ਜਗਰਾਓਂ ਦੇ ਸਕੂਲ 'ਚ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ, ਸੁਣਨਾ ਹੋਇਆ ਬੰਦ, CCTV ਦਿਖਾਉਣ ਤੋਂ ਕੀਤਾ ਇਨਕਾਰ

Friday, Nov 10, 2023 - 11:48 AM (IST)

ਜਗਰਾਓਂ ਦੇ ਸਕੂਲ 'ਚ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ, ਸੁਣਨਾ ਹੋਇਆ ਬੰਦ, CCTV ਦਿਖਾਉਣ ਤੋਂ ਕੀਤਾ ਇਨਕਾਰ

ਜਗਰਾਓਂ (ਮਾਲਵਾ) : ਇੱਥੇ ਪਿੰਡ ਅਲੀਗੜ੍ਹ ਦੇ ਨੇੜੇ ਸਥਿਤ ਇਕ ਨਿੱਜੀ ਸਕੂਲ ਦੇ 3  ਅਧਿਆਪਕਾਂ ਵੱਲੋਂ ਸਕੂਲ 'ਚ ਹੀ ਪੜ੍ਹਨ ਵਾਲੇ ਇਕ 11ਵੀਂ ਜਮਾਤ ਦੇ ਵਿਦਿਆਰਥੀ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਪੂਰੇ ਮਾਮਲੇ ਸਬੰਧੀ ਕੁੱਟਮਾਰ ਦਾ ਸ਼ਿਕਾਰ ਹੋਏ 11ਵੀਂ ਜਮਾਤ ਦੇ ਵਿਦਿਆਰਥੀ ਨੇ ਦੱਸਿਆ ਕਿ ਉਸ ਦੇ ਸਕੂਲ ਦੇ ਡੀ. ਪੀ. ਨੇ ਉਸ ਨਾਲ ਇਸ ਕਰ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਕਿ ਮੈਂ ਆਪਣਾ ਗਲਾ ਸੁੱਕਣ ਦੇ ਚੱਲਦਿਆਂ ਆਪਣੀ ਪਾਣੀ ਵਾਲੀ ਬੋਤਲ ਵਿਚੋਂ ਉਨ੍ਹਾਂ ਨੂੰ ਬਿਨਾਂ ਪੁੱਛੇ ਪਾਣੀ ਪੀ ਲਿਆ ਸੀ। ਇਸ ਤੋਂ ਤੈਸ਼ 'ਚ ਆਏ ਅਧਿਆਪਕ ਨੇ ਆਪਣੇ ਹੱਥ 'ਚ ਫੜ੍ਹਿਆ ਡੰਡਾ ਉਸ 'ਤੇ ਵਰ੍ਹਾਉਣਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ, ਉਨ੍ਹਾਂ ਨੇ ਆਪਣੇ ਦੋ ਹੋਰ ਡੀ. ਪੀ. ਅਧਿਆਪਕ ਸਾਥੀਆਂ ਨੂੰ ਵੀ ਮੌਕੇ ’ਤੇ ਬੁਲਾ ਕੇ ਉਸ ਨਾਲ ਕੁੱਟਮਾਰ ਕਰਦਿਆਂ ਹੋਇਆਂ ਘਸੁੰਨ-ਮੁੱਕੀ, ਵਾਲਾਂ ਤੋਂ ਫੜ੍ਹ ਕੇ ਥੱਲੇ ਘੜੀਸਣਾ, ਗਲੇ 'ਚ ਪਾਏ ਆਈ ਕਾਰਡ ਤੋਂ ਫੜ੍ਹ ਕੇ ਜ਼ੋਰ ਨਾਲ ਥੱਪੜ ਮਾਰ ਕੇ ਕਾਫੀ ਤਸ਼ੱਦਦ ਕੀਤਾ। ਇਸ ਦੇ ਚੱਲਦਿਆਂ ਉਸ ਦੇ ਕੰਨਾਂ ਵਿਚੋਂ ਸੁਣਨਾ ਤੱਕ ਬੰਦ ਹੋ ਗਿਆ ਸੀ। ਇਸ ਪੂਰੇ ਮਾਮਲੇ ਸਬੰਧੀ ਕੁੱਟਮਾਰ ਦਾ ਸ਼ਿਕਾਰ ਹੋਏ ਵਿਦਿਆਰਥੀ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਪੁੱਤ ਦੀ ਕੁੱਟਮਾਰ ਕਰਨ ਤੋਂ ਬਾਅਦ ਸਕੂਲ ਪ੍ਰਬੰਧਕਾਂ ਵੱਲੋਂ 1 ਵਜੇ ਦੇ ਕਰੀਬ ਉਸ ਨੂੰ ਫੋਨ ਕਰ ਕੇ ਸਕੂਲ ਬੁਲਾਇਆ ਗਿਆ ਅਤੇ ਜਦੋਂ ਉਸ ਨੇ ਸਕੂਲ 'ਚ ਜਾ ਕੇ ਵੇਖਿਆ ਤਾਂ ਉਸ ਦਾ ਪੁੱਤਰ ਪ੍ਰਿੰਸੀਪਲ ਦੇ ਰੂਮ 'ਚ ਬਿਠਾਇਆ ਹੋਇਆ ਸੀ, ਜੋ ਕਿ ਕਾਫੀ ਡਰਿਆ ਤੇ ਸਹਿਮਿਆ ਹੋਣ ਦੇ ਨਾਲ-ਨਾਲ ਉਸ ਦੇ ਪੁੱਤਰ ਦੇ ਕਈ ਜਗ੍ਹਾ ’ਤੇ ਕੁੱਟਮਾਰ ਕੀਤੇ ਦੇ ਨਿਸ਼ਾਨ ਸਨ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਪਟਾਕੇ ਚਲਾਉਣ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ, ਪੜ੍ਹੋ ਖ਼ਬਰ

ਉਨ੍ਹਾਂ ਕਿਹਾ ਕਿ ਜਦੋਂ ਇਸ ਬਾਰੇ ਉਨ੍ਹਾਂ ਨੇ ਪ੍ਰਿੰਸੀਪਲ ਮੈਡਮ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਡੀ. ਪੀ. ਅਧਿਆਪਕਾਂ ਵੱਲੋਂ ਵਿਦਿਆਰਥੀ ਨਾਲ ਕੀਤਾ ਗਿਆ ਵਿਵਹਾਰ ਠੀਕ ਨਹੀਂ ਹੈ, ਜੇਕਰ ਉਨ੍ਹਾਂ ਨੇ ਕੁੱਟਣਾ ਸੀ ਤਾਂ ਮਾੜਾ-ਮੋਟਾ ਮਾਰ ਲੈਂਦੇ। ਵਿਦਿਆਰਥੀ ਦੀ ਮਾਤਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਸਕੂਲ ਪ੍ਰਿੰਸੀਪਲ ਨੂੰ ਸਕੂਲ 'ਚ ਜਗ੍ਹਾ-ਜਗ੍ਹਾ ਲੱਗੇ ਕੈਮਰਿਆਂ ਦੇ ਸੀ. ਸੀ. ਟੀ. ਵੀ. ਫੁਟੇਜ ਵਿਖਾਉਣ ਲਈ ਕਿਹਾ ਤਾਂ ਉਹ ਟਾਲ-ਮਟੋਲ ਕਰਨ ਲੱਗ ਪਏ ਤੇ ਕੋਈ ਵੀ ਸੀ. ਸੀ. ਟੀ. ਵੀ. ਫੁਟੇਜ ਨਹੀਂ ਵਿਖਾਇਆ। ਵਿਦਿਆਰਥੀ ਦੀ ਮਾਤਾ ਦਾ ਕਹਿਣਾ ਹੈ ਕਿ ਜੇਕਰ ਸਕੂਲ ਵਾਲੇ ਸੱਚੇ ਹਨ ਅਤੇ ਉਨ੍ਹਾਂ ਦੇ ਪੁੱਤਰ ਦੀ ਕੋਈ ਗਲਤੀ ਹੈ ਤਾਂ ਉਹ ਉਨ੍ਹਾਂ ਨੂੰ ਸਕੂਲ 'ਚ ਲੱਗੇ ਕੈਮਰਿਆਂ ਦੇ ਸੀ. ਸੀ. ਟੀ. ਵੀ. ਫੁਟੇਜ ਦਿਖਾਉਣ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਹ ਆਪਣੇ ਪੁੱਤਰ ਨੂੰ ਲੈ ਕੇ ਸਿਵਿਲ ਹਸਪਤਾਲ ਜਗਰਾਉਂ ਪਹੁੰਚੇ, ਜਿੱਥੇ ਉਨ੍ਹਾਂ ਨੇ ਆਪਣੇ ਪੁੱਤਰ ਦਾ ਮੈਡੀਕਲ ਕਰਵਾ ਕੇ ਐੱਲ. ਆਰ. ਐੱਮ. ਕਟਵਾ ਦਿੱਤੀ ਹੈ। ਵਿਦਿਆਰਥੀ ਦੀ ਮਾਤਾ ਨੇ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਇਨਸਾਫ਼ ਦਵਾਉਣ ਲਈ ਸਕੂਲ ਦੇ ਤਿੰਨੇ ਡੀ. ਪੀ. ਅਧਿਆਪਕਾਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਵਾਉਣ ਲਈ ਹਰ ਸੰਭਵ ਯਤਨ ਕਰਨਗੇ ਤਾਂ ਜੋ ਅਜਿਹੇ ਮਾਨਸਿਕ ਤੌਰ ’ਤੇ ਬੀਮਾਰ ਅਧਿਆਪਕ ਅੱਗੇ ਤੋਂ ਕਿਸੇ ਵੀ ਹੋਰ ਸਕੂਲ ਦੇ ਵਿਦਿਆਰਥੀ ਨਾ ਇੰਨਾ ਵੱਡਾ ਤਸ਼ੱਦਦ ਕਰ ਸਕਣ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਵੱਲੋਂ ਰਾਜਪਾਲ ਖ਼ਿਲਾਫ਼ ਪਾਈ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ

ਜਾਣਕਾਰੀ ਦਿੰਦਿਆਂ ਵਿਦਿਆਰਥੀ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਸਵੇਰੇ 9.30 ਵਜੇ ਦੇ ਕਰੀਬ ਸਕੂਲ ਬੁਲਾਇਆ ਗਿਆ ਸੀ ਅਤੇ ਸਕੂਲ ਪ੍ਰਿੰਸੀਪਲ ਅਤੇ ਬਾਕੀ ਪ੍ਰਬੰਧਕਾਂ ਨੇ ਸਕੂਲ ਦੇ ਤਿੰਨੇ ਡੀ. ਪੀ. ਅਧਿਆਪਕਾਂ ਵੱਲੋਂ ਉਨ੍ਹਾਂ ਦੇ ਬੇਟੇ 'ਤੇ ਕੀਤੇ ਗਏ ਇਸ ਤਸ਼ੱਦਦ ਦੇ ਮਾਮਲੇ ’ਚ ਖਾਨਾ-ਪੂਰਤੀ ਕਰਦਿਆਂ ਹੋਇਆਂ ਅਧਿਆਪਕਾਂ ਤੋਂ ਲਿਖ਼ਤੀ ਮੁਆਫ਼ੀ ਮੰਗਵਾ ਦਿੱਤੀ ਹੈ ਅਤੇ ਭਰੋਸਾ ਦਿੱਤਾ ਹੈ ਕਿ ਭਵਿੱਖ ਵਿਚ ਅਜਿਹਾ ਤਸ਼ੱਦਦ ਕਿਸੇ ਵੀ ਹੋਰ ਵਿਦਿਆਰਥੀ ਨਾਲ ਨਹੀਂ ਹੋਵੇਗਾ। ਇਸ ਪੂਰੇ ਮਾਮਲੇ ਸਬੰਧੀ ਜਦੋਂ ਐੱਸ. ਡੀ. ਐੱਮ ਜਗਰਾਓਂ ਮਨਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਪੱਤਰਕਾਰਾਂ ਦੇ ਦੱਸਣ ਤੋਂ ਬਾਅਦ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਤੇ ਉਹ ਇਸ ਮਾਮਲੇ ਵਿਚ ਠੋਸ ਕਾਰਵਾਈ ਕਰਦਿਆਂ ਹੋਇਆਂ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਉਣਗੇ ਤੇ ਜਾਂਚ ਵਿਚ ਜੋ ਵੀ ਤੱਥ ਸਾਹਮਣੇ ਆਏ ਉਸ ਦੇ ਆਧਾਰ ’ਤੇ ਸਕੂਲ ਦੇ ਡੀ. ਪੀ. ਅਧਿਆਪਕਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News