ਪੰਚਾਇਤੀ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਚੱਲੀ ਗੋਲੀ, 2 ਜ਼ਖਮੀ
Monday, Jun 12, 2017 - 08:00 AM (IST)
ਤਰਨਤਾਰਨ/ਪੱਟੀ, (ਰਾਜੂ, ਸੌਰਭ)- ਪਿੰਡ ਚੂਸਲੇਵੜ ਵਿਖੇ ਬੀਤੀ ਰਾਤ ਪੰਚਾਇਤੀ ਜ਼ਮੀਨ ਨੂੰ ਲੈ ਕੇ ਹੋਏ ਝਗੜੇ 'ਚ ਚੱਲੀ ਗੋਲੀ ਦੌਰਾਨ 2 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸੂਚਨਾ ਮਿਲੀ ਹੈ। ਇਸ ਸਬੰਧੀ ਪੁਲਸ ਥਾਣਾ ਪੱਟੀ ਦੇ ਇੰਚਾਰਜ ਰਾਜੇਸ਼ ਕੁਮਾਰ ਕੱਕੜ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਨਿਸ਼ਾਨ ਸਿੰਘ ਪੁੱਤਰ ਅਜੀਤ ਸਿੰਘ ਤੇ ਉਤਮ ਸਿੰਘ ਪੁੱਤਰ ਦਲੀਪ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਸਾਢੇ 3 ਏਕੜ ਪੰਚਾਇਤੀ ਜ਼ਮੀਨ ਜੋ ਕਿ ਅਸੀਂ ਬਲਾਕ ਪੱਟੀ ਦੇ ਅਧਿਕਾਰੀਆਂ ਦੀ ਹਾਜ਼ਰੀ ਵਿਚ ਬੋਲੀ ਦੇ ਕੇ ਠੇਕੇ ਉਪਰ ਲਈ ਸੀ ਅਤੇ ਇਸ ਤੋਂ ਪਹਿਲਾਂ ਇਸ ਜ਼ਮੀਨ 'ਤੇ ਸ਼ਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਖੇਤੀਬਾੜੀ ਕਰਦਾ ਸੀ ਪਰ ਉਹ ਹੁਣ ਜ਼ਮੀਨ ਛੱਡਣ ਨੂੰ ਤਿਆਰ ਨਹੀਂ ਸੀ।
ਬੀਤੀ ਦੇਰ ਸ਼ਾਮ ਜਦੋਂ ਅਸੀਂ ਬੋਲੀ ਉਪਰ ਖਰੀਦੀ ਹੋਈ ਜ਼ਮੀਨ ਦਾ ਕਬਜ਼ਾ ਲੈਣ ਗਏ ਤਾਂ ਉਸ ਸਮੇਂ ਸ਼ਿੰਦਰ ਸਿੰਘ ਉਥੇ ਆ ਗਿਆ, ਜਿਸ ਨੇ ਬਹਿਸਬਾਜ਼ੀ ਦੌਰਾਨ ਆਪਣੇ 32 ਬੋਰ ਲਾਇਸੈਂਸੀ ਰਿਵਾਲਵਰ ਨਾਲ ਸਾਡੇ ਉੱਪਰ ਗੋਲੀਆਂ ਚਲਾ ਕੇ ਸਾਨੂੰ ਜ਼ਖਮੀ ਕਰ ਦਿੱਤਾ। ਜ਼ਖਮੀ ਹੋਏ ਵਿਅਕਤੀਆਂ ਨੂੰ ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਸਬ ਇੰਸਪੈਕਟਰ ਸੁਖਚੈਨ ਸਿੰਘ ਵੱਲੋਂ ਜ਼ਖਮੀਆਂ ਦੇ ਬਿਆਨ ਕਲਮਬੱਧ ਕੀਤੇ ਜਾ ਰਹੇ ਹਨ, ਜਿਸ 'ਤੇ ਉਕਤ ਸ਼ਿੰਦਰ ਸਿੰਘ ਵਿਰੁੱਧ ਅਸਲਾ ਐਕਟ ਅਧੀਨ ਪਰਚਾ ਦਰਜ ਕੀਤਾ ਜਾ ਰਿਹਾ ਹੈ।
