ਤਲਵੰਡੀ ਭਾਈ ’ਚ ਪਰਵਾਸੀ ਮਜ਼ਦੂਰ ਦੀ ਝੁੱਗੀ ਨੂੰ ਲੱਗੀ ਅੱਗ

Wednesday, Oct 16, 2024 - 10:55 AM (IST)

ਤਲਵੰਡੀ ਭਾਈ (ਗੁਲਾਟੀ) : ਸ਼ਹਿਰ ਦੇ ਅਜੀਤ ਨਗਰ ’ਚ ਇੱਕ ਪਰਵਾਸੀ ਮਜ਼ਦੂਰ ਦੀ ਝੁੱਗੀ ਸੜ ਕੇ ਸੁਆਹ ਹੋ ਗਈ। ਇਸ ਦੌਰਾਨ ਜਿੱਥੇ ਲੱਖਾਂ ਰੁਪਏ ਦਾ ਨੁਕਸਾਨ ਹੋਇਆ, ਉੱਥੇ ਇਕ ਵਿਅਕਤੀ ਅੱਗ ਦੀ ਲਪੇਟ ’ਚ ਆ ਕੇ ਜ਼ਖਮੀ ਹੋ ਗਿਆ। ਅੱਗ ਲੱਗਣ ਕਾਰਨ ਝੁੱਗੀ ਅੰਦਰ 50 ਹਜ਼ਾਰ ਰੁਪਏ ਦੀ ਨਕਦੀ ਤੋਂ ਇਲਾਵਾ ਫਰਿੱਜ, ਐੱਲ. ਸੀ. ਡੀ., ਬੈੱਡ, ਪੱਖਾ, ਅਲਮਾਰੀ, ਕੱਪੜੇ ਆਦਿ ਵੱਡੀ ਗਿਣਤੀ ’ਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਏ।

ਝੁੱਗੀ ਮਾਲਕ ਰੁਹਾਲ ਪਸਵਾਨ ਨੇ ਦੱਸਿਆ ਕਿ ਉਹ ਅਜੀਤ ਨਗਰ ’ਚ ਇਕ ਝੁੱਗੀ ’ਚ ਰਹਿੰਦਾ ਹੈ ਅਤੇ ਆਪ ਇਕ ਕਰਿਆਨੇ ਦੀ ਦੁਕਾਨ ’ਤੇ ਕੰਮ ਕਰਦਾ ਹੈ, ਉਸ ਨੇ ਬੜੀ ਮਿਹਨਤ ਨਾਲ ਇਕ-ਇਕ ਕਰ ਕੇ ਇਹ ਸਾਮਾਨ ਬਣਾਇਆ ਸੀ, ਜੋ ਸੜ ਕੇ ਸੁਆਹ ਹੋ ਗਿਆ। ਉਸ ਨੇ ਦੱਸਿਆ ਕਿ ਝੁੱਗੀ ’ਚ ਇਕ ਦਮ ਅੱਗ ਪੈ ਗਈ। ਭਾਰੀ ਜਦੋ-ਜਹਿਦ ਪਿੱਛੋਂ ਲੋਕਾਂ ਦੇ ਸਹਿਯੋਗ ਨਾਲ ਇਸ ਅੱਗ ’ਤੇ ਕਾਬੂ ਪਾਇਆ ਗਿਆ। ਉਸ ਨੇ ਦੱਸਿਆ ਕਿ ਜਗ੍ਹਾ ਲੈਣ ਵਾਸਤੇ 50 ਹਜ਼ਾਰ ਰੁਪਏ ਕਿਸੇ ਫੜ੍ਹੇ ਸਨ, ਉਹ ਵੀ ਅੱਗ ਲੱਗਣ ਸੜ ਗਏ। ਇਸ ਤੋਂ ਇਲਾਵਾ ਫਰਿੱਜ, ਐੱਲ. ਸੀ. ਡੀ., ਬੈੱਡ, ਪੱਖਾ, ਅਲਮਾਰੀ, ਕੱਪੜੇ ਆਦਿ ਸਾਮਾਨ ਅੱਗ ਦੀ ਭੇਟ ਚੜ੍ਹ ਗਿਆ। ਗਰੀਬ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ।
 


Babita

Content Editor

Related News