ਵਿਦੇਸ਼ ਤੋਂ ਆਈ ਕੁੜੀ ਤੇ ਉਸ ਦੀ ਮਾਂ ’ਤੇ ਗੁਆਂਢੀ ਨੇ ਚਲਾਈ ਗੋਲ਼ੀ
Thursday, Oct 27, 2022 - 08:42 PM (IST)
ਖਾਲੜਾ (ਭਾਟੀਆ) : ਕਸਬਾ ਖਾਲੜਾ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਨਾਰਲਾ ਵਿਖੇ ਗੁਆਂਢ ਰਹਿੰਦੇ ਵਿਅਕਤੀ ਵੱਲੋਂ ਗੋਲ਼ੀ ਮਾਰ ਕੇ ਕੈਨੇਡਾ ਤੋਂ ਆਈ ਕੁੜੀ ਅਤੇ ਉਸ ਦੀ ਮਾਤਾ ਨੂੰ ਜ਼ਖ਼ਮੀ ਕਰ ਦੇਣ ਦੀ ਘਟਨਾ ਸਾਹਮਣੇ ਆਈ ਹੈ । ਇਸ ਸਬੰਧੀ ਹਸਪਤਾਲ ’ਚ ਦਾਖ਼ਲ ਜ਼ੇਰੇ ਇਲਾਜ ਜ਼ਖ਼ਮੀ ਅਮਰਜੀਤ ਕੌਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰਾ ਪਤੀ ਵਿਦੇਸ਼ ’ਚ ਰਹਿੰਦਾ ਹੈ, ਜਦਕਿ ਮੈਂ ਅਤੇ ਮੇਰਾ ਲੜਕਾ ਪਿੰਡ ਨਾਰਲਾ ਵਿਖੇ ਰਹਿੰਦੇ ਹਾਂ । ਕੁਝ ਸਮੇਂ ਤੋਂ ਮੇਰੀ ਵਿਦੇਸ਼ ਕੈਨੇਡਾ ਰਹਿੰਦੀ ਲੜਕੀ ਮਿਲਣ ਵਾਸਤੇ ਆਈ ਹੋਈ ਹੈ । ਸਾਡੇ ਸ਼ਰੀਕੇ ’ਚੋਂ ਦੋਹਤਾ ਲੱਗਦਾ ਹਰਪਾਲ ਸਿੰਘ ਸਾਡੇ ਗੁਆਂਢ ’ਚ ਰਹਿੰਦਾ ਹੈ । ਉਸ ਵੱਲੋਂ ਕਈ ਤਰ੍ਹਾਂ ਦੇ ਇਲਜਾਮ ਲਗਾ ਕੇ ਸਾਡੇ ਨਾਲ ਝਗੜਾ ਕੀਤਾ ਜਾ ਰਿਹਾ ਸੀ ।
ਇਹ ਖ਼ਬਰ ਵੀ ਪੜ੍ਹੋ : ਸਮੁੱਚਾ ਸਿੱਖ ਪੰਥ ਇਕ ਪਲੇਟਫਾਰਮ ’ਤੇ ਇਕੱਠਾ ਹੋ ਕੇ ਘੱਟਗਿਣਤੀਆਂ ਦੀ ਸੁਰੱਖਿਆ ਲਈ ਹੋਵੇ ਮਜ਼ਬੂਤ : ਸਿਮਰਨਜੀਤ ਮਾਨ
ਅੱਜ ਵੀਰਵਾਰ ਉਸ ਵੱਲੋਂ ਆਪਣੀ ਪਤਨੀ ਸਮੇਤ ਸਾਡੇ ਉੱਪਰ ਬੇਬੁਨਿਆਦ ਦੋਸ਼ ਲਗਾਏ ਗਏ ਕਿ ਤੁਸੀਂ ਰੂੜੀ ਉੱਪਰ ਡਾਈਪਰ ਸੁੱਟਦੇ ਹੋ । ਇਸ ਸਬੰਧੀ ਉਸ ਨੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ । ਮੇਰੀ ਧੀ ਵੱਲੋਂ ਪੁਲਸ ਹੈਲਪਲਾਈਨ ’ਤੇ ਕਾਲ ਕੀਤੀ ਗਈ ਤਾਂ ਪੁਲਸ ਮੁਲਾਜ਼ਮ ਉਥੇ ਪੁੱਜਣ ’ਤੇ ਉਹ ਉਨ੍ਹਾਂ ਨਾਲ ਵੀ ਉਲਝਣ ਲੱਗ ਪਿਆ । ਉਸ ਵੱਲੋਂ ਧਮਕੀ ਦਿੱਤੀ ਗਈ ਕਿ ਤੇਰੀ ਧੀ ਨੂੰ ਮੈਂ ਹੁਣ ਕੈਨੇਡਾ ਵਾਪਸ ਨਹੀਂ ਜਾਣ ਦੇਣਾ । ਇਸੇ ਦੌਰਾਨ ਉਸ ਵੱਲੋਂ ਸਾਡੇ ਉ਼ੱਪਰ ਗੋਲ਼ੀ ਚਲਾਈ ਗਈ, ਜਿਸ ਦੇ ਛੱਰੇ ਮੇਰੇ ਅਤੇ ਮੇਰੀ ਧੀ ਦੇ ਲੱਗਣ ਕਾਰਨ ਅਸੀਂ ਜ਼ਖ਼ਮੀ ਹੋ ਗਈਆਂ । ਜਿਸ ਤੋਂ ਬਾਅਦ ਸਾਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੋਂ ਮੇਰੀ ਧੀ ਨੂੰ ਡਾਕਟਰਾਂ ਵੱਲੋਂ ਇਲਾਜ ਲਈ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ ।
ਇਹ ਖ਼ਬਰ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਸੰਕੇਤ, ਪੰਜਾਬ ’ਚ ਬੰਦ ਹੋਣਗੇ ਟੋਲ ਪਲਾਜ਼ਾ
ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸ ਦਾ ਲਾਇਸੈਂਸ ਰੱਦ ਕਰ ਕੇ ਉਸ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ । ਇਸ ਸਬੰਧੀ ਥਾਣਾ ਖਾਲੜਾ ਦੇ ਐੱਸ. ਐੱਚ. ਓ. ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜ਼ਖ਼ਮੀ ਔਰਤਾਂ ਦੇ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ ।