ਤੇਜ਼ ਰਫਤਾਰ ਟਰੱਕ ਨੇ ਛੋਟਾ ਹਾਥੀ ਅਤੇ ਬੱਸ ਨੂੰ ਮਾਰੀ ਟੱਕਰ, ਟਰੱਕ ਚਾਲਕ ਫਰਾਰ

07/03/2017 5:56:41 PM

ਗੁਰਦਾਸਪੁਰ – ਐਤਵਾਰ ਦੇਰ ਸ਼ਾਮ ਗੁਰਦਾਸਪੁਰ-ਮੁਕੇਰੀਆ ਰੋਡ ਪਿੰਡ ਪਾਹੜਾ ਮੋੜ 'ਤੇ ਇਕ ਤੇਜ਼ ਰਫਤਾਰ ਟਰੱਕ ਵੱਲੋਂ ਛੋਟੇ ਹਾਥੀ, ਬੱਸ ਅਤੇ ਇਕ ਟਰੱਕ ਨੂੰ ਜ਼ੋਰਦਾਰ ਟੱਕਰ ਮਾਰਨ ਦਾ ਸਮਾਚਾਰ ਹੈ। ਜਦਕਿ ਟਰੱਕ ਚਾਲਕ ਮੌਕੇ 'ਤੋਂ ਫਰਾਰ ਹੋ ਗਿਆ। ਹਾਦਸੇ 'ਚ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ, ਜਦਕਿ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਜ਼ਖਮੀਆਂ ਨੂੰ ਲੋਕਾਂ ਵੱਲੋਂ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਹ ਇਲਾਜ ਅਧੀਨ ਹਨ। ਜਦ ਬੱਸ ਹਾਦਸੇ ਦਾ ਸ਼ਿਕਾਰ ਹੋਈ ਸੀ ਉਸ ਸਮੇਂ ਬੱਸ ਸਵਾਰੀਆਂ ਨਾਲ ਭਰੀ ਹੋਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਤਿੱਬੜ ਦੀ ਪੁਲਸ ਘਟਨਾ ਸਥਾਨ 'ਤੇ ਪਹੁੰਚ ਗਈ। ਹਾਦਸਾ ਹੋਣ ਤੋਂ ਬਾਅਦ ਕਰੀਬ ਡੇਢ ਘੰਟਾ ਤੱਕ ਮੁਕੇਰੀਆ-ਗੁਰਦਾਸਪੁਰ ਰੋਡ ਜਾਮ ਰਿਹਾ, ਜਿਸ ਨਾਲ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। 
ਜਾਣਕਾਰੀ ਅਨੁਸਾਰ ਘਟਨਾ ਸਥਾਨ 'ਤੇ ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਗੁਰਦਾਸਪੁਰ-ਮੁਕੇਰੀਆਂ ਰੋਡ 'ਤੇ ਪਿੰਡ ਪਾਹੜਾ ਮੋੜ 'ਤੇ ਇਕ ਰੋਹਤਕ ਕੰਪਨੀ ਦੀ ਬੱਸ ਮੁਕੇਰੀਆਂ ਤੋਂ ਗੁਰਦਾਸਪੁਰ ਜਾ ਰਹੀ ਸੀ। ਜਦਕਿ ਦੂਜੇ ਪਾਸੇ ਇਕ ਤੇਜ਼ ਰਫਤਾਰ ਟਰੱਕ ਆਪਣਾ ਸੰਤੁਲਨ ਖੋ ਕੇ ਤੇਜ਼ੀ ਨਾਲ ਗੁਰਦਾਸਪੁਰ ਆ ਰਿਹਾ ਸੀ। ਇਸ ਦੌਰਾਨ ਪਿੰਡ ਪਾਹੜਾ ਦੇ ਬਾਹਰ ਛੋਟਾ ਹਾਥੀ ਨੰ. ਪੀ.ਬੀ.12 ਕਿਊ 9109 ਸਵਾਰੀਆਂ ਲਾਹੁਣ ਲਈ ਰੁਕਿਆ ਤਾਂ ਮੁਕੇਰੀਆਂ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਛੋਟੇ ਹਾਥੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਛੋਟਾ ਹਾਥੀ ਸਾਹਮਣਿਓਂ ਆ ਰਹੀ ਬੱਸ ਨੰਬਰ ਪੀ.ਬੀ. 02 ਪੀ.ਆਰ. 9144 ਨਾਲ ਜਾ ਵੱਜੀ। ਜਦੋਂ ਇਹ ਘਟਨਾ ਹੋਈ ਉਦੋਂ ਬੱਸ ਸਵਾਰੀਆਂ ਨਾਲ ਖਚਾਖਚ ਭਰੀ ਹੋਈ ਸੀ। ਉਕਤ ਟਰੱਕ ਚਾਲਕ ਨੇ ਬੱਸ ਦੇ ਕੋਲੋਂ ਲੰਘ ਰਹੇ ਇਕ ਟਰੱਕ ਨੰ. ਪੀ.ਬੀ. 02 ਏ.ਵੀ 9677 ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਟਰੱਕ ਦਾ ਅਗਲਾ ਸ਼ੀਸ਼ਾ ਅਤੇ ਸਾਈਡ ਬੁਰੀ ਤਰ੍ਹਾਂ ਨਾਲ ਟੁੱਟ ਗਿਆ। 
ਕੀ ਕਹਿਣਾ ਹੈ ਹਾਦਸੇ ਦਾ ਸ਼ਿਕਾਰ ਹੋਏ ਵਾਹਨ ਚਾਲਕਾਂ ਦਾ              
ਇਸ ਸਬੰਧੀ ਜਾਣਕਾਰੀ ਦਿੰਦਿਆਂ ਛੋਟਾ ਹਾਥੀ ਦੇ ਮਾਲਕ ਪ੍ਰਦੀਪ ਕੁਮਾਰ ਪੁੱਤਰ ਬਨਾਰਸੀ ਲਾਲ ਵਾਸੀ ਨਵਾਂ ਲਿੱਤਰ, ਟਰੱਕ ਚਾਲਕ ਗੁਰਵੀਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਤਰਨਤਾਰਨ ਅਤੇ ਬੱਸ ਡਰਾਈਵਰ ਮਨਦੀਪ ਸਿੰਘ ਨੇ ਦੱਸਿਆ ਕਿ ਟਰੱਕ ਚਾਲਕ ਕਾਫੀ ਤੇਜ਼ ਨਾਲ ਗੁਰਦਾਸਪੁਰ ਵੱਲ ਨੂੰ ਆ ਰਿਹਾ ਸੀ। ਜਦਕਿ ਟਰੱਕ ਦੀ ਰਫਤਾਰ ਤੋਂ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਡਰਾਈਵਰ ਨੇ ਕੋਈ ਨਸ਼ਾ ਕੀਤਾ ਹੋਵੇ। ਪਿੰਡ ਪਾਹੜਾ ਦੇ ਬਾਹਰ ਸਥਿਤ ਇਕ ਕਲੋਨੀ ਦੇ ਸੜਕ 'ਤੇ ਪੈਦਲ ਜਾ ਰਹੇ ਸੋਨੂੰ ਅਤੇ ਪੰਮਾ ਨਾਮਕ ਦੋ ਵਿਅਕਤੀਆਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।


Related News