ਗੈਂਗਰੇਪ ਦੇ ਮੁਲਜ਼ਮਾਂ ਦਾ ਸੁਰਾਗ ਦੇਣ ਵਾਲੇ ਨੂੰ ਇਕ ਲੱਖ ਰੁਪਏ ਇਨਾਮ ਦੇਣ ਦਾ ਐਲਾਨ
Wednesday, Nov 22, 2017 - 06:58 AM (IST)
ਚੰਡੀਗੜ੍ਹ, (ਸੁਸ਼ੀਲ)- ਲੜਕੀ ਨਾਲ ਗੈਂਗਰੇਪ ਕਰਨ ਵਾਲੇ ਫਰਾਰ ਆਟੋ ਚਾਲਕ ਤੇ ਉਸਦੇ ਦੋ ਸਾਥੀਆਂ ਬਾਰੇ ਚੰਡੀਗੜ੍ਹ ਪੁਲਸ 5 ਦਿਨਾਂ 'ਚ 1200 ਆਟੋ ਚਾਲਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ ਪਰ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਲੱਗਾ। ਥੱਕ-ਹਾਰ ਕੇ ਪੁਲਸ ਨੇ ਹੁਣ ਮੁਲਜ਼ਮਾਂ ਦਾ ਸੁਰਾਗ ਲਗਾਉਣ ਲਈ ਆਮ ਲੋਕਾਂ ਸਾਹਮਣੇ ਹੱਥ ਫੈਲਾ ਦਿੱਤੇ ਹਨ। ਪੁਲਸ ਨੇ ਸੁਰਾਗ ਦੇਣ ਵਾਲੇ ਨੂੰ ਇਕ ਲੱਖ ਰੁਪਏ ਬਤੌਰ ਇਨਾਮ ਦੇਣ ਦਾ ਐਲਾਨ ਕੀਤਾ ਹੈ ਤੇ ਉਸਦਾ ਨਾਂ ਵੀ ਗੁਪਤ ਰੱਖਿਆ ਜਾਏਗਾ।
ਮੁਲਜ਼ਮਾਂ 'ਤੇ ਇਕ ਲੱਖ ਰੁਪਏ ਇਨਾਮ ਰੱਖਣ ਤੋਂ ਸਾਬਿਤ ਹੁੰਦਾ ਹੈ ਕਿ ਪੁਲਸ ਵਲੋਂ ਕੀਤੀ ਗਈ ਜਾਂਚ ਦੀਆਂ ਸਾਰੀਆਂ ਥਿਊਰੀਆਂ ਫੇਲ ਹੋ ਚੁੱਕੀਆਂ ਹਨ ਤੇ ਪੁਲਸ ਕੋਲ ਮੁਲਜ਼ਮਾਂ ਦੀ ਫੋਟੋ ਤੋਂ ਇਲਾਵਾ ਕੁਝ ਵੀ ਨਹੀਂ ਹੈ।
ਮੁਲਜ਼ਮਾਂ ਦੀ ਫੋਟੋ ਤੇ ਇਨਾਮ ਦੇ ਪੋਸਟਰ ਲਾਏਗੀ ਪੁਲਸ
ਪੁਲਸ ਗੈਂਗਰੇਪ ਦੇ ਮੁਲਜ਼ਮ ਆਟੋ ਚਾਲਕ ਤੇ ਉਸਦੇ ਦੋ ਸਾਥੀਆਂ ਦੀ ਫੋਟੋ ਤੇ ਇਨਾਮ ਰਾਸ਼ੀ ਦੇ ਪੋਸਟਰ ਰੇਲਵੇ ਸਟੇਸ਼ਨ, ਬੱਸ ਅੱਡੇ ਤੇ ਹੋਰਨਾਂ ਜਨਤਕ ਥਾਵਾਂ 'ਤੇ ਲਾਏਗੀ। ਪੁਲਸ ਆਪਣੇ ਮੋਬਾਇਲ ਨੰਬਰ ਵੀ ਦੇਵੇਗੀ, ਜਿਨ੍ਹਾਂ 'ਤੇ ਆਮ ਲੋਕ ਪੁਲਸ ਨੂੰ ਮੁਲਜ਼ਮਾਂ ਬਾਰੇ ਜਾਣਕਾਰੀ ਦੇ ਸਕਣਗੇ। ਇਸ ਤੋਂ ਇਲਾਵਾ ਪੁਲਸ ਉਨ੍ਹਾਂ ਦੇ ਪੋਸਟਰ ਦੂਜੇ ਰਾਜਾਂ ਦੀ ਪੁਲਸ ਨੂੰ ਭੇਜੇਗੀ, ਤਾਂ ਜੋ ਉਥੋਂ ਵੀ ਉਨ੍ਹਾਂ ਬਾਰੇ ਕੋਈ ਸੁਰਾਗ ਹੱਥ ਲਗ ਸਕੇ।
