ਗੰਦਗੀ ਦੇ ਢੇਰਾਂ ''ਤੇ ਨਗਰ ਕੌਂਸਲ ਦੀ ਨਹੀਂ ਪਈ ਸਵੱਲੀ ਨਜ਼ਰ

Sunday, Feb 11, 2018 - 02:25 AM (IST)

ਬਾਘਾਪੁਰਾਣਾ,   (ਮੁਨੀਸ਼)-  ਭਾਵੇਂ ਸਥਾਨਕ ਨਗਰ ਕੌਂਸਲ ਵੱਲੋਂ 'ਸਵੱਛ ਭਾਰਤ ਮੁਹਿੰਮ' ਤਹਿਤ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸਥਾਨਕ ਸ਼ਹਿਰ ਦੀ ਨਹਿਰੂ ਮੰਡੀ 'ਚ ਸਥਿਤ ਸ਼ਿਵ ਮੰਦਰ ਦੇ ਆਲੇ-ਦੁਆਲੇ ਲੱਗੇ ਗੰਦਗੀ ਦੇ ਢੇਰ ਇਨ੍ਹਾਂ ਦਾਅਵਿਆਂ ਦੀ ਹਵਾ ਕੱਢ ਰਹੇ ਹਨ। ਨਗਰ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਨੂੰ ਸਾਫ-ਸਫਾਈ ਕਰਨ ਲਈ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਇਲਾਵਾ ਸੰਦੇਸ਼ ਦੇਣ ਲਈ ਇਸ਼ਤਿਹਾਰ ਚਿਪਕਾਏ ਹੋਏ ਹਨ ਪਰ ਨਗਰ ਕੌਂਸਲ ਖੁਦ ਹੀ ਇਸ 'ਤੇ ਅਮਲ ਨਹੀਂ ਕਰ ਰਹੀ।
ਇਸ ਮੰਦਰ 'ਚ ਸ਼ਹਿਰ ਦੇ ਲੋਕ ਸ਼ਾਮ-ਸਵੇਰੇ ਨਤਮਸਤਕ ਹੋਣ ਲਈ ਆਉਂਦੇ ਹਨ, ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਇਸ ਮੰਦਰ ਦੇ ਆਲੇ-ਦੁਆਲੇ ਲੱਗੇ ਗੰਦਗੀ ਦੇ ਢੇਰਾਂ ਦੇ ਦਰਸ਼ਨ ਕਰਨੇ ਪੈਂਦੇ ਹਨ। ਨਹਿਰ ਮੰਡੀ ਸਥਿਤ ਆੜ੍ਹਤੀ ਅਤੇ ਦੁਕਾਨਦਾਰਾਂ ਨੇ ਕਿਹਾ ਕਿ ਉਹ ਕਈ ਵਾਰ ਇਸ ਸਬੰਧੀ ਪ੍ਰਸ਼ਾਸਨ ਨੂੰ ਜਾਣੂ ਕਰਵਾ ਚੁੱਕੇ ਹਨ ਪਰ ਉਨ੍ਹਾਂ ਦਾ ਇਸ ਵੱਲ ਧਿਆਨ ਅੱਜ ਤੱਕ ਕੇਂਦਰਿਤ ਨਹੀਂ ਹੋਇਆ। ਉਨ੍ਹਾਂ ਮੰਗ ਕੀਤੀ ਕਿ ਮੰਦਰ ਦੇ ਆਲੇ-ਦੁਆਲੇ ਲੱਗੇ ਗੰਦਗੀ ਦੇ ਢੇਰਾਂ ਨੂੰ ਚੁੱਕਵਾਇਆ ਜਾਵੇ ਤੇ ਚੰਗੀ ਤਰ੍ਹਾਂ ਸਫਾਈ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਇਸ ਆਸਥਾ ਦੇ ਕੇਂਦਰ ਬਣੇ ਮੰਦਰ 'ਚ ਆਉਣ ਲਈ ਕੋਈ ਪ੍ਰੇਸ਼ਾਨੀ ਨਾ ਪੇਸ਼ ਆਵੇ।


Related News