ਗੁਆਂਢੀ ਦਾ ਕਤਲ ਕਰਨ ਵਾਲੇ 2 ਦੋਸ਼ੀਆਂ ਨੂੰ ਉਮਰਕੈਦ, 2.20 ਲੱਖ ਰੁਪਏ ਜੁਰਮਾਨਾ

Wednesday, May 06, 2026 - 02:06 PM (IST)

ਗੁਆਂਢੀ ਦਾ ਕਤਲ ਕਰਨ ਵਾਲੇ 2 ਦੋਸ਼ੀਆਂ ਨੂੰ ਉਮਰਕੈਦ, 2.20 ਲੱਖ ਰੁਪਏ ਜੁਰਮਾਨਾ

ਮੋਹਾਲੀ (ਜੱਸੀ) : ਇੱਥੇ ਥਾਣਾ ਫ਼ੇਜ਼-8 ਇਲਾਕੇ ’ਚ ਕਤਲ ਮਾਮਲੇ ’ਚ ਕਾਬੂ ਤਿੰਨ ਮੁਲਜ਼ਮਾਂ ਦੇ ਮਾਮਲੇ ਦੀ ਸੁਣਵਾਈ ਦੌਰਾਨ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਨੀਤਿਕਾ ਵਰਮਾ ਦੀ ਅਦਾਲਤ ਵੱਲੋਂ ਸਰਕਾਰੀ ਧਿਰ ਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮਾਂ ਨੂੰ ਧਾਰਾ 302 ’ਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਤੇ 2 ਲੱਖ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਦੋਸ਼ੀਆਂ ਦੀ ਪਛਾਣ ਦਲੀਪ ਯਾਦਵ ਵਾਸੀ ਸੈਕਟਰ-52 ਤੇ ਜੌਨੀ ਕੁਮਾਰ ਵਾਸੀ ਪਿੰਡ ਕਲਾਲਟੀ ਜ਼ਿਲ੍ਹਾ ਅੰਬਾਲਾ ਵਜੋਂ ਹੋਈ ਹੈ ਜਦਕਿ ਤੀਜੇ ਮੁਲਜ਼ਮ ਰਵੀਕਾਂਤ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ। ਅਦਾਲਤ ਨੇ ਪੀੜਤ ਧਿਰ ਨੂੰ ਜੁਰਮਾਨੇ ਦੀ ਰਕਮ ’ਚੋਂ 2 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਵੀ ਦਿੱਤੇ ਹਨ।
ਇਹ ਹੈ ਮਾਮਲਾ
ਜਾਣਕਾਰੀ ਮੁਤਾਬਕ ਪੁਲਸ ਨੇ ਹਾਦਸੇ ’ਚ ਹੋਈ ਲਲਿਤ ਉਰਫ਼ ਸੋਨੂੰ ਦੀ ਮੌਤ ਨੂੰ ਲੈ ਕੇ ਦਰਜ ਮਾਮਲੇ ਨੂੰ ਸੁਲਝਾਉਂਦਿਆ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਖ਼ੁਲਾਸਾ ਕੀਤਾ ਸੀ ਕਿ ਲਲਿਤ ਨਾਲ ਹਾਦਸਾ ਨਹੀਂ ਹੋਇਆ, ਕਤਲ ਕੀਤਾ ਗਿਆ ਸੀ। ਪੁਲਸ ਨੇ ਇਸ ਮਾਮਲੇ ’ਚ ਹਾਦਸੇ ਦੀਆਂ ਧਾਰਾਵਾਂ ਨੂੰ ਹਟਾਉਂਦਿਆਂ ਮੁਲਜ਼ਮਾਂ ਖ਼ਿਲਾਫ਼ ਕਤਲ ਦੀ ਧਾਰਾ-302 ਤੇ 120ਬੀ ਦਾ ਵਾਧਾ ਕੀਤਾ ਸੀ। ਪੁਲਸ ਮੁਤਾਬਕ ਲਲਿਤ ਉਰਫ਼ ਸੋਨੂੰ ਦੇ ਕਤਲ ਦੀ ਅਸਲ ਵਜ੍ਹਾ ਇਹ ਸੀ ਕਿ ਮੁਲਜ਼ਮ ਦਲੀਪ ਯਾਦਵ ਪਤਨੀ ’ਤੇ ਸ਼ੱਕ ਕਰਦਾ ਸੀ ਤੇ ਉਸ ਨੂੰ ਇਸ ਗੱਲ ਦਾ ਸ਼ੱਕ ਸੀ ਕਿ ਪਤਨੀ ਦੇ ਲਲਿਤ ਉਰਫ਼ ਸੋਨੂੰ ਨਾਲ ਸਬੰਧ ਹਨ।

ਮੁਲਜ਼ਮ ਦਲੀਪ ਯਾਦਵ ਨੇ ਪੁਲਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਖ਼ੁਲਾਸਾ ਕੀਤਾ ਕਿ ਉਸ ਨੇ ਆਪਣੇ ਭਰਾ ਤੇ ਜੋਨੀ ਕੁਮਾਰ ਨਾਲ ਮਿਲ ਕੇ 6 ਫਰਵਰੀ 2022 ਨੂੰ ਲਲਿਤ ਉਰਫ਼ ਸੋਨੂੰ ਦਾ ਕਤਲ ਕਰਨ ਦੀ ਯੋਜਨਾ ਬਣਾਈ ਤੇ ਲਲਿਤ ਉਰਫ਼ ਸੋਨੂੰ ਨੂੰ ਕਿਸੇ ਤਰ੍ਹਾਂ ਕਾਰ ’ਚ ਪਹਿਲਾਂ ਬਿਠਾਇਆ ਅਤੇ ਉਸ ਨੂੰ ਰੱਜ ਕੇ ਉਦੋਂ ਤੱਕ ਸ਼ਰਾਬ ਪਿਲਾਉਂਦੇ ਰਹੇ, ਜਦੋਂ ਤੱਕ ਲਲਿਤ ਨਸ਼ੇ ’ਚ ਧੁੱਤ ਨਹੀਂ ਹੋਇਆ। ਮੁਲਜ਼ਮਾਂ ਨੇ ਮਿਲ ਕੇ ਸ਼ਰਾਬ ਦੇ ਨਸ਼ੇ ’ਚ ਧੁੱਤ ਲਲਿਤ ਦਾ ਗਲਾ ਦਬਾ ਕੇ ਕਤਲ ਕਰ ਦਿੱਤਾ। ਮੁਲਜ਼ਮਾਂ ਨੇ ਲਲਿਤ ਦੀ ਲਾਸ਼ ਨੂੰ ਗੁਰਦੁਆਰਾ ਅੰਬ ਸਾਹਿਬ ਦੇ ਪਿਛਲੇ ਪਾਸੇ ਲਿਜਾ ਕੇ ਸੁੱਟ ਦਿੱਤਾ ਤੇ ਲਲਿਤ ਦੀ ਲਾਸ਼ ਦੇ ਉਪਰੋਂ ਤਿੰਨ ਚਾਰ ਵਾਰ ਗੱਡੀ ਚੜਾ ਕੇ ਕਤਲ ਦੀ ਵਾਰਦਾਤ ਨੂੰ ਹਾਦਸਾ ਦਰਸਾਉਣ ਦੀ ਕੋਸ਼ਿਸ ਕੀਤੀ ਤੇ ਮੌਕੇ ਤੋਂ ਫ਼ਰਾਰ ਹੋ ਗਏ, ਜਿਨ੍ਹਾਂ ਨੂੰ ਬਾਅਦ ’ਚ ਕਾਬੂ ਕਰ ਲਿਆ ਗਿਆ।


author

Babita

Content Editor

Related News