ਮਾਈਨਿੰਗ ਦੀ ਕਵਰੇਜ ਕਰਨ ਗਏ 3 ਵਿਅਕਤੀਅਾਂ ’ਤੇ ਜਾਨਲੇਵਾ ਹਮਲਾ
Monday, Jul 30, 2018 - 12:56 AM (IST)
ਜਲਾਲਾਬਾਦ, (ਸੇਤੀਆ)– ਜਲਾਲਾਬਾਦ ਦੇ ਅਮੀਰ ਖਾਸ ਨੇਡ਼ੇ ਚੱਲ ਮਾਈਨਿੰਗ ਦੀ ਕਵਰੇਜ਼ ਕਰਨ ਪਹੁੰਚੇ ਕੁਝ ਲੋਕਾਂ ’ਚੋਂ ਤਿੰਨ ਵਿਅਕਤੀਅਾਂ ’ਤੇ ਜਾਨਲੇਵਾ ਹਮਲਾ ਹੋਣ ਦਾ ਸਮਾਚਾਰ ਹੈ। ਗੰਭੀਰ ਜ਼ਖਮੀਅਾਂ ਨੂੰ ਹਸਪਤਾਲ ਲਿਅਾਂਦਾ ਗਿਆ ਜਿਥੇ ਡਾਕਟਰ ਮੌਜੂਦ ਨਹੀਂ ਸਨ ਅਤੇ ਕਾਫੀ ਸਮਾਂ ਬਾਅਦ ਇਕ ਨਿਜੀ ਡਾਕਟਰ ਨੂੰ ਬੁਲਾ ਕੇ ਜ਼ਖਮੀਅਾਂ ਨੂੰ ਮੁੱਢਲੀ ਮੈਡੀਕਲ ਸੇਵਾ ਦਿੱਤੀ ਗਈ। ਹਸਪਤਾਲ ’ਚ ਜ਼ੇਰੇ ਇਲਾਜ ਇਕ ਵਿਅਕਤੀ ਨੇ ਦੱਸਿਆ ਕਿ ਉਹ ਤੇ ਉਸਦੇ ਦੋ ਹੋਰ ਸਾਥੀ ਨਾਜਾਇਜ਼ ਮਾਇਨਿੰਗ ਦੀ ਕਵਰੇਜ ਕਰਨ ਆਏ ਸਨ। ਜਿਨ੍ਹਾਂ ’ਤੇ ਕੁਝ ਲੋਕਾਂ ਨੇ ਹਮਲਾ ਕਰ ਕੇ ਉਨ੍ਹਾਂ ਤੋਂ ਕੈਮਰੇ ਵੀ ਖੋਹ ਲਏ।
ਜ਼ਖਮੀਅਾਂ ਬਾਰੇ ਸੂਚਨਾ ਮਿਲਣ ’ਤੇ ਫਾਜ਼ਿਲਕਾ ਦੇ ਸਿਵਲ ਸਰਜਨ ਹਸਪਤਾਲ ਪੁੱਜੇ। ਜਿਨ੍ਹਾਂ ਨੇ ਜ਼ਖਮੀਅਾਂ ’ਚੋਂ 2 ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਸੀਨੀਅਰ ਪੁਲਸ ਕਪਤਾਨ ਗੁਲਨੀਤ ਸਿੰਘ ਖੁਰਾਣਾ ਵੱਲੋਂ ਸਾਰੇ ਮਾਮਲੇ ਦੀ ਜਾਣਕਾਰੀ ਲੈ ਕੇ ਡੀ. ਐੱਸ. ਪੀ. ਜਲਾਲਾਬਾਦ ਅਮਰਜੀਤ ਸਿੰਘ ਸਿੱਧੂ ਨੂੰ ਇਸ ਸੰਬੰਧੀ ਜਾਂਚ ਕਰਨ ਲਈ ਕਿਹਾ ਗਿਆ। ਜਿਸ ਪਿੱਛੋਂ ਪੁਲਸ ਵੱਲੋਂ ਘਟਨਾ ਸਥਾਨ ’ਤੇ ਛਾਪੇਮਾਰੀ ਕਰਕੇ 1 ਜੇ. ਸੀ. ਬੀ. ਮਸ਼ੀਨ, ਪਾਣੀ ਵਾਲਾ ਟੈਂਕਰ ਅਤੇ ਇਕ ਟਰੈਕਟਰ ਆਦਿ ਕਬਜ਼ੇ ’ਚ ਲੈ ਲਿਆ।
