ਸਾਬਕਾ MP ਮਹਿੰਦਰ ਕੇਪੀ ਦੇ ਬੇਟੇ ਦੀ ਮੌਤ ਦੇ ਮਾਮਲੇ ''ਚ ਇਕ ਨਵਾਂ ਮੋੜ, ਗ੍ਰੈਂਡ ਵਿਟਾਰਾ ਕਾਰ ਦੇ ਮਾਲਕ ਨੇ ...
Wednesday, Sep 17, 2025 - 11:43 AM (IST)

ਜਲੰਧਰ (ਮ੍ਰਿਦੁਲ)–ਸ਼ਨੀਵਾਰ ਦੀ ਰਾਤ ਨੂੰ ਜਲੰਧਰ ਦੇ ਮਾਡਲ ਟਾਊਨ ਵਿਚ ਵਾਪਰੇ ਸੜਕ ਹਾਦਸੇ ਵਿਚ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ ਬੇਟੇ ਰਿਚੀ ਕੇਪੀ ਦੀ ਮੌਤ ਦੇ ਮਾਮਲੇ ਨੇ ਫਿਰ ਨਵਾਂ ਮੋੜ ਲੈ ਲਿਆ ਹੈ। ਪੁਲਸ ਵੱਲੋਂ ਕ੍ਰੇਟਾ ਅਤੇ ਗ੍ਰੈਂਡ ਵਿਟਾਰਾ ਕਾਰ ਚਾਲਕਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਵਿਟਾਰਾ ਕਾਰ ਚਾਲਕ ਦਾ ਪਰਿਵਾਰ ਮੀਡੀਆ ਦੇ ਸਾਹਮਣੇ ਆਇਆ ਅਤੇ ਪੁਲਸ ਦੀ ਜਾਂਚ ’ਤੇ ਗੰਭੀਰ ਸਵਾਲ ਉਠਾਏ।
ਇਹ ਵੀ ਪੜ੍ਹੋ: ਸਾਬਕਾ MP ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਇਸ ਐਂਟਰਪ੍ਰਾਈਜ਼ਿਜ਼ ਦੇ ਮਾਲਕ ਨੇ...
ਵਿਟਾਰਾ ਕਾਰ ਚਾਲਕ ਦੀ ਮਾਂ ਸੁਧਾ ਕਪੂਰ ਨੇ ਦੱਸਿਆ ਕਿ ਹਾਦਸਾ ਮਾਤਾ ਰਾਣੀ ਚੌਂਕ ਵਿਚ ਹੋਇਆ। ਕ੍ਰੇਟਾ ਗੱਡੀ ਨੇ ਪਹਿਲਾਂ ਫਾਰਚਿਊਨਰ ਨੂੰ ਟੱਕਰ ਮਾਰੀ, ਜਿਸ ਤੋਂ ਬਾਅਦ ਫਾਰਚਿਊਨਰ ਘੁੰਮ ਕੇ ਉਨ੍ਹਾਂ ਦੀ ਵਿਟਾਰਾ ਗੱਡੀ ਨਾਲ ਟਕਰਾ ਗਈ। ਇਸ ਦੌਰਾਨ ਉਨ੍ਹਾਂ ਦੀ ਗੱਡੀ ਵਿਚ ਉਨ੍ਹਾਂ ਦਾ ਬੇਟਾ, ਪੋਤੀ ਅਤੇ ਨੂੰਹ ਸਵਾਰ ਸਨ, ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਬੇਹੋਸ਼ ਹੋ ਗਏ। ਉਨ੍ਹਾਂ ਸਭ ਨੂੰ ਉਥੇ ਮੌਜੂਦ ਲੋਕਾਂ ਨੇ ਬਾਹਰ ਕੱਢ ਕੇ ਹਸਪਤਾਲ ਵਿਚ ਪਹੁੰਚਾਇਆ। ਸਾਰੇ ਜ਼ਖ਼ਮੀਆਂ ਦਾ ਇਲਾਜ ਅਜੇ ਵੀ ਇਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਹੈ ਅਤੇ ਉਹ ਵੀ ਹਾਦਸੇ ਦੇ ਪੀੜਤ ਹਨ। ਇਸ ਲਈ ਪੁਲਸ ਸਹੀ ਢੰਗ ਨਾਲ ਜਾਂਚ ਕਰੇ। ਸੁਧਾ ਕਪੂਰ ਨੇ ਕਿਹਾ ਕਿ ਪਹਿਲਾਂ ਪੁਲਸ ਨੇ ਕ੍ਰੇਟਾ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਪਰ ਬਾਅਦ ਵਿਚ ਉਨ੍ਹਾਂ ਦੀ ਵਿਟਾਰਾ ਗੱਡੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਨਵੀਂ ਐੱਫ਼. ਆਈ. ਆਰ. ਦਰਜ ਕਰ ਦਿੱਤੀ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ।
ਵਿਕ੍ਰਾਂਤ ਕਪੂਰ ਨੇ ਕਿਹਾ-ਫਾਰਚਿਊਨਰ ਦੀ ਟੱਕਰ ਨਾਲ ਉਨ੍ਹਾਂ ਦੀ ਗੱਡੀ ਹੋਈ ਬੇਕਾਬੂ
ਦੂਜੇ ਪਾਸੇ ਵਿਟਾਰਾ ਕਾਰ ਚਾਲਕ ਦੇ ਭਰਾ ਵਿਕ੍ਰਾਂਤ ਕਪੂਰ ਨੇ ਕਿਹਾ ਕਿ ਹਾਦਸੇ ਵਿਚ ਉਨ੍ਹਾਂ ਦੀ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਪਰਿਵਾਰ ਦੇ ਸਾਰੇ ਮੈਂਬਰ ਹਸਪਤਾਲ ਵਿਚ ਦਾਖ਼ਲ ਹਨ। ਉਨ੍ਹਾਂ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ ਫਾਰਚਿਊਨਰ ਦੀ ਟੱਕਰ ਨਾਲ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਸ਼ੋਅਰੂਮ ਵੱਲ ਚਲੀ ਗਈ। ਉਨ੍ਹਾਂ ਦੋਸ਼ ਲਾਉਂਦੇ ਹੋਏ ਕਿਹਾ ਕਿ ਇਸ ਪੂਰੇ ਮਾਮਲੇ ਵਿਚ ਪੱਖਪਾਤ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਪੁਲਸ ਕਮਿਸ਼ਨਰ ਤੋਂ ਵੀ ਇਸ ਮਾਮਲੇ ਨੂੰ ਲੈ ਕੇ ਨਿਰਪੱਖ ਜਾਂਚ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰਿਚੀ ਕੇ. ਪੀ. ਦੀ ਮੌਤ ਬੇਹੱਦ ਦੁਖ਼ਦਾਈ ਹੈ ਪਰ ਉਨ੍ਹਾਂ ਦੇ ਭਰਾ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਪਰਿਵਾਰ ਨੇ ਪ੍ਰਸ਼ਾਸਨ ਤੋਂ ਨਿਆਂ ਦੀ ਫਰਿਆਦ ਕੀਤੀ ਹੈ।
ਸੀ. ਸੀ. ਟੀ. ਵੀ. ਫੁਟੇਜ ਦੀ ਸਹੀ ਢੰਗ ਨਾਲ ਹੋਵੇ ਜਾਂਚ
ਸੁਧਾ ਕਪੂਰ ਨੇ ਕਿਹਾ ਕਿ ਉਨ੍ਹਾਂ ਨੂੰ ਰਿਚੀ ਕੇ. ਪੀ. ਦੇ ਦਿਹਾਂਤ ਦਾ ਬਹੁਤ ਦੁੱਖ਼ ਹੈ, ਉਹ ਵੀ ਸਾਡੇ ਬੱਚਿਆਂ ਵਾਂਗ ਸੀ। ਜੋ ਉਸ ਨਾਲ ਹੋਇਆ, ਉਹ ਬਹੁਤ ਹੀ ਬੁਰਾ ਹੈ ਪਰ ਪੁਲਸ ਵੱਲੋਂ ਉਨ੍ਹਾਂ ’ਤੇ ਝੂਠਾ ਕੇਸ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਘਟਨਾ ਸਥਾਨ ’ਤੇ ਲੱਗੇ ਸਿਰਫ਼ ਇਕ ਨਹੀਂ, ਸਗੋਂ ਹੋਰ ਵੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾਵੇ ਤਾਂ ਕਿ ਸੱਚਾਈ ਸਾਹਮਣੇ ਆ ਸਕੇ।
ਇਹ ਵੀ ਪੜ੍ਹੋ: ਪੰਜਾਬ 'ਚ 16,17 ਤੇ 18 ਤਾਰੀਖ਼ਾਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ! ਸਾਵਧਾਨ ਰਹਿਣ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8