ਆੜ੍ਹਤੀਆਂ ਬਠਿੰਡਾ-ਬਰਨਾਲਾ ਰੋਡ ''ਤੇ ਧਰਨਾ ਲਾ ਕੇ ਕੀਤਾ ਰੋਸ ਪ੍ਰਦਰਸ਼ਨ
Sunday, Aug 13, 2017 - 05:23 AM (IST)
ਰਾਮਪੁਰਾ ਫੂਲ, (ਰਜਨੀਸ਼)- ਪਿਛਲੇ ਦਿਨੀਂ ਪਿੰਡ ਜਿਉਂਦ ਵਿਖੇ ਕਰਜ਼ੇ ਤੋਂ ਤੰਗ ਇਕ ਕਿਸਾਨ ਵੱਲੋਂ ਆਤਮ-ਹੱਤਿਆ ਕਰਨ ਤੋਂ ਬਾਅਦ ਰਾਮਪੁਰਾ ਫੂਲ ਦੇ ਇਕ ਆੜ੍ਹਤੀਏ ਉਪਰ ਮਾਮਲਾ ਦਰਜ ਕੀਤੇ ਜਾਣ ਦੇ ਵਿਰੋਧ 'ਚ ਅੱਜ ਸਥਾਨਕ ਸ਼ਹਿਰ ਦੇ ਆੜ੍ਹਤੀਆਂ ਵੱਲੋਂ ਬਠਿੰਡਾ-ਬਰਨਾਲਾ ਸੜਕ 'ਤੇ ਧਰਨਾ ਦਿੱਤਾ ਗਿਆ ।
ਉਧਰ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਆੜ੍ਹਤੀਏ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਦੁਪਹਿਰ ਪਿੰਡ ਜੇਠੂਕੇ ਕੋਲ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ । ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਿੰਡ ਜਿਉਂਦ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਇਕ ਕਿਸਾਨ ਵੱਲੋਂ ਆਤਮ-ਹੱਤਿਆ ਕਰ ਲਈ ਗਈ ਸੀ । ਮ੍ਰਿਤਕ ਕਿਸਾਨ ਦੀ ਜੇਬ 'ਚੋਂ ਮਿਲੇ ਸੁਸਾਈਡ ਨੋਟ ਦੇ ਆਧਾਰ 'ਤੇ ਪੁਲਸ ਨੇ ਥਾਣਾ ਰਾਮਪੁਰਾ ਫੂਲ ਵਿਖੇ ਆੜ੍ਹਤੀ ਸੁਰੇਸ਼ ਬਾਹੀਆ ਖਿਲਾਫ ਮਾਮਲਾ ਦਰਜ ਕਰ ਲਿਆ ਸੀ ।
ਪੁਲਸ ਵੱਲੋਂ ਆੜ੍ਹਤੀਏ ਉਪਰ ਮਾਮਲਾ ਦਰਜ ਕਰਨ ਦੇ ਰੋਸ ਵਜੋਂ ਸ਼ਹਿਰ ਦੀਆਂ ਵੱਖ-ਵੱਖ ਵਪਾਰਕ ਜਥੇਬੰਦੀਆਂ ਦੁਆਰਾ ਸ਼ੁੱਕਰਵਾਰ ਨੂੰ ਸਥਾਨਕ ਸ਼ਹਿਰ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰੱਖ ਕੇ ਬਾਅਦ ਦੁਪਹਿਰ ਬਠਿੰਡਾ-ਬਰਨਾਲਾ ਨੈਸ਼ਨਲ ਹਾਈਵੇ ਉਪਰ ਜਾਮ ਲਾ ਦਿੱਤਾ ਗਿਆ ਸੀ । ਇਸ ਦੌਰਾਨ ਮਾਮਲੇ ਦਾ ਹੱਲ ਨਾ ਹੋਣ 'ਤੇ ਸ਼ਹਿਰ ਦੇ ਵਪਾਰਕ ਸੰਗਠਨਾਂ ਵੱਲੋਂ ਅੱਜ ਦੂਜੇ ਦਿਨ ਵੀ ਤਿੰਨ ਘੰਟੇ ਲਈ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ।
ਇਸ ਮੌਕੇ ਆੜ੍ਹਤੀਆ ਅਤੇ ਵਪਾਰਕ ਸੰਗਠਨਾਂ ਦੇ ਆਗੂਆਂ ਸੰਜੀਵ ਟੀਨਾ, ਜੱਸੀ ਬਾਬਾ, ਰਕੇਸ਼ ਸਹਾਰਾ, ਅਸ਼ੋਕ ਆੜ੍ਹਤੀਆ, ਮਹੇਸ਼ ਰਿਕਾ, ਅਮਰਜੀਤ ਸ਼ਰਮਾ, ਸੁਰਿੰਦਰ ਜੌੜਾ ਨੇ ਕਿਹਾ ਕਿ ਉਕਤ ਮਾਮਲਾ ਮਾਣਯੋਗ ਅਦਾਲਤ 'ਚ ਵਿਚਾਰ ਅਧੀਨ ਹੋਣ ਦੇ ਬਾਵਜੂਦ ਪੁਲਸ ਵੱਲੋਂ ਮਾਮਲੇ ਦੀ ਪੜਤਾਲ ਕੀਤੇ ਬਿਨਾਂ ਸੁਰੇਸ਼ ਬਾਹੀਆ ਉਪਰ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਜੇਕਰ ਪੁਲਸ ਵੱਲੋਂ ਮਾਮਲਾ ਰੱਦ ਨਾ ਕੀਤਾ ਗਿਆ ਤਾਂ ਉਹ ਤਿੱੱਖੇ ਸੰਘਰਸ਼ ਲਈ ਮਜਬੂਰ ਹੋਣਗੇ ।
ਉਧਰ ਦੂਜੇ ਪਾਸੇ ਆੜ੍ਹਤੀ ਸੁਰੇਸ਼ ਬਾਹੀਆ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਦੁਪਹਿਰ ਜੇਠੂਕੇ ਡਰੇਨ ਕੋਲ ਸੜਕ ਜਾਮ ਕੀਤੀ ਗਈ।
