ਸ਼ਹਿਰੀ ਬੇਘਰੇ ਮਜ਼ਦੂਰ ਟਰੇਡ ਯੂਨੀਅਨ ਵੱਲੋਂ ਰੋਸ ਰੈਲੀ, ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
Wednesday, Sep 13, 2017 - 04:01 AM (IST)
ਬਟਾਲਾ, (ਬੇਰੀ)- ਅੱਜ ਸ਼ਹਿਰੀ ਗਰੀਬ ਬੇਘਰੇ ਮਜ਼ਦੂਰ ਟਰੇਡ ਯੂਨੀਅਨ ਦੀ ਇਕ ਰੋਸ ਰੈਲੀ ਪੰਜਾਬ ਜਨਰਲ ਸਕੱਤਰ ਨਿਰਮਲਜੀਤ ਕੌਰ ਦੀ ਅਗਵਾਈ ਵਿਚ ਪੰਜਾਬ ਪ੍ਰਧਾਨ ਮਨਜੀਤ ਰਾਜ ਦੇ ਗ੍ਰਹਿ ਸ਼ੁਕਰਪੁਰਾ ਵਿਖੇ ਹੋਈ, ਜਿਸ ਵਿਚ ਉਚੇਚੇ ਤੌਰ 'ਤੇ ਸੁਰਜੀਤ ਕੌਰ ਨੇ ਸ਼ਿਰਕਤ ਕੀਤੀ ਤੇ ਉਨ੍ਹਾਂ ਨਾਲ ਸ਼ਮਾ ਚੈਨ, ਰਾਜ ਕੁਮਾਰ, ਜਗਦੀਸ਼ ਕੌਰ, ਪਿਆਰਾ ਲਾਲ, ਰਾਮ ਮੂਰਤੀ, ਤੇਜਪਾਲ, ਮਹਿੰਦਰ ਕੌਰ, ਪ੍ਰਕਾਸ਼ ਕੌਰ, ਜਸਵਿੰਦਰ ਕੌਰ, ਦਵਿੰਦਰ ਕੌਰ, ਵੀਨਾ ਅਤੇ ਆਂਗਣਵਾੜੀ ਦੇ ਪ੍ਰਧਾਨ ਗਿਆਨ ਕੌਰ ਅਤੇ ਹੋਰ ਸੈਂਕੜੇ ਮੈਂਬਰ ਸ਼ਾਮਲ ਹੋਏ। ਇਸ ਦੌਰਾਨ ਆਪਣੀ ਇਕ ਸਥਾਈ ਛੱਤ ਦੀ ਮੰਗ ਨੂੰ ਲੈ ਕੇ ਯੂਨੀਅਨ ਆਗੂਆਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ।
ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਮਨਜੀਤ ਰਾਜ ਨੇ ਕਿਹਾ ਕਿ ਜਦੋਂ ਤੋਂ ਕਾਂਗਰਸ ਸਰਕਾਰ ਬਣੀ ਹੈ ਉਦੋਂ ਤੋਂ ਹੀ ਗਰੀਬ ਵਰਗ ਨੂੰ ਦੋ ਟਾਈਮ ਦੀ ਰੋਟੀ ਦੇ ਲਾਲੇ ਪਏ ਹੋਏ ਹਨ ਅਤੇ ਸਰਕਾਰ ਨੇ ਚੋਣਾਂ ਦੌਰਾਨ ਬੇਘਰਿਆਂ ਨੂੰ ਮਕਾਨ ਬਣਾ ਕੇ ਦੇਣ ਦਾ ਜੋ ਵਾਅਦਾ ਕੀਤਾ ਸੀ, ਉਸਨੂੰ ਵੀ ਪੂਰਾ ਕਰਨ ਵਿਚ ਵੀ ਸਰਕਾਰ ਟਾਲ-ਮਟੋਲ ਕਰ ਰਹੀ ਹੈ, ਜਿਸ ਕਰਕੇ ਗਰੀਬ ਬੇਘਰਿਆਂ ਵਿਚ ਸਰਕਾਰ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਸਰਕਾਰ ਨੂੰ ਇਸ ਸਬੰਧੀ ਜਾਣੂ ਕਰਵਾ ਚੁੱਕੇ ਹਾਂ ਪਰ ਸਰਕਾਰ ਵੱਲੋਂ ਹੁਣ ਤੱਕ ਗਰੀਬ ਬੇਘਰਿਆਂ ਨੂੰ ਮਕਾਨ ਨਹੀਂ ਬਣਾ ਕੇ ਦਿੱਤੇ ਗਏ। ਪ੍ਰਧਾਨ ਮਨਜੀਤ ਰਾਜ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਇਕ ਮਹੀਨੇ ਦੇ ਅੰਦਰ-ਅੰਦਰ ਕੋਈ ਠੋਸ ਜਵਾਬ ਨਾ ਦਿੱਤਾ ਤਾਂ ਬੇਘਰੇ ਯੂਨੀਅਨ ਵੱਲੋਂ ਭੁੱਖ ਹੜਤਾਲ ਅਣਮਿੱਥੇ ਸਮੇਂ ਲਈ ਹੋਵੇਗੀ।
