ਸਿਹਤ ਵਿਭਾਗ ਦੀ ਟੀਮ ਨੇ ਡੇਂਗੂ ਦਾ ਲਾਰਵਾ ਪਾਏ ਜਾਣ ''ਤੇ ਕੱਟੇ ਚਲਾਨ

07/22/2017 1:35:51 AM

ਹੁਸ਼ਿਆਰਪੁਰ, (ਘੁੰਮਣ)- ਡੇਂਗੂ ਦੀ ਬੀਮਾਰੀ ਤੋਂ ਬਚਾਅ ਲਈ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਵਿਭਾਗ ਵੱਲੋਂ ਜਿੱਥੇ ਲਗਾਤਾਰ ਆਮ ਲੋਕਾਂ ਵਿਚ ਸੈਮੀਨਾਰਾਂ, ਵਰਕਸ਼ਾਪਾਂ ਅਤੇ ਮੀਟਿੰਗਾਂ ਰਾਹੀਂ ਡੇਂਗੂ ਮੱਛਰ ਦੀ ਪੈਦਾਵਾਰ ਤੋਂ ਰੋਕਥਾਮ ਲਈ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਨਗਰ ਨਿਗਮ ਦੇ ਸਹਿਯੋਗ ਨਾਲ ਡੇਂਗੂ ਦਾ ਲਾਰਵਾ ਪਾਏ ਜਾਣ 'ਤੇ ਚਲਾਨ ਵੀ ਕੱਟੇ ਜਾ ਰਹੇ ਹਨ। ਇਸ ਸਬੰਧੀ ਅੱਜ ਸਿਵਲ ਸਰਜਨ ਹੁਸ਼ਿਆਰਪੁਰ ਡਾ. ਨਰਿੰਦਰ ਕੌਰ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲਾ ਸਿਹਤ ਅਫ਼ਸਰ ਡਾ. ਸੇਵਾ ਸਿੰਘ ਹੁਕਮਾਂ ਤਹਿਤ ਸਿਹਤ ਵਿਭਾਗ ਅਤੇ ਮਿਊਂਸੀਪਲ ਕਾਰਪੋਰੇਸ਼ਨ ਦੀ ਸਾਂਝੀ ਗਠਿਤ ਕੀਤੀ ਗਈ ਟੀਮ ਵੱਲੋਂ ਮੁਹੱਲਾ ਕ੍ਰਿਸ਼ਨਾ ਨਗਰ ਦਾ ਦੌਰਾ ਕੀਤਾ ਗਿਆ ਤੇ ਚਲਾਨ ਕੱਟੇ ਗਏ। ਇਸ ਮੌਕੇ ਕ੍ਰਿਸ਼ਨਾ ਨਗਰ ਦੇ ਕੌਂਸਲਰ ਬ੍ਰਹਮ ਸ਼ੰਕਰ ਜਿੰਪਾ ਨੇ ਮੌਕੇ 'ਤੇ ਪਹੁੰਚ ਕੇ ਮੁਹੱਲਾ ਕ੍ਰਿਸ਼ਨਾ ਨਗਰ ਅਤੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਸ਼ੁੱਕਰਵਾਰ ਆਪਣੇ ਘਰਾਂ ਦੇ ਕੂਲਰਾਂ ਦਾ ਪਾਣੀ ਸੁਕਾ ਕੇ ਸਾਫ ਕੀਤਾ ਜਾਵੇ ਅਤੇ ਆਲੇ-ਦੁਆਲੇ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ਤਾਂ ਜੋ ਮੱਛਰ ਦਾ ਲਾਰਵਾ ਪੈਦਾ ਨਾ ਹੋਵੇ ਅਤੇ ਡੇਂਗੂ ਦੇ ਡੰਗ ਤੋਂ ਬਚਿਆ ਜਾ ਸਕੇ । ਉਨ੍ਹਾਂ ਸਿਹਤ ਵਿਭਾਗ ਦੀ ਟੀਮ ਨੂੰ ਸਹਿਯੋਗ ਦਿੰਦੇ ਹੋਏ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜੇਕਰ ਕਿਸੇ ਦੇ ਕੂਲਰ ਜਾਂ ਘਰਾਂ ਦੇ ਆਲੇ-ਦੁਆਲੇ ਪਾਣੀ 'ਚੋਂ ਡੇਂਗੂ ਦੀ ਬੀਮਾਰੀ ਫੈਲਾਉਣ ਵਾਲਾ ਮੱਛਰ ਅਤੇ ਲਾਰਵਾ ਮਿਲਿਆ ਤਾਂ ਉਹ ਖੁਦ ਚਲਾਨ ਕਟਵਾਉਣਗੇ। ਇਸ ਦੌਰਾਨ ਡਾ. ਸੈਲੇਸ਼ ਕੁਮਾਰ, ਹੈਲਥ ਇੰਸਪੈਕਟਰ ਪ੍ਰਿਤਪਾਲ ਸਿੰਘ, ਗਗਨਦੀਪ, ਰਿੰਕੂ ਅਤੇ ਗਠਿਤ ਟੀਮਾਂ ਦੇ ਮਿਊਂਸੀਪਲ ਕਾਰਪੋਰੇਸ਼ਨ ਦੇ ਮੁਲਾਜ਼ਮ ਵੀ ਹਾਜ਼ਰ ਸਨ।


Related News