ਰੈਵੇਨਿਊ ਰਿਕਾਰਡ ਦਾ ਨਵਾਂ ਕਾਰਨਾਮਾ : ਵਸੀਕਾ ਨੰ. 5890 ਜਾਂਚ ’ਚ ਨਿਕਲਿਆ ਫਰਜ਼ੀ, SDM ਨੂੰ ਭੇਜੀ ਰਿਪੋਰਟ
Saturday, Dec 02, 2023 - 06:31 PM (IST)
ਲੁਧਿਆਣਾ (ਪੰਕਜ) : ਰੈਵੇਨਿਊ ਵਿਭਾਗ ’ਚ ਇਕ ਤੋਂ ਬਾਅਦ ਇਕ ਵੱਡੇ-ਵੱਡੇ ਘਪਲੇ ਸਾਹਮਣੇ ਆਉਣ ਦੇ ਬਾਵਜੂਦ ਜਾਂਚ ਦੀ ਆੜ ’ਚ ਮੁਲਜ਼ਮਾਂ ਨੂੰ ਬਚਾਉਣ ਦੀ ਖੇਡ ਲੈਂਡ ਮਾਫੀਆ ਦੇ ਹੌਸਲੇ ਬੁਲੰਦ ਕਰ ਰਹੀ ਹੈ। ਤਾਜ਼ਾ ਮਾਮਲਾ ਜਲੰਧਰ ਬਾਈਪਾਸ ਨੇੜੇ ਸਥਿਤ ਕਰੋੜਾਂ ਰੁਪਏ ਦੇ ਇਕ ਪਲਾਟ ਨਾਲ ਜੁੜਿਆ ਹੈ, ਜਿਸ ਦਾ ਫਰਜ਼ੀ ਵਸੀਕਾ ਬਣਾ ਕੇ ਰਿਕਾਰਡ ਰੂਮ ’ਚ ਨਕਲ ਫਿੱਟ ਕਰਨ ਵਾਲਾ ਮਾਫੀਆ ਨਾ ਸਿਰਫ ਪਟਵਾਰੀ ਤੋਂ ਇੰਤਕਾਲ ਮਨਜ਼ੂਰ ਕਰਵਾਉਣ ’ਚ ਕਾਮਯਾਬ ਰਿਹਾ, ਸਗੋਂ ਕਿਸੇ ਹੋਰ ਦੇ ਪਲਾਟ ’ਤੇ ਫਰਜ਼ੀ ਦਸਤਾਵੇਜ਼ਾਂ ਦੀ ਮਦਦ ਨਾਲ ਕਰੋੜਾਂ ਦਾ ਬੈਂਕ ਲੋਨ ਵੀ ਹੜੱਪ ਕੇ ਰੂਪੋਸ਼ ਹੋ ਚੁੱਕਾ ਹੈ। ਅਸਲ ’ਚ ਸ਼ਿਕਾਇਤਕਰਤਾ ਪੀ. ਐੱਚ. ਜੈਨ ਹੌਜ਼ਰੀ ਦਾ ਇਕ ਹਜ਼ਾਰ ਗਜ਼ ਦੇ ਕਰੀਬ ਪਲਾਟ ਪਿੰਡ ਭੌਰਾ ਅਧੀਨ ਪੈਂਦੇ ਜਲੰਧਰ ਬਾਈਪਾਸ ਰੋਡ ’ਤੇ ਪੈਂਦਾ ਹੈ, ਜਿਸ ਨੂੰ ਉਨ੍ਹਾਂ ਨੇ ਸਾਲ 2005 ’ਚ 2 ਵੱਖ-ਵੱਖ ਵਸੀਕਿਆਂ ਜ਼ਰੀਏ ਖਰੀਦਿਆ ਸੀ, ਜਿੱਥੇ ਉਨ੍ਹਾਂ ਨੇ ਵੇਸਟੇਜ ਦਾ ਗਰਾਊਂਡ ਬਣਾਇਆ ਹੋਇਆ ਹੈ। ਕੁਝ ਮਹੀਨੇ ਪਹਿਲਾਂ ਕੁਝ ਲੋਕ ਖੁਦ ਨੂੰ ਉਨ੍ਹਾਂ ਦੇ ਪਲਾਟ ਦਾ ਮਾਲਕ ਦੱਸ ਕੇ ਜਦੋਂ ਕਬਜ਼ਾ ਲੈਣ ਲਈ ਪੁੱਜੇ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਦਸਤਾਵੇਜ਼ਾਂ ਸਮੇਤ ਇਸ ਦੀ ਸ਼ਿਕਾਇਤ ਡੀ. ਸੀ. ਨੂੰ ਸੌਂਪ ਕੇ ਇਨਸਾਫ਼ ਦੀ ਮੰਗ ਕੀਤੀ ਤਾਂ ਮਾਮਲੇ ਦੀ ਜਾਂਚ ਦਾ ਜ਼ਿੰਮਾ ਐੱਸ. ਡੀ. ਐੱਮ. ਪੱਛਮੀ ਨੂੰ ਸੌਂਪਿਆ ਗਿਆ, ਜਿਨ੍ਹਾਂ ਨੇ ਜਦੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਸ਼ਿਕਾਇਤਕਰਤਾ ਦੇ ਪਲਾਟਾਂ ਦੀ ਹੱਦਾਂ ਹੂ-ਬ-ਹੂ ਪਾ ਕੇ ਲੈਂਡ ਮਾਫੀਆ ਨੇ ਸਾਜ਼ਿਸ਼ ਰਚੀ ਸੀ, ਜਿਸ ’ਚ ਡੀ. ਸੀ. ਦਫਤਰ ਸਥਿਤ ਰਿਕਾਰਡ ਰੂਮ ’ਚ ਤਾਇਨਾਤ ਮੁਲਾਜ਼ਮ ਵੀ ਪੂਰੀ ਤਰ੍ਹਾਂ ਸ਼ਾਮਲ ਸੀ।
ਇਹ ਵੀ ਪੜ੍ਹੋ : ਕਾਂਗਰਸ ’ਚ ਸ਼ਾਮਲ ਹੋਣ ਮਗਰੋਂ ਸੀਨੀਅਰ ਆਗੂਆਂ ਸਣੇ ਕਰਤਾਰਪੁਰ ਪੁੱਜੇ ਸਾਬਕਾ SSP ਰਜਿੰਦਰ ਸਿੰਘ
ਜਦੋਂ ਜਾਂਚ ਅਧਿਕਾਰੀ ਨੇ ਵਸੀਕਾ ਨੰ. 5890 ਜਿਸ ਦੇ ਰਜਿਸਟਰਡ ਹੋਣ ਦੀ ਤਰੀਕ 24 ਜੂਨ 1987 ਦੀ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਕਿਸੇ ਚੁੰਨੀ ਲਾਲ ਪੁੱਤਰ ਦੇਵੀ ਦਿਆਲ ਅਤੇ ਉਸ ਦੇ ਪਰਿਵਾਰ ਵੱਲੋਂ ਹਰਪ੍ਰੀਤ ਸਿੰਘ ਪੁੱਤਰ ਅਮਰਜੀਤ ਨਿਵਾਸੀ ਮਾਡਲ ਗ੍ਰਾਮ ਦੇ ਨਾਂ ’ਤੇ ਬਣਾਇਆ ਗਿਆ ਸੀ, ਜਿਸ ਦਾ ਇੰਤਕਾਲ ਹਰਪ੍ਰੀਤ ਸਿੰਘ ਨੇ ਆਪਣੇ ਨਾਂ ਦਰਜ ਕਰਵਾਉਣ ਤੋਂ ਬਾਅਦ ਇਸ ਨੂੰ ਅੱਗੇ ਵੀ ਵੇਚ ਦਿੱਤਾ ਸੀ, ਜਿਨ੍ਹਾਂ ਨੇ ਪਲਾਟ ਖਰੀਦਣ ਲਈ ਬਾਕਾਇਦਾ ਬੈਂਕ ਤੋਂ ਲੋਨ ਵੀ ਲੈ ਲਿਆ ਸੀ। ਡੀ. ਸੀ. ਨੂੰ ਭੇਜੀ ਆਪਣੀ ਰਿਪੋਰਟ ’ਚ ਜਾਂਚ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਉਕਤ ਫਰਜ਼ੀ ਵਸੀਕਾ ਤਿਆਰ ਕਰਨ ਵਾਲੇ ਹਰਪ੍ਰੀਤ ਸਿੰਘ ਨੇ ਪਲਾਟ ਦੀਆਂ ਹੱਦਾਂ ਪੀ. ਐੱਲ. ਜੈਨ ਹੌਜ਼ਰੀ ਵਾਲਿਆਂ ਦੇ ਪਲਾਟ ਦੀਆਂ ਪਾਈਆਂ ਸਨ ਅਤੇ ਰਿਕਾਰਡ ਰੂਮ ਦੇ ਮੁਲਾਜ਼ਮ ਦੀ ਮਦਦ ਨਾਲ ਇਸ ਨੂੰ ਜਿਲਦ ਨੰ. 3593 ਜੋ ਉਸ ਸਮੇਂ ਚੱਲ ਰਹੀ ਸੀ ਦੀ ਜਗ੍ਹਾ ਕਿਸੇ ਹੋਰ ਜਿਲਦ ’ਚ ਲਗਾ ਦਿੱਤਾ, ਜਿਸ ’ਚ ਸਾਲ 1982 ਦੌਰਾਨ ਰਜਿਸਟਰਡ ਹੋਏ ਵਸੀਕਾ ਲੱਗੇ ਹੋਏ ਸਨ। ਇਸ ਤੋਂ ਸਾਫ਼ ਹੋ ਗਿਆ ਕਿ ਹਰਪ੍ਰੀਤ ਨੇ ਰੈਵੇਨਿਊ ਰਿਕਾਰਡ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਕਰੋੜਾਂ ਰੁਪਏ ਦੀ ਪ੍ਰਾਪਰਟੀ ਦੇ ਜਾਅਲੀ ਦਸਤਾਵੇਜ਼ ਤਿਆਰ ਕਰਵਾ ਕੇ ਸਰਕਾਰੀ ਰਿਕਾਰਡ ’ਚ ਫਿੱਟ ਕਰਵਾ ਦਿੱਤੇ ਅਤੇ ਬਾਅਦ ’ਚ ਅਟੈਸਟਿਡ ਕਾਪੀ ਲਈ ਸੁਵਿਧਾ ’ਤੇ ਅਪਲਾਈ ਕਰ ਕੇ ਪਟਵਾਰੀ ਤੋਂ ਇੰਤਕਾਲ ਵੀ ਦਰਜ ਕਰਵਾ ਲਿਆ। ਇੰਨਾ ਹੀ ਨਹੀਂ, ਇੰਤਕਾਲ ਦਰਜ ਹੋਣ ਤੋਂ ਤੁਰੰਤ ਬਾਅਦ ਪਲਾਟ ਅੱਗੇ ਵੀ ਵੇਚ ਕੇ ਬਾਕਾਇਦਾ ਵਸੀਕਾ ਵੀ ਰਜਿਸਟਰਡ ਕਰਵਾ ਦਿੱਤਾ ਅਤੇ ਖਰੀਦਦਾਰ ਨੇ ਉਸ ’ਤੇ ਲੋਨ ਵੀ ਲੈ ਲਿਆ। ਪੂਰੀ ਖੇਡ ਤੋਂ ਪਰਦਾ ਚੁੱਕਣ ਤੋਂ ਬਾਅਦ ਐੱਸ. ਡੀ. ਐੱਮ. ਨੇ ਡੀ. ਸੀ. ਨੂੰ ਉਕਤ ਇੰਤਕਾਲ ਨੰਬਰ ਨੂੰ ਨਜ਼ਰਸਾਨੀ ਕਰਨ ਸਮੇਤ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰਵਾਉਣ ਦੀ ਵੀ ਸਿਫਾਰਸ਼ ਕੀਤੀ ਹੈ।
ਇਹ ਵੀ ਪੜ੍ਹੋ : ਰਚਿਆ ਇਤਿਹਾਸ : ਦੁਨੀਆ ’ਚ ਪਹਿਲੀ ਵਾਰੀ ਹੋਈ ਇਹੋ ਜਿਹੀ ਤਕਨੀਕ ਦੀ ਖੋਜ
ਜਾਅਲੀ ਵਸੀਕੇ ਬਣਾਉਣ ਵਾਲਾ ਮਾਫੀਆ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ
ਦੱਸ ਦੇਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਦਰਜਨਾਂ ਮਾਮਲਿਆਂ ਦੀ ਨਾ ਸਿਰਫ ਜਾਂਚ ਹੋ ਚੁੱਕੀ ਹੈ, ਸਗੋਂ ਜਿਸ ਦੇ ਨਾਂ ’ਤੇ ਵਸੀਕਾ ਤਿਆਰ ਕੀਤਾ ਜਾਂਦਾ ਹੈ, ਪੁਲਸ ਦੀ ਸਾਰੀ ਕਾਰਵਾਈ ਉਸੇ ਤੱਕ ਸਿਮਟ ਕੇ ਰਹਿ ਜਾਂਦੀ ਹੈ ਪਰ ਪੁਰਾਣੀ ਤਰੀਕ ਵਾਲੇ ਅਸ਼ਟਾਮ ਪੇਪਰ, ਉਸ ’ਤੇ ਤਹਿਸੀਲਦਾਰ, ਲੰਬੜਦਾਰ, ਸਬ-ਰਜਿਸਟ੍ਰਾਰ ਦਫਤਰ ਤੱਕ ਦੀਆਂ ਫਰਜ਼ੀ ਸਰਕਾਰੀ ਮੋਹਰਾਂ ਲਗਾਉਣ ਵਾਲੇ, ਟਾਈਪਿੰਗ ਕਰਨ ਵਾਲੇ, ਸਰਕਾਰੀ ਰਿਕਾਰਡ ’ਚ ਜਾਅਲੀ ਵਸੀਕਾ ਲਗਾਉਣ ਵਾਲੇ ਅਸਲ ਮਾਫੀਆ ਲੰਬੇ ਸਮੇਂ ਤੋਂ ਇਸ ਖੇਡ ਦੇ ਖਿਡਾਰੀ ਬਣ ਕੇ ਕਰੋੜਾਂ ਰੁਪਏ ਦੇ ਘਪਲੇ ਕਰਨ ’ਚ ਕਾਮਯਾਬ ਰਹੇ ਹਨ ਪਰ ਉਨ੍ਹਾਂ ਤੱਕ ਕਾਨੂੰਨ ਦੇ ਲੰਬੇ ਹੱਥ ਕਦੇ ਨਹੀਂ ਪੁੱਜਦੇ ਅਤੇ ਇਕ ਮਾਮਲਾ ਠੰਡਾ ਹੋਣ ਤੋਂ ਬਾਅਦ ਉਹ ਦੂਜੀ ਖੇਡ ’ਚ ਵਿਅਸਤ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਹਰਿਆਣਾ ’ਤੇ ਵੀ ਅਸਰ ਪਾ ਸਕਦੇ ਹਨ ਰਾਜਸਥਾਨ ਦੇ ਚੋਣ ਨਤੀਜੇ!
ਇਹ ਵੀ ਪੜ੍ਹੋ : ਰਚਿਆ ਇਤਿਹਾਸ : ਦੁਨੀਆ ’ਚ ਪਹਿਲੀ ਵਾਰੀ ਹੋਈ ਇਹੋ ਜਿਹੀ ਤਕਨੀਕ ਦੀ ਖੋਜ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8