ਸਟਰੀਟ ਲਾਈਟਾਂ ਨਾਲ ਜੁੜੇ ਕਰੋੜਾਂ ਦੇ ਟੈਂਡਰਾਂ ’ਚ ਪੂਲਿੰਗ ਤੇ ਵਾਰਡ ਨੰਬਰ 69 ਦੇ ਟੈਂਡਰਾਂ ’ਚ ਲੱਗੇ ਪ੍ਰੈਸ਼ਰ ਦੇ ਦੋਸ਼

Thursday, Sep 11, 2025 - 03:18 PM (IST)

ਸਟਰੀਟ ਲਾਈਟਾਂ ਨਾਲ ਜੁੜੇ ਕਰੋੜਾਂ ਦੇ ਟੈਂਡਰਾਂ ’ਚ ਪੂਲਿੰਗ ਤੇ ਵਾਰਡ ਨੰਬਰ 69 ਦੇ ਟੈਂਡਰਾਂ ’ਚ ਲੱਗੇ ਪ੍ਰੈਸ਼ਰ ਦੇ ਦੋਸ਼

ਜਲੰਧਰ (ਖੁਰਾਣਾ)–ਪਿਛਲੇ ਕੁਝ ਸਮੇਂ ਤੋਂ ਨਗਰ ਨਗਮ ਜਲੰਧਰ ਦੇ ਟੈਂਡਰਾਂ ਵਿਚ ਗੜਬੜੀਆਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਪਹਿਲਾ ਮਾਮਲਾ ਉਦੋਂ ਉਜਾਗਰ ਹੋਇਆ ਸੀ, ਜਦੋਂ ਵੈਸਟ ਵਿਧਾਨ ਸਭਾ ਹਲਕੇ ਨਾਲ ਸਬੰਧਤ ਕਰੋੜਾਂ ਰੁਪਏ ਦੇ ਕੰਮਾਂ ਵਿਚ ਨਿਗਮ ਦੇ ਕੁਝ ਠੇਕੇਦਾਰਾਂ ਨੇ ਆਪਸ ਵਿਚ ਫਿਕਸਿੰਗ ਕਰ ਲਈ ਸੀ। ਜਿਨ੍ਹਾਂ ਕੰਮਾਂ ’ਤੇ ਪਹਿਲਾਂ ਲਗਭਗ 40 ਫ਼ੀਸਦੀ ਤਕ ਡਿਸਕਾਊਂਟ ਆਫਰ ਕੀਤਾ ਜਾਂਦਾ ਸੀ, ਉਨ੍ਹਾਂ ਹੀ ਕੰਮਾਂ ’ਤੇ ਪੂਲਿੰਗ ਕਰਨ ਵਾਲੇ ਠੇਕੇਦਾਰਾਂ ਨੇ ਇਸ ਵਾਰ ਸਿਰਫ਼ 1 ਤੋਂ 2 ਫ਼ੀਸਦੀ ਤਕ ਹੀ ਡਿਸਕਾਊਂਟ ਦੇ ਕੇ ਟੈਂਡਰ ਭਰ ਦਿੱਤੇ। 'ਜਗ ਬਾਣੀ' ਵੱਲੋਂ ਟੈਂਡਰ ਖੋਲ੍ਹੇ ਜਾਣ ਤੋਂ ਪਹਿਲਾਂ ਹੀ ਪੂਲਿੰਗ ਅਤੇ ਫਿਕਸਿੰਗ ਦਾ ਖੁਲਾਸਾ ਕਰ ਦਿੱਤਾ ਗਿਆ, ਜਿਸ ਕਾਰਨ ਨਿਗਮ ਦੇ ਰੈਵੇਨਿਊ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਤੋਂ ਬਚ ਗਿਆ। ਇਹ ਮਾਮਲਾ ਹਾਲੇ ਵੀ ਨਿਗਮ ਗਲਿਆਰਿਆਂ ਵਿਚ ਚਰਚਾ ਦਾ ਵਿਸ਼ਾ ਹੈ ਅਤੇ ਇਸ ’ਤੇ ਸ਼ੁੱਕਰਵਾਰ ਨੂੰ ਹੋਣ ਵਾਲੀ ਐੱਫ਼. ਐਂਡ ਸੀ. ਸੀ. ਦੀ ਮੀਟਿੰਗ ਵਿਚ ਆਖਰੀ ਫ਼ੈਸਲਾ ਲਿਆ ਜਾਣਾ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਬੋਲੈਰੋ ਪਿੱਕਅਪ ਤੇ ਸਵਿੱਫਟ ਕਾਰ ਦੀ ਭਿਆਨਕ ਟੱਕਰ, ਉੱਡੇ ਪਰੱਖਚੇ, ਔਰਤ ਦੀ ਮੌਤ

ਟੈਂਡਰਾਂ ਵਿਚ ਗੜਬੜੀ ਦਾ ਦੂਜਾ ਮਾਮਲਾ ਵੀ ਵੈਸਟ ਵਿਧਾਨ ਸਭਾ ਹਲਕੇ ਤੋਂ ਹੀ ਸਾਹਮਣੇ ਆਇਆ ਸੀ, ਜਿੱਥੇ ਨਿਗਮ ਦੇ ਜੂਨੀਅਰ ਇੰਜੀਨੀਅਰਾਂ ਵੱਲੋਂ ਵੱਖ-ਵੱਖ ਵਾਰਡਾਂ ਦੇ ਮੇਨਟੀਨੈਂਸ ਸਬੰਧੀ ਐਸਟੀਮੇਟ ਜਾਣਬੁੱਝ ਕੇ ਇਕ ਬਰਾਬਰ ਰਕਮ ਭਾਵ 9.94 ਲੱਖ ਰੁਪਏ ਦੇ ਬਣਾਏ ਗਏ। ਇਸ ਮਾਮਲੇ ਦੀ ਜਾਂਚ ਵੀ ਨਿਗਮ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਅਤੇ ਰਿਪੋਰਟ ਤਿਆਰ ਕਰਨ ਦੀ ਪ੍ਰਕਿਰਿਆ ਜਾਰੀ ਹੈ। ਹੁਣ ਨਿਗਮ ਦੇ ਟੈਂਡਰਾਂ ਵਿਚ ਤੀਜੀ ਗੜਬੜੀ ਦਾ ਮਾਮਲਾ ਸੈਂਟਰਲ ਵਿਧਾਨ ਸਭਾ ਹਲਕੇ ਤੋਂ ਉਜਾਗਰ ਹੋਇਆ ਹੈ। ਇਥੇ ਸਟਰੀਟ ਲਾਈਟਾਂ ਨਾਲ ਸਬੰਧਤ 1.80 ਕਰੋੜ ਰੁਪਏ ਦੇ ਕੰਮਾਂ ਵਿਚ ਪੂਲਿੰਗ ਦੇ ਦੋਸ਼ ਲੱਗੇ ਹਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਨਿਗਮ ਨੇ ਸੈਂਟਰਲ ਹਲਕੇ ਤਹਿਤ ਆਉਣ ਵਾਲੇ ਵੱਖ-ਵੱਖ ਵਾਰਡਾਂ ਅਤੇ ਚੌਕਾਂ ’ਤੇ ਮਿਸਿੰਗ ਪੁਆਇੰਟ ਲਗਾਉਣ ਅਤੇ ਹਾਈ ਮਾਸਟ ਲਾਈਟ ਲਗਾਉਣ ਲਈ 1.80 ਕਰੋੜ ਰੁਪਏ ਦੇ ਟੈਂਡਰ ਜਾਰੀ ਕੀਤੇ ਸਨ। ਇਹ ਟੈਂਡਰ ਸਿਰਫ ਨਿਗਮ ਦੇ 2 ਠੇਕੇਦਾਰਾਂ ਨੇ ਹੀ ਭਰੇ।

ਇਹ ਵੀ ਪੜ੍ਹੋ: ਜਲੰਧਰ 'ਚ ਦੀਵਾਲੀ ਤੇ ਹੋਰ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਦਾ ਸਮਾਂ ਤੈਅ, ਲੱਗੀਆਂ ਇਹ ਪਾਬੰਦੀਆਂ

ਸ਼ਿਕਾਇਤ ਮੁਤਾਬਕ ਸੈਂਟਰਲ ਹਲਕੇ ਵਿਚ ਲੱਗਣ ਵਾਲੀ ਹਾਈ ਮਾਸਟ ਲਾਈਟ ਦੇ 40 ਲੱਖ ਰੁਪਏ ਦੇ ਟੈਂਡਰ ਵਿਚ ਦੋਵਾਂ ਠੇਕੇਦਾਰਾਂ ਨੇ ਇਕ ਬਰਾਬਰ ਰਕਮ ਭਾਵ 4.44 ਫ਼ੀਸਦੀ ਡਿਸਕਾਊਂਟ ਆਫਰ ਕੀਤਾ। ਉਥੇ ਹੀ ਸਟਰੀਟ ਲਾਈਟਾਂ ਦੇ 1.40 ਕਰੋੜ ਰੁਪਏ ਦੇ ਕੰਮਾਂ ਵਿਚ ਸਭ ਤੋਂ ਵੱਧ ਡਿਸਕਾਊਂਟ ਆਫਰ ਕਰਨ ਵਾਲੇ ਠੇਕੇਦਾਰ ਨੇ ਸਿਰਫ਼ 5.22 ਫ਼ੀਸਦੀ ਲੈੱਸ ਆਫਰ ਦਿੱਤੀ। ਸ਼ਿਕਾਇਤਕਰਤਾ ਨੇ ਮੇਅਰ ਵਿਨੀਤ ਧੀਰ ਨੂੰ ਸ਼ਿਕਾਇਤ ਲਗਾਈ ਕਿ ਇਹੀ ਠੇਕੇਦਾਰ ਪਿਛਲੇ ਸਮੇਂ ਵਿਚ ਇਸੇ ਕਿਸਮ ਦੇ ਕੰਮ ਕਾਫੀ ਜ਼ਿਆਦਾ ਡਿਸਕਾਊਂਟ ’ਤੇ ਲੈ ਚੁੱਕੇ ਹਨ ਪਰ ਇਸ ਵਾਰ ਦੋਵਾਂ ਨੇ ਆਪਸੀ ਗੰਢਤੁੱਪ ਕਰ ਕੇ ਟੈਂਡਰ ਭਰੇ ਹਨ। ਇਸ ਕਾਰਨ ਇਨ੍ਹਾਂ ਟੈਂਡਰਾਂ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ। ਫਿਲਹਾਲ ਨਿਗਮ ਅਧਿਕਾਰੀਆਂ ਨੇ ਦੋਵਾਂ ਠੇਕੇਦਾਰਾਂ ਨੂੰ ਨੈਗੋਸ਼ੀਏਸ਼ਨ ਕਮੇਟੀ ਵਿਚ ਬੁਲਾ ਕੇ ਵਿਸ਼ੇਸ਼ ਕਰਕੇ ਹਾਈ ਮਾਸਟ ਲਾਈਟ ਟੈਂਡਰ ’ਤੇ ਉਚਿਤ ਫ਼ੈਸਲਾ ਕਰਨ ਦੀ ਸਿਫ਼ਾਰਿਸ਼ ਕੀਤੀ ਹੈ।

ਵਾਰਡ ਨੰਬਰ 69 ਦੇ ਟੈਂਡਰ ਇਕ ਨੇਤਾ ਦੇ ਦਬਾਅ ਵਿਚ ਆ ਕੇ ਨਾ ਖੋਲ੍ਹਣ ਦੇ ਦੋਸ਼
ਨਾਰਥ ਵਿਧਾਨ ਸਭਾ ਹਲਕੇ ਅਧੀਨ ਆਉਣ ਵਾਲੇ ਵਾਰਡ ਨੰਬਰ 69 ਦੇ ਟੈਂਡਰ ਨਾ ਖੋਲ੍ਹਣ ਨੂੰ ਲੈ ਕੇ ਨਗਰ ਨਿਗਮ ਅਧਿਕਾਰੀਆਂ ’ਤੇ ਦਬਾਅ ਵਿਚ ਕੰਮ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਇਸ ਮਾਮਲੇ ਨੂੰ ਲੈ ਕੇ ਨਗਰ ਨਿਗਮ ਦੇ ਹੀ ਕਈ ਠੇਕੇਦਾਰਾਂ ਨੇ ਮੇਅਰ ਵਿਨੀਤ ਧੀਰ ਅਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨਾਲ ਮੁਲਾਕਾਤ ਕੀਤੀ ਅਤੇ ਖੁੱਲ੍ਹ ਕੇ ਸ਼ਿਕਾਇਤ ਦਰਜ ਕਰਵਾਈ। ਠੇਕੇਦਾਰਾਂ ਨੇ ਦੋਸ਼ ਲਾਇਆ ਕਿ ਨਿਗਮ ਅਧਿਕਾਰੀਆਂ ਨੇ ਬੀ. ਐਂਡ ਆਰ. ਬ੍ਰਾਂਚ ਨਾਲ ਸਬੰਧਤ ਕਰੋੜਾਂ ਰੁਪਏ ਦੇ ਬਾਕੀ ਟੈਂਡਰ ਤਾਂ ਖੋਲ੍ਹ ਦਿੱਤੇ ਪਰ ਵਾਰਡ ਨੰਬਰ 69 ਦੇ ਟੈਂਡਰ ਜਾਣਬੁੱਝ ਕੇ ਰੋਕ ਲਏ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਸੱਤਾ ਧਿਰ ਦਾ ਇਕ ਨੇਤਾ ਨਿਗਮ ਅਧਿਕਾਰੀਆਂ ’ਤੇ ਦਬਾਅ ਬਣਾ ਰਿਹਾ ਸੀ ਕਿ ਵਾਰਡ ਨੰਬਰ 69 ਦੇ ਸਾਰੇ ਕੰਮ ਸਿਰਫ਼ ਨਜ਼ਦੀਕੀ ਠੇਕੇਦਾਰ ਨੂੰ ਹੀ ਦਿੱਤੇ ਜਾਣ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਦੋ ਧਿਰਾਂ ਵਿਚਾਲੇ ਖ਼ੂਨੀ ਝੜਪ, ਚੱਲੀਆਂ ਗੋਲ਼ੀਆਂ

ਮੇਅਰ ਵਿਨੀਤ ਧੀਰ ਅਤੇ ਸੀਨੀਅਰ ਡਿਪਟੀ ਮੇਅਰ ਬਿੱਟੂ ਵੱਲੋਂ ਮਾਮਲੇ ਦੀ ਜਾਂਚ ਕਰਨ ’ਤੇ ਇਹ ਗੱਲ ਸਾਹਮਣੇ ਆਈ ਕਿ ਅਸਲ ਵਿਚ ਨਿਗਮ ਅਧਿਕਾਰੀਆਂ ਨੇ ਸਿਰਫ ਵਾਰਡ ਨੰਬਰ 69 ਦੇ ਟੈਂਡਰ ਨਹੀਂ ਖੋਲ੍ਹੇ, ਜਦਕਿ ਬਾਕੀ ਕਰੋੜਾਂ ਰੁਪਏ ਦੇ ਕੰਮਾਂ ਦੇ ਟੈਂਡਰ ਖੋਲ੍ਹੇ ਜਾ ਚੁੱਕੇ ਹਨ। ਇਸ ’ਤੇ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਨੇ ਤੁਰੰਤ ਹੁਕਮ ਦਿੱਤੇ ਕਿ ਵਾਰਡ ਨੰਬਰ 69 ਦੇ ਟੈਂਡਰ ਵੀ ਖੋਲ੍ਹੇ ਜਾਣ। ਹੁਕਮ ਮਿਲਦੇ ਹੀ ਨਿਗਮ ਅਧਿਕਾਰੀਆਂ ਨੇ ਸਬੰਧਤ ਟੈਂਡਰ ਖੋਲ੍ਹ ਦਿੱਤੇ। ਹੁਣ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹਨ ਕਿ ਕੀ ਇਹ ਟੈਂਡਰ ਸੱਤਾ ਧਿਰ ਦੇ ਪਸੰਦੀਦਾ ਠੇਕੇਦਾਰਾਂ ਨੂੰ ਮਿਲਣਗੇ ਜਾਂ ਕੋਈ ਹੋਰ ਠੇਕੇਦਾਰ ਜ਼ਿਆਦਾ ਡਿਸਕਾਊਂਟ ਆਫਰ ਦੇ ਕੇ ਇਨ੍ਹਾਂ ਨੂੰ ਹਾਸਲ ਕਰੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਟੈਂਡਰਾਂ ਵਿਚ ਜੈਨ ਕਾਲੋਨੀ ਟੈਂਕੀ ਵਾਲੇ ਪਾਰਕ ਦਾ 32.78 ਲੱਖ ਰੁਪਏ ਦਾ ਕੰਮ, ਦੀਨਦਿਆਲ ਉਪਾਧਿਆਏ ਨਗਰ ਦੇ 3 ਪਾਰਕਾਂ ’ਤੇ 10 ਲੱਖ ਤੋਂ ਜ਼ਿਆਦਾ ਦੀ ਲਾਗਤ ਦੇ ਕੰਮ ਅਤੇ ਸਤਨਗਰ ਪਾਰਕ ਦਾ 5.65 ਲੱਖ ਰੁਪਏ ਦਾ ਕੰਮ ਸ਼ਾਮਲ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ ਦੇ 28 ਸਕੂਲਾਂ 'ਚ ਛੁੱਟੀਆਂ ਦਾ ਐਲਾਨ, DC ਵੱਲੋਂ ਹੁਕਮ ਜਾਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News