕਾਫ਼ੀ ਹੱਦ ਤੱਕ ਸੜ ਕੇ ਸੁਆਹ ਹੋ ਚੁੱਕਾ ਸੀ।
ਆਟੋ ਚਾਲਕ ਮੁਹੰਮਦ ਸ਼ਮੀਲ ਨੇ ਦੱਸਿਆ ਕਿ ਉਹ ਆਟੋ ਵਿੱਚ ਕਰੀਬ 6 ਸਵਾਰੀਆਂ ਲੈ ਕੇ ਖੰਨਾ ਵੱਲ ਆ ਰਿਹਾ ਸੀ। ਆਟੋ ਵਿੱਚ ਬੈਠੇ ਲੋਕ ਪੇਂਟ ਦਾ ਕੰਮ ਕਰਦੇ ਹਨ। ਉਨ੍ਹਾਂ ਕੋਲ ਥਿਨਰ ਸੀ, ਜੋ ਆਟੋ ਦੇ ਇੰਜਣ 'ਤੇ ਡਿੱਗਦਾ ਰਿਹਾ। ਰਸਤੇ ਵਿੱਚ ਕੁਝ ਦੂਰ ਜਾ ਕੇ ਸੀ. ਐੱਨ. ਜੀ. ਆਟੋ ਦੇ ਇੰਜਣ ’ਤੇ ਥਿਨਰ ਡਿੱਗਣ ਕਾਰਨ ਅੱਗ ਲੱਗ ਗਈ। ਇਸ ਅੱਗ 'ਚ ਕਾਫ਼ੀ ਨੁਕਸਾਨ ਹੋਇਆ ਹੈ, ਆਟੋ 'ਚ ਸਵਾਰ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਮੌਕੇ 'ਤੇ ਮੌਜੂਦ ਜਸਵਿੰਦਰ ਸਿੰਘ, ਕੁੰਦਨ ਕੁਮਾਰ ਨੇ ਦੱਸਿਆ ਕਿ ਸੜਕ 'ਤੇ ਜਾ ਰਹੇ ਆਟੋ ਨੂੰ ਅਚਾਨਕ ਅੱਗ ਲੱਗ ਗਈ। ਅੱਗ ਦੇ ਫੈਲਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ।
ਇਹ ਵੀ ਪੜ੍ਹੋ : ਪੰਜਾਬ 'ਚ ਸਸਤੀ ਹੋਈ ਬੀਅਰ, ਅੱਜ ਤੋਂ ਲਾਗੂ ਹੋਈਆਂ ਨਵੀਆਂ ਕੀਮਤਾਂ
ਫਾਇਰ ਸਟੇਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਐੱਨ. ਐੱਚ. ਵਨ ਸਾਈਡ ਤੋਂ ਜੀ. ਟੀ. ਰੋਡ ’ਤੇ ਸੜਕ ਕਿਨਾਰੇ ਗਰਿੱਲਾਂ ਨੂੰ ਪੇਂਟ ਕਰਨ ਦਾ ਕੰਮ ਚੱਲ ਰਿਹਾ ਹੈ। ਉੱਥੇ ਲੱਗੇ ਮਜ਼ਦੂਰ ਇਕ ਆਟੋ ਵਿੱਚ ਆ ਰਹੇ ਸਨ। ਪੇਂਟ 'ਚ ਵਰਤਿਆ ਜਾਣ ਵਾਲਾ ਥਿਨਰ ਅਤੇ ਹੋਰ ਸਮਾਨ ਲੀਕ ਹੋ ਕੇ ਇੰਜਣ 'ਤੇ ਡਿੱਗ ਗਿਆ, ਜਿਸ ਕਾਰਨ ਆਟੋ ਨੂੰ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ 'ਤੇ ਕਾਬੂ ਪਾ ਲਿਆ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਇਹ ਵੀ ਪੜ੍ਹੋ : ਗਰਮਾਈ ਜਲੰਧਰ 'ਚ ਸਿਆਸਤ: ਸੁਸ਼ੀਲ ਰਿੰਕੂ ਦੀ ‘ਆਪ’ ’ਚ ਐਂਟਰੀ ਨਾਲ ਬਦਲੇ ਸਿਆਸੀ ਸਮੀਕਰਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।