ਭਾਰਤ-ਪਾਕਿਸਤਾਨ ਸਰਹੱਦ ਤੋਂ 5 ਕਿੱਲੋ ਹੈਰੋਇਨ ਬਰਾਮਦ, ਇਕ ਵੱਡਾ ਡਰੋਨ ਵੀ ਮਿਲਿਆ
Friday, Dec 02, 2022 - 11:31 AM (IST)

ਤਰਨਤਾਰਨ (ਰਮਨ,ਸੋਨੀਆ)- ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਨੂੰ ਪਾਰ ਕਰਨ ਵਾਲੇ ਡਰੋਨ ਨੂੰ ਥਾਣਾ ਖੇਮਕਰਨ ਦੀ ਪੁਲਸ ਵੱਲੋਂ ਖ਼ੇਤਾਂ ਤੋਂ ਬਰਾਮਦ ਕਰ ਲਿਆ ਗਿਆ ਹੈ ਪੁਲਸ ਨੇ ਇਸ ਡਰੋਨ ਨਾਲ ਪੰਜ ਪੈਕਟ ਹੈਰੋਇਨ ਵੀ ਬਰਾਮਦ ਕੀਤੀ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਭਾਰਤੀ ਖੇਤਰ ’ਚ ਦਾਖ਼ਲ ਹੋਏ ਇਸ ਡਰੋਨ ਨੂੰ ਬੀ.ਐੱਸ.ਐੱਫ਼ ਦੀ 101 ਬਟਾਲੀਅਨ ਵੱਲੋਂ ਫ਼ਾਇਰਿੰਗ ਕਰਦੇ ਹੋਏ ਹੇਠਾਂ ਸੁੱਟ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਗੰਨ ਕਲਚਰ ਖ਼ਿਲਾਫ਼ ਐਕਸ਼ਨ, 12 ਹਜ਼ਾਰ ਅਸਲਾ ਲਾਇਸੈਂਸਾਂ ਦੀ ਵੈਰੀਫ਼ਿਕੇਸ਼ਨ ਸ਼ੁਰੂ
ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਭਿਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਪਾਕਿਸਤਾਨੀ ਡਰੋਨ ਜੋ ਬੀਤੀ ਰਾਤ ਸੈਕਟਰ ਖੇਮਕਰਨ ਅਧੀਨ ਆਉਂਦੇ ਹਨ, ਬੀ.ਓ.ਪੀ ਹਰਭਜਨ ਬੇਲਰ ਨੰਬਰ 153 /20-21 ਰਾਹੀਂ ਭਾਰਤੀ ਖ਼ੇਤਰ ’ਚ ਦਾਖ਼ਲ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਨੂੰ ਖਦੇੜਨ ਲਈ ਸਰਹੱਦ ਉਪਰ ਤਾਇਨਾਤ ਬੀ.ਐੱਸ.ਐੱਫ਼ ਵੱਲੋਂ ਕੁਝ ਰੋਂਦ ਫ਼ਾਇਰਿੰਗ ਕਰਦੇ ਹੋਏ ਬੰਬ ਵੀ ਦਾਗਿਆ ਗਿਆ ਸੀ।
ਡੀ.ਐੱਸ.ਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਬੀ.ਐੱਸ.ਐੱਫ਼ ਅਤੇ ਥਾਣਾ ਖੇਮਕਰਨ ਦੀ ਪੁਲਸ ਵੱਲੋਂ ਸ਼ੁੱਕਰਵਾਰ ਸਵੇਰੇ ਸਰਹੱਦ ਨੇੜੇ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਕੁਲਦੀਪ ਸਿੰਘ ਪੁੱਤਰ ਦਯਾ ਸਿੰਘ ਦੇ ਖੇਤਾਂ ’ਚੋਂ ਹੈਕਸਾ ਕਾਪਟਰ (ਡਰੋਨ) ਨੂੰ 5 ਕਿਲੋ ਹੈਰੋਇਨ ਸਮੇਤ ਬਰਾਮਦ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।