ਸਰਕਾਰ ਵਿਰੁੱਧ ਵਿਸ਼ਾਲ ਰੋਸ ਰੈਲੀ, ਚੱਕਾ ਜਾਮ

08/12/2017 3:45:16 AM

ਜੰਡਿਆਲਾ ਗੁਰੂ,  ਸੁਰਿੰਦਰ, ਸ਼ਰਮਾ -  ਪੰਜਾਬ ਸਮੇਤ ਪੂਰੇ ਦੇਸ਼ 'ਚ ਦਲਿਤਾਂ, ਔਰਤਾਂ ਤੇ ਗਰੀਬ ਲੋਕਾਂ 'ਤੇ ਹੋ ਰਹੇ ਸਮਾਜਿਕ ਤੇ ਸਰਕਾਰੀ ਜਬਰ ਬੰਦ ਕਰਵਾਉਣ ਲਈ ਕਰੋ ਜਾਂ ਮਰੋ ਦਾ ਪ੍ਰਣ ਲੈਂਦਿਆਂ ਕੇਂਦਰ ਅਤੇ ਪੰਜਾਬ ਸਰਕਾਰਾਂ ਦੇ ਚੋਣ ਵਾਅਦੇ ਪੂਰੇ ਕਰਵਾਉਣ ਤੇ ਹੋਰ ਭਖਦੀਆਂ ਮੰਗਾਂ ਦੇ ਹੱਲ ਲਈ ਇਨਕਲਾਬੀ ਜਨਤਕ ਜਥੇਬੰਦੀਆਂ ਦਿਹਾਤੀ ਮਜ਼ਦੂਰ ਸਭਾ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਨੇ ਮਾਝਾ ਪੱਧਰ 'ਤੇ ਸਾਂਝੇ ਤੌਰ 'ਤੇ ਹੱਲਾ ਬੋਲਦਿਆਂ ਜੰਡਿਆਲਾ ਗੁਰੂ ਵਿਖੇ ਰੋਹ ਭਰੀ ਠਾਠਾਂ ਮਾਰਦੀ ਵਿਸ਼ਾਲ ਰੈਲੀ ਕੀਤੀ, ਜਿਸ ਵਿਚ ਸ਼ਾਮਿਲ ਹਜ਼ਾਰਾਂ ਪੇਂਡੂ ਮਜ਼ਦੂਰਾਂ ਤੇ ਕਿਸਾਨਾਂ ਨੇ ਆਪਣੇ ਹੱਥਾਂ 'ਚ ਖੰਡੇ ਤੇ ਮਾਟੋ ਫੜ ਕੇ ਸਰਕਾਰਾਂ ਵਿਰੁੱਧ ਨਾਅਰੇ ਮਾਰਦਿਆਂ ਮਾਝਾ ਖੇਤਰ ਦੇ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਤੇ ਪਠਾਨਕੋਟ ਜ਼ਿਲਿਆਂ ਦੇ ਪੇਂਡੂ ਮਜ਼ਦੂਰਾਂ ਤੇ ਕਿਸਾਨਾਂ ਨੇ ਕਾਫਲਿਆਂ ਦੇ ਰੂਪ ਵਿਚ ਨਾਅਰੇਬਾਜ਼ੀ ਕਰਦਿਆਂ ਹਜ਼ਾਰਾਂ ਦੀ ਗਿਣਤੀ 'ਚ ਸ਼ਮੂਲੀਅਤ ਕੀਤੀ।
ਇਸ ਵਿਸ਼ਾਲ ਰੈਲੀ ਦੀ ਪ੍ਰਧਾਨਗੀ ਜਥੇਬੰਦੀ ਦੇ ਪ੍ਰਮੁੱਖ ਆਗੂਆਂ ਸਾਥੀ ਚਮਨ ਲਾਲ ਦਰਾਜਕੇ (ਤਰਨਤਾਰਨ), ਬਲਦੇਵ ਸਿੰਘ ਸੈਦਪੁਰ (ਅੰਮ੍ਰਿਤਸਰ), ਮਾ. ਹਜ਼ਾਰੀ ਲਾਲ (ਪਠਾਨਕੋਟ) ਤੇ ਸੰਤੋਖ ਸਿੰਘ ਔਲਖ (ਗੁਰਦਾਸਪੁਰ) ਨੇ ਕੀਤੀ। ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਨੇ ਕਿਹਾ ਕਿ ਪੇਂਡੂ ਮਜ਼ਦੂਰਾਂ ਤੇ ਕਿਸਾਨਾਂ ਦਾ ਨਹੁੰ-ਮਾਸ ਦਾ ਰਿਸ਼ਤਾ ਹੈ, ਸਮੇਂ-ਸਮੇਂ ਦੀਆਂ ਸਰਕਾਰਾਂ ਇਸ ਰਿਸ਼ਤੇ ਨੂੰ ਤੋੜਨ ਦਾ ਕੋਝਾ ਯਤਨ ਕਰਦੀਆਂ ਰਹਿੰਦੀਆਂ ਹਨ, ਜੋ ਕਦੇ ਵੀ ਸੰਭਵ ਨਹੀਂ ਹੋਣ ਦਿਆਂਗੇ। ਅੱਜ ਦਾ ਇਹ ਸਾਂਝਾ ਇਕੱਠ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ।
ਉਕਤ ਆਗੂਆਂ ਨੇ ਕੇਂਦਰ ਤੇ ਸੂਬਾ ਸਰਕਾਰਾਂ 'ਤੇ ਵਰ੍ਹਦਿਆ ਤਿੱਖੇ ਹਮਲੇ ਕੀਤੇ ਤੇ ਕਿਹਾ ਕਿ 21ਵੀਂ ਸਦੀ ਦੇ ਸਿੱਖਿਆ ਤੇ ਵਿਗਿਆਨ ਦੇ ਦੌਰ ਵਿਚ ਵੀ ਸਰਕਾਰ ਦੀ ਸੂਚੀ ਵਿਚ ਦਿਹਾਤੀ ਮਜ਼ਦੂਰਾਂ ਦੀ ਹੋਂਦ ਗਾਇਬ ਹੈ ਅਤੇ ਮਨੂਵਾਦੀ ਸੋਚ ਨੂੰ ਬਰਕਰਾਰ ਰੱਖਿਆ ਜਾ ਰਿਹਾ ਹੈ ਕਿਉਂਕਿ ਕਰਜ਼ਾ ਮੁਆਫੀ ਦੇ ਚੋਣ ਵਾਅਦਿਆਂ ਦੌਰਾਨ ਮਜ਼ਦੂਰਾਂ ਤੇ ਦਲਿਤਾਂ ਦਾ ਕਿਤੇ ਜ਼ਿਕਰ ਕਰਨਾ ਮੁਨਾਸਿਬ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਵੀ ਜੋ ਚੋਣ ਵਾਅਦੇ ਕਰਜ਼ਾ ਮੁਆਫੀ ਦੇ ਕੀਤੇ ਗਏ ਸਨ ਉਸ ਤੋਂ ਕੈਪਟਨ ਸਰਕਾਰ ਭੱਜ ਰਹੀ ਹੈ। ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਕਰਜ਼ਿਆਂ ਦੇ ਜਾਲ 'ਚ ਫਸੇ ਅਤੇ ਆਰਥਿਕ ਤੰਗੀਆਂ ਕਾਰਨ ਦਿਹਾਤੀ ਮਜ਼ਦੂਰ ਤੇ ਗਰੀਬ ਕਿਸਾਨ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਰਹੇ ਹਨ।
ਇਸ ਮੌਕੇ ਜਨਵਾਦੀ ਇਸਤਰੀ ਸਭਾ ਦੀ ਸੂਬਾ ਜਨਰਲ ਸਕੱਤਰ ਨੀਲਮ ਘੁਮਾਣ, ਸੂਬਾਈ ਆਗੂ ਬੀਬੀ ਅਜੀਤ ਕੌਰ ਕੋਟ ਰਜ਼ਾਦਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਤਸਵੀਰ ਸਿੰਘ ਖਿਲਚੀਆਂ, ਮੀਤ ਪ੍ਰਧਾਨ ਕੁਲਵੰਤ ਵਿਚ ਮੁੱਲੂਨਗਰ, ਜਨਰਲ ਸਕੱਤਰ ਸੁਰਜੀਤ ਸਿੰਘ ਦੁੱਧਰਾਏ, ਗੁਰਨਾਮ ਸਿੰਘ ਉਮਰਪੁਰਾ, ਰਸ਼ਪਾਲ ਸਿੰਘ ਸਿੱਧੂ, ਨਿਰਮਲ ਸਿੰਘ ਛੱਜਲਵੱਡੀ, ਸੁਖਵਿੰਦਰ ਸਿੰਘ ਧਾਰੜ, ਸ਼ੀਤਲ ਸਿੰਘ ਤਲਵੰਡੀ, ਅਜੀਤ ਰਾਮ, ਰਘਬੀਰ ਸਿੰਘ, ਜਸਬੀਰ ਸਿੰਘ, ਬਲਵਿੰਦਰ ਸਿੰਘ, ਸੁਦਰਸ਼ਨ ਕੁਮਾਰ, ਮਾ. ਜਨਕ ਰਾਜ, ਗੁਰਦਿਆਲ ਸਿੰਘ, ਦਲਜੀਤ ਸਿੰਘ, ਗੁਰਮੇਜ ਸਿੰਘ, ਜਗਜੀਤ ਸਿੰਘ, ਸਤਪਾਲ ਪੱਟੀ, ਸ਼ਿੰਦਾ ਸਿੰਘ, ਵਿਰਸਾ ਸਿੰਘ, ਮੁਖਤਾਰ ਸਿੰਘ, ਬਲਦੇਵ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਰੈਲੀ ਉਪਰੰਤ ਸਰਕਾਰਾਂ ਖਿਲਾਫ ਨਾਅਰੇਬਾਜ਼ੀ ਕਰਦਿਆਂ ਬੇਮਿਸਾਲ ਪ੍ਰਦਰਸ਼ਨ ਕੀਤਾ ਤੇ ਗੁੱਸੇ ਵਿਚ ਜੰਡਿਆਲਾ ਗੁਰੂ ਜੀ. ਟੀ. ਰੋਡ 'ਤੇ ਲੰਮਾ ਸਮਾਂ ਜਾਮ ਵੀ ਲਾਇਆ ਗਿਆ।


Related News