ਨੌਜਵਾਨ ਪੁੱਤਰ ਦੀ ਭਾਲ ''ਚ 3 ਸਾਲਾਂ ਤੋਂ ਠੋਕਰਾਂ ਖਾ ਰਿਹੈ ਬਜ਼ੁਰਗ
Tuesday, Jun 12, 2018 - 01:21 PM (IST)

ਪਟਿਆਲਾ (ਜੋਸਨ)-ਸਥਾਨਕ ਰਣਜੀਤ ਨਗਰ ਦਾ ਵਸਨੀਕ ਹਰਮੇਸ਼ ਸਿੰਘ ਆਪਣੇ ਨੌਜਵਾਨ ਪੁੱਤਰ ਦੀ ਭਾਲ ਵਿਚ ਪਿਛਲੇ 3 ਸਾਲਾਂ ਤੋਂ ਦਰ-ਦਰ ਦੀਆ ਠੋਕਰਾਂ ਖਾ ਰਿਹਾ ਹੈ। ਉਸ ਨੂੰ ਕਿਤੋਂ ਵੀ ਕੋਈ ਇਨਸਾਫ ਦੀ ਕਿਰਨ ਨਜ਼ਰ ਨਹੀਂ ਆ ਰਹੀ। ਹੁਣ ਤੱਕ ਉਹ ਅਣਗਿਣਤ ਪੁਲਸ ਅਧਿਕਾਰੀਆਂ ਨੂੰ ਪੱਤਰ ਲਿਖ ਚੁੱਕਾ ਹੈ। ਅੱਜ ਤੱਕ ਕਿਤੇ ਵੀ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ।
ਹਰਮੇਸ਼ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਧਿਆਨ ਸਿੰਘ ਧੂਰੀ ਵਿਖੇ ਵਿਆਹਿਆ ਹੋਇਆ ਸੀ। ਉਹ ਆਪਣੇ ਸਹੁਰੇ ਘਰ ਫਰਵਰੀ 2015 ਵਿਚ ਗਿਆ ਸੀ, ਜੋ ਕਿ ਅੱਜ ਤੱਕ ਘਰ ਵਾਪਸ ਨਹੀਂ ਆਇਆ। ਉਸ ਦਾ ਮੋਟਰਸਾਈਕਲ ਜੀ. ਆਰ. ਪੀ. ਥਾਣਾ ਧੂਰੀ ਤੋਂ ਮਿਲਿਆ ਸੀ। ਉਸ ਨੇ ਦੱਸਿਆ ਕਿ ਆਪਣੇ ਲੜਕੇ ਦੀ ਭਾਲ ਲਈ ਉਨ੍ਹਾਂ ਅਣਥੱਕ ਕੋਸ਼ਿਸ਼ ਕੀਤੀ ਪਰ ਸਾਰੀ ਅਸਫਲ ਰਹੀ।
ਇਸ ਤੋਂ ਇਲਾਵਾ ਉਹ ਕਈ ਦਫਤਰਾਂ ਵਿਚ ਜਾ ਕੇ ਉੱਚ ਪੁਲਸ ਅਧਿਕਾਰੀਆਂ ਨੂੰ ਮਿਲ ਕੇ ਸਾਰੀ ਦਾਸਤਾਂ ਦੱਸ ਚੁੱਕਾ ਹੈ ਅਤੇ ਦਰਖਾਸਤਾਂ ਵੀ ਦੇ ਚੁੱਕਾ ਹੈ। ਇਸ ਦੇ ਬਾਵਜੂਦ ਅਜੇ ਤੱਕ ਨਾ ਤਾਂ ਲੜਕਾ ਹੀ ਮਿਲਿਆ ਹੈ ਅਤੇ ਨਾ ਹੀ ਕਿਸੇ ਦੇ ਖਿਲਾਫ ਕੋਈ ਕਾਰਵਾਈ ਕੀਤੀ ਗਈ ਹੈ। ਉਸ ਨੇ ਦੱਸਿਆ ਕਿ ਮੇਰੇ ਲੜਕੇ ਦੀ ਪਤਨੀ ਨੇ ਕਿਤੇ ਹੋਰ ਵਿਆਹ ਵੀ ਕਰ ਲਿਆ ਹੈ, ਪਰ ਸਾਨੂੰ ਕੋਈ ਵੀ ਇਨਸਾਫ ਨਹੀਂ ਦਿੱਤਾ ਜਾ ਰਿਹਾ। ਜਿਥੇ ਵੀ ਦਰਖਾਸਤ ਦਿੱਤੀ ਜਾਂਦੀ ਹੈ, ਸਾਨੂੰ ਚੱਕਰ 'ਤੇ ਚੱਕਰ ਕਟਾ ਕੇ ਵਾਪਸ ਭੇਜ ਦਿੰਦੇ ਹਨ। ਉਕਤ ਪੀੜਤ ਵਿਅਕਤੀ ਨੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ।
ਅਦਾਲਤ ਜਾਵਾਂਗਾ : ਹਰਮੇਸ਼ ਸਿੰਘ
ਪੀੜਤ ਹਰਮੇਸ਼ ਸਿੰਘ ਨੇ ਕਿਹਾ ਕਿ ਜੇਕਰ ਉਸ ਨੂੰ ਪੁਲਸ ਨੇ ਜਲਦੀ ਇਨਸਾਫ ਨਾ ਦਿੱਤਾ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਵੇਗਾ। ਉਸ ਨੇ ਕਿਹਾ ਕਿ ਉਹ ਪਿਛਲੇ 3 ਸਾਲ ਤੋਂ ਥਾਣਿਆਂ ਦੇ ਚੱਕਰ ਕੱਟ ਰਿਹਾ ਹੈ।