ਸਕੀਆਂ ਭੈਣਾਂ ਨੇ ਇਕੱਠਿਆਂ ਨਹਿਰ ਵਿੱਚ ਮਾਰੀ ਸੀ ਛਾਲ, ਇਕ ਕੁੜੀ ਦੀ ਲਾਸ਼ ਬਰਾਮਦ
Saturday, Jan 30, 2021 - 08:29 PM (IST)
ਜੀਰਾ (ਗੁਰਮੇਲ ਸੇਖਵਾਂ) : ਪਿੰਡ ਸੇਖਵਾਂ ਨਿਵਾਸੀ ਦੋ ਸੱਕੀਆਂ ਭੈਣ ਮਨਪ੍ਰੀਤ ਕੌਰ ਅਤੇ ਸਿਮਰਨ ਕੌਰ ਪੁੱਤਰੀਆਂ ਗੁਰਸੇਮ ਸਿੰਘ ਵੱਲੋਂ ਬੀਤੇ ਦਿਨੀ 28 ਜਨਵਰੀ ਨੂੰ ਪਿੰਡ ਘੱਲ ਖੁਰਦ ਵਾਲੀਆਂ ਵੱਡੀਆਂ ਨਹਿਰਾਂ ’ਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਤੱਕ ਇਕ ਕੁੜੀ ਮਨਪ੍ਰੀਤ ਕੌਰ ਦੀ ਲਾਸ਼ ਬਰਾਮਦ ਹੋਈ ਹੈ ਅਤੇ ਦੂਸਰੀ ਕੁੜੀ ਸਿਮਰਨ ਕੌਰ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਅੱਜ ਮਨਪ੍ਰੀਤ ਕੌਰ ਦਾ ਪਿੰਡ ਸੇਖਵਾਂ ਦੇ ਸ਼ਮਸ਼ਾਨ ਘਾਟ ’ਚ ਗਮਗੀਨ ਮਾਹੌਲ ’ਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਪਿੰਡ ਦੇ ਸਰਪੰਚ ਗੁਰਪ੍ਰੇਮ ਸਿੰਘ ਬੱਬੂ ਅਤੇ ਸਮੁੱਚੀ ਪੰਚਾਇਤ ਨੇ ਮਨਪ੍ਰੀਤ ਕੌਰ ਦੀ ਮੌਤ ਨੂੰ ਲੈ ਕੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਮਾਮਲਾ ਖੁਦਕੁਸ਼ੀ ਦਾ ਨਹੀਂ, ਕਤਲ ਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮਨਪ੍ਰੀਤ ਕੌਰ ਨੇ ਨਹਿਰ ’ਚ ਛਾਲ ਮਾਰੀ ਹੁੰਦੀ ਤਾਂ ਉਸਦੀ ਲਾਸ਼ ਨਹਿਰ ’ਚੋਂ ਹੀ ਬਰਾਮਦ ਹੋਣੀ ਚਾਹੀਦੀ ਸੀ, ਜਦਕਿ ਲਾਸ਼ ਪਿੰਡ ਰੱਤਾਖੇੜਾ ਦੇ ਸੇਮਨਾਲਾ ’ਚੋਂ ਬਰਾਮਦ ਹੋਈ ਹੈ। ਉਨ੍ਹਾਂ ਪੁਲਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਕੇ ਅਸਲੀਅਤ ਸਾਹਮਣੇ ਲਿਆਂਦੀ ਜਾਵੇ। ਦੱਸਣਯੋਗ ਹੈ ਕਿ 3 ਦਿਨ ਬੀਤ ਜਾਣ ਦੇ ਬਾਵਜੂਦ ਸਿਮਰਨ ਕੌਰ ਦਾ ਹੁਣ ਤੱਕ ਕੋਈ ਸੁਰਾਗ ਨਹੀਂ ਲੱਗਾ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਹੱਕ ’ਚ ਪਿੰਡ ‘ਨਥੇਹਾ’ ਦੀ ਪੰਚਾਇਤ ਦਾ ਵੱਡਾ ਫ਼ੈਸਲਾ, ਪਾਸ ਕੀਤੇ ਇਹ ਮਤੇ
ਡਾਕਟਰਾਂ ਵੱਲੋਂ ਜੋ ਰਿਪੋਰਟ ਦਿੱਤੀ ਜਾਵੇਗੀ, ਉਸ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ : ਡੀ. ਐੱਸ. ਪੀ.
ਦੂਜੇ ਪਾਸੇ ਡੀ. ਐੱਸ. ਪੀ. ਸਤਨਾਮ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਅੱਜ ਮਨਪ੍ਰੀਤ ਕੌਰ ਦਾ ਪੋਸਟਮਾਰਟ ਹੋਇਆ ਹੈ ਅਤੇ ਇਸ ਸਬੰਧੀ 5 ਮੈਂਬਰੀ ਡਾਕਟਰਾ ਦਾ ਬੋਰਡ ਬਣਾਇਆ ਗਿਆ ਹੈ। ਡਾਕਟਰਾਂ ਵੱਲੋਂ ਜੋ ਰਿਪੋਰਟ ਦਿੱਤੀ ਜਾਵੇਗੀ, ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਥਾਣਾ ਘੱਲ ਖੁਰਦ ਦੇ ਐੱਸ. ਐੱਚ. ਓ. ਗੁਰਤੇਜ ਸਿੰਘ ਨਾਲ ਮਿਲ ਕੇ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਰਕਾਰ ਦੀ ਸ਼ਹਿ ’ਤੇ ਵਾਪਰੀ ਲਾਲ ਕਿਲ੍ਹੇ ਵਾਲੀ ਘਟਨਾ : ਢੱਡਰੀਆਂ ਵਾਲੇ
ਨਹਿਰ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਸੀ
ਕੁੜੀਆਂ ਦੇ ਪਿਤਾ ਗੁਰਸੇਮ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਕੌਰ ਨੇ +2 ਕਲਾਸ ਤਲਵੰਡੀ ਭਾਈ ਦੇ ਸਕੂਲ ਤੋਂ ਪਾਸ ਕੀਤੀ ਹੈ ਤੇ ਛੋਟੀ ਕੁੜੀ ਸਿਮਰਨ +2 ਦੀ ਪੜ੍ਹਾਈ ਕਰ ਰਹੀ ਹੈ, ਜੋ ਮਨਪ੍ਰੀਤ ਕੌਰ ਆਪਣਾ ਸਰਟੀਫਿਕੇਟ ਸਕੂਲ ਤੋਂ ਲੈਣ ਲਈ ਕਹਿ ਕੇ ਸਿਮਰਨ ਨਾਲ ਗਈ ਸੀ। ਦੱਸਿਆ ਜਾਂਦਾ ਹੈ ਕਿ ਨਹਿਰ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?