ਦਰਜੀ ਦੀ ਦੁਕਾਨ ਨੂੰ ਲੱਗੀ ਅੱਗ, ਮਸ਼ੀਨਾਂ ਸਣੇ ਪੁਲਸ ਕਰਮਚਾਰੀਆਂ ਦੀਆਂ ਵਰਦੀਆਂ ਸੜ ਕੇ ਹੋਈਆਂ ਸੁਆਹ
Wednesday, Mar 08, 2023 - 04:53 PM (IST)
ਜਲੰਧਰ/ਫਿਲੌਰ (ਸੋਨੂੰ)- ਜ਼ਿਲ੍ਹਾ ਜਲੰਧਰ ਦੇ ਫਿਲੌਰ ਦੇ ਕਿਲਾ ਰੋਡ 'ਤੇ ਪੈਂਦੇ ਰੇਲਵੇ ਸਟੇਸ਼ਨ ਸਾਹਮਣੇ ਪ੍ਰਿੰਸ ਟੇਲਰ ਦਰਜੀ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਸਿਲਾਈ ਮਸ਼ੀਨਾਂ ਅਤੇ ਪੁਲਸ ਕਰਮਚਾਰੀਆਂ ਦੀਆਂ ਵਰਦੀਆਂ ਬਣਾਉਣ ਵਾਲੇ ਕੱਪੜਿਆਂ ਦੇ ਥਾਣ ਸੜ ਕੇ ਸੁਆਹ ਹੋ ਗਏ। ਅੱਗ ਲੱਗਣ ਦਾ ਪਤਾ ਸਵੇਰੇ ਉਸ ਸਮੇਂ ਲੱਗਿਆ ਜਦੋਂ ਦੁਕਾਨਦਾਰ ਨੇ ਦੁਕਾਨ ਖੋਲ੍ਹੀ ਤਾਂ ਅੰਦਰੋਂ ਧੂੰਆਂ ਨਿਕਲ ਰਿਹਾ ਸੀ। ਵੇਖਦੇ ਹੀ ਵੇਖਦੇ ਅੱਗ ਨੇ ਜ਼ੋਰ ਫੜ ਲਿਆ। ਮੌਕੇ 'ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਉਨ੍ਹਾਂ ਕਾਫ਼ੀ ਜੱਦੋ-ਜਹਿਦ ਉਪਰੰਤ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ।
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ਵਿਖੇ ਮੁੜ ਵਾਪਰੀ ਮੰਦਭਾਗੀ ਘਟਨਾ, ਹੋਲੇ-ਮਹੱਲੇ 'ਤੇ ਗਏ ਕਪੂਰਥਲਾ ਦੇ ਦੋ ਨੌਜਵਾਨ ਦਰਿਆ 'ਚ ਡੁੱਬੇ
ਦੁਕਾਨ ਮਾਲਕ ਰੋਹਿਤ ਕੁਮਾਰ ਨੇ ਦੱਸਿਆ ਕਿ ਉਹ ਪੁਲਸ ਕਰਮਚਾਰੀਆਂ ਦੀਆਂ ਵਰਦੀਆਂ ਸਿਓਣ ਦਾ ਕੰਮ ਕਰਦਾ ਹੈ। ਭਾਰੀ ਮਾਤਰਾ ਵਿਚ ਪੁਲਸ ਵਾਲਿਆਂ ਦੀਆਂ ਵਰਦੀਆਂ ਦਾ ਕੱਪੜਾ ਅਤੇ ਹੋਰ ਸਾਮਾਨ ਪਿਆ ਸੀ, ਜੋ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਿਆ। ਰੋਹਿਤ ਕੁਮਾਰ ਨੇ ਦੱਸਿਆ ਕਿ ਉਸ ਦਾ ਕਰੀਬ 7 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਫਿਲੌਰ ਨਗਰ ਕੌਂਸਲ ਨੂੰ ਫਾਇਰ ਬ੍ਰਿਗੇਡ ਦੀਆ ਦੋ ਗੱਡੀਆਂ ਮਿਲ ਚੁੱਕੀਆਂ ਹਨ, ਜੋ ਸਫੈਦ ਹਾਥੀ ਸਾਬਤ ਹੋ ਰਹੀਆਂ ਹਨ। ਉਧਰ ਜਦੋਂ ਪ੍ਰਧਾਨ ਮਹਿੰਦਰ ਰਾਮ ਨਗਰ ਕੌਂਸਲ ਫਿਲੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਤਿੰਨ-ਚਾਰ ਵਾਰ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਚੁੱਕੇ ਹਾਂ ਕਿ ਸਾਨੂੰ ਸਟਾਫ਼ ਦਿਓ ਪਰ ਕੋਈ ਸਟਾਫ਼ ਅੱਜ ਤੱਕ ਨਹੀਂ ਮਿਲਿਆ।
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ਦੀ ਘਟਨਾ ਨੂੰ ਲੈ ਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਵੱਡਾ ਬਿਆਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।