ਬੱਸ ''ਚੋਂ ਧੱਕੇ ਨਾਲ ਉਤਾਰ ਕੇ ਨੌਜਵਾਨ ''ਤੇ ਜਾਨਲੇਵਾ ਹਮਲਾ

Friday, Mar 02, 2018 - 03:59 AM (IST)

ਬੱਸ ''ਚੋਂ ਧੱਕੇ ਨਾਲ ਉਤਾਰ ਕੇ ਨੌਜਵਾਨ ''ਤੇ ਜਾਨਲੇਵਾ ਹਮਲਾ

ਕਾਠਗੜ੍ਹ, (ਰਾਜੇਸ਼/ਭਾਟੀਆ)- ਬੱਸ ਅੱਡਾ ਕਾਠਗੜ੍ਹ ਮੌੜ 'ਤੇ ਬੀਤੀ ਸ਼ਾਮ ਇਕ ਨੌਜਵਾਨ ਨੂੰ ਜ਼ਬਰਦਸਤੀ ਬੱਸ 'ਚੋਂ ਉਤਾਰ ਕੇ ਕੁੱਝ ਅਣਪਛਾਤੇ ਨੌਜਵਾਨਾਂ ਵੱਲੋਂ ਉਸ 'ਤੇ ਡੰਡਿਆਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਗਿਆ, ਜਿਸ ਦੀ ਜਾਨ ਉਥੇ ਮੌਜੂਦ ਲੋਕਾਂ ਦੀ ਮਦਦ ਨਾਲ ਬਚੀ।
ਜਾਣਕਾਰੀ ਦਿੰਦੇ ਹੋਏ ਥਾਣਾ ਕਾਠਗੜ੍ਹ ਦੇ ਐੱਸ.ਐੱਚ.ਓ. ਗੁਰਦਿਆਲ ਸਿੰਘ ਨੇ ਦੱਸਿਆ ਕਿ ਬਲਾਚੌਰ ਵਾਸੀ ਨੌਜਵਾਨ ਵਿਨੋਦ ਕੁਮਾਰ ਉਰਫ ਕਾਕਾ ਰੋਪੜ ਤੋਂ ਬੱਸ 'ਚ ਸਵਾਰ ਹੋ ਕੇ ਬਲਾਚੌਰ ਜਾ ਰਿਹਾ ਸੀ। ਉਸ ਨੂੰ ਪਹਿਲਾਂ ਤੋਂ ਹੀ ਬੱਸ 'ਚ ਸਵਾਰ 2 ਨੌਜਵਾਨ ਤੰਗ-ਪ੍ਰੇਸ਼ਾਨ ਤੇ ਧੱਕਾ-ਮੁੱਕੀ ਕਰਦੇ ਆ ਰਹੇ ਸਨ। ਬੱਸ ਦੀਆਂ ਸਵਾਰੀਆਂ ਨੇ ਜਦੋਂ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਦੋਵੇਂ ਨੌਜਵਾਨਾਂ ਨੇ ਉਸ 'ਤੇ ਝੂਠਾ ਦੋਸ਼ ਲਾ ਕੇ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਜਿਉਂ ਹੀ ਅੱਡੇ 'ਤੇ ਬੱਸ ਰੁਕੀ ਤਾਂ ਨੌਜਵਾਨਾਂ ਨੇ ਵਿਨੋਦ ਕੁਮਾਰ ਨੂੰ ਧੱਕਾ ਮਾਰ ਕੇ ਬੱਸ 'ਚੋਂ ਜ਼ਬਰਦਸਤੀ ਉਤਾਰ ਦਿੱਤਾ ਤੇ ਕਾਠਗੜ੍ਹ ਮੌੜ 'ਤੇ ਪਹਿਲਾਂ ਤੋਂ ਹੀ ਮੌਜੂਦ 4-5 ਨੌਜਵਾਨਾਂ ਨੇ ਉਸ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਫਿਰ ਉਹ ਕੋਲ ਖੜ੍ਹੀ ਕਾਰ 'ਚੋਂ ਡੰਡੇ ਕੱਢ ਕੇ ਨੌਜਵਾਨ ਨੂੰ ਕੁੱਟਣ ਲੱਗੇ ਤਾਂ ਉਥੇ ਮੌਜੂਦ ਸਥਾਨਕ ਦੁਕਾਨਦਾਰਾਂ ਤੇ ਕਾਠਗੜ੍ਹ ਵਾਸੀ ਨੌਜਵਾਨ ਦੀ ਮਦਦ ਲਈ ਅੱਗੇ ਆਏ, ਜਦਕਿ ਇਸ ਦੀ ਸੂਚਨਾ ਮਿਲਦੇ ਹੀ ਏ.ਐੱਸ.ਆਈ. ਮਨਜੀਤ ਸਿੰਘ ਹੋਰ ਮੁਲਾਜ਼ਮਾਂ ਨਾਲ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੂੰ ਦੇਖ ਕੇ ਹਮਲਾਵਰ ਨੌਜਵਾਨ ਫਰਾਰ ਹੋ ਗਏ। ਜਦਕਿ ਕਾਰ ਸਮੇਤ ਇਕ ਨੌਜਵਾਨ ਮਨਜੋਤ ਸਿੰਘ ਵਾਸੀ ਮਜਾਰੀ ਕਲਾਂ ਥਾਣਾ ਸਮਰਾਲਾ ਨੂੰ ਕਾਬੁ ਕਰ ਕੇ ਪੁਲਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ। 
ਹਮਲਾਵਰਾਂ ਨੇ ਕਾਰ ਦੀ ਨੰਬਰ ਪਲੇਟ 'ਤੇ ਲਾਈ ਸੀ ਮਿੱਟੀ : ਹਮਲਾਵਰਾਂ ਦੀ ਕਾਰ 'ਚੋਂ ਦਰਜਨਾਂ ਦੇ ਹਿਸਾਬ ਨਾਲ ਡੰਡੇ ਬਰਾਮਦ ਹੋਏ। ਜਦਕਿ ਕਾਰ ਦੀ ਨੰਬਰ ਪਲੇਟ 'ਤੇ ਗਾਰਾ ਤੇ ਮਿੱਟੀ ਲਾਈ ਗਈ ਸੀ ਤਾਂ ਕਿ ਨੰਬਰ ਨਾ ਪੜ੍ਹਿਆ ਜਾ ਸਕੇ। ਉਧਰ, ਐੱਸ.ਐੱਚ.ਓ. ਗੁਰਦਿਆਲ ਸਿੰਘ ਨੇ ਦੱਸਿਆ ਕਿ ਇਕ ਹਮਲਾਵਰ ਨੂੰ ਕਾਬੂ ਕੀਤਾ ਗਿਆ ਹੈ। ਬਾਕੀਆਂ ਨੂੰ ਵੀ ਜਲਦੀ ਹੀ ਫੜ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਗੁੰਡਾਗਰਦੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। 


Related News