ਫਰਾਰ ਗੈਂਗਸਟਰ ਦੀਪਕ ਟੀਨੂੰ ਦੇ ਮਾਮਲੇ 'ਚ ਵੱਡਾ ਖ਼ੁਲਾਸਾ: CIA ਇੰਚਾਰਜ ਨੇ 4 ਘੰਟੇ ਅਫ਼ਸਰਾਂ ਤੋਂ ਲੁਕਾਇਆ ਮਾਮਲਾ

10/06/2022 6:59:16 PM

ਜਲੰਧਰ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁਲਜ਼ਮ ਦੀਪਕ ਟੀਨੂੰ ਨੂੰ ਪੁਲਸ ਦੀ ਗ੍ਰਿਫ਼ਤ ’ਚੋਂ ਭੱਜਿਆ 4 ਦਿਨ ਬੀਤ ਜਾਣ ਦੇ ਬਾਵਜੂਦ ਪੁਲਸ ਉਸ ਦਾ ਕੋਈ ਪਤਾ ਨਹੀਂ ਲਗਾ ਸਕੀ। ਇਸ ਮਾਮਲੇ ਵਿਚ ਉਸ ਸਮੇਂ ਦੇ ਸੀ. ਆਈ. ਏ. ਇੰਚਾਰਜ ਦੀ ਵੱਡੀ ਲਾਪਰਵਾਹੀ ਵੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸੀ. ਆਈ. ਏ. ਇੰਚਾਰਜ ਪ੍ਰਿਤਪਾਲ ਸਿੰਘ ਨੇ ਟੀਨੂੰ ਦੇ ਫਰਾਰ ਹੋਣ ਦੀ ਜਾਣਕਾਰੀ 4 ਘੰਟਿਆਂ ਤਕ ਸੀਨੀਅਰ ਅਫ਼ਸਰਾਂ ਨਾਲ ਸਾਂਝੀ ਨਹੀਂ ਕੀਤੀ। ਪ੍ਰਿਤਪਾਲ ਅਨੁਸਾਰ ਉਹ ਐਨਾ ਸਮਾਂ ਆਪਣੇ ਪੱਧਰ ’ਤੇ ਹੀ ਟੀਨੂੰ ਦੀ ਭਾਲ ਕਰਦੇ ਰਹੇ। ਉੱਧਰ ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਨੂੰ ਇਹ ਲਾਪਰਵਾਹੀ ਦੀ ਬਜਾਏ ਵਿਉਂਤਬੰਦੀ ਦਾ ਹੀ ਇਕ ਹਿੱਸਾ ਹੋਣ ਦਾ ਸ਼ੱਕ ਹੈ। ਜਦੋਂ ਤਕ ਪੁਲਸ ਦੇ ਸੀਨੀਅਰ ਅਫ਼ਸਰਾਂ ਨੂੰ ਇਸ ਦੀ ਸੂਚਨਾ ਮਿਲੀ ਉਦੋਂ ਤਕ ਟੀਨੂੰ ਆਪਣੀ ਗਰਲਫਰੈਂਡ ਦੇ ਨਾਲ ਪੰਜਾਬ ’ਚੋਂ ਬਾਹਰ ਜਾਣ ’ਚ ਸਫ਼ਲ ਹੋ ਚੁੱਕਿਆ ਸੀ।

ਟੀਨੂੰ ਦੀਆਂ ਸਹੇਲੀਆਂ ਨੇ ਨਿਭਾਈ ਅਹਿਮ ਭੂਮਿਕਾ
ਟੀਨੂੰ ਨੂੰ ਭਜਾਉਣ ਵਿਚ ਉਸ ਦੀਆਂ ਦੋ ਸਹੇਲੀਆਂ ਦੀ ਅਹਿਮ ਭੂਮਿਕਾ ਰਹੀ ਹੈ, ਜਿਨ੍ਹਾਂ ’ਚੋਂ ਇਕ ਪੁਲਸ ਕਾਂਸਟੇਬਲ ਸੀ। ਉਸ ਨੇ ਹੀ ਦੂਜੀ ਸਹੇਲੀ ਦੇ ਨਾਲ ਮਿਲ ਕੇ ਟੀਨੂੰ ਨੂੰ ਭਜਾਉਣ ਦੀ ਪੂਰੀ ਵਿਉਂਤਬੰਦੀ ਕੀਤੀ ਸੀ। ਪੁਲਸ ਕਾਂਸਟੇਬਲ ਨੇ ਹੀ ਉਸ ਨੂੰ ਹੋਟਲ ਅਤੇ ਫਿਰ ਪ੍ਰਿਤਪਾਲ ਦੇ ਸਰਕਾਰੀ ਮਕਾਨ ਦੇ ਬਾਹਰ ਉਸ ਨੂੰ ਕਾਰ ਮੁਹੱਈਆ ਕਰਵਾਈ ਜਿਸ ਨਾਲ ਟੀਨੂੰ ਦੇ ਫਰਾਰ ਹੋਣ ਦਾ ਰਾਹ ਸੁਖਾਲਾ ਹੋ ਗਿਆ। ਦੂਜੀ ਸਹੇਲੀ ਜੋਕਿ ਬਾਹਰੀ ਸੂਬੇ ਦੀ ਦੱਸੀ ਜਾ ਰਹੀ ਹੈ, ਦੀ ਪਛਾਣ ਅਜੇ ਤਕ ਨਹੀ ਹੋ ਪਈ। ਸ਼ਨੀਵਾਰ ਨੂੰ ਫਰਾਰ ਹੁੰਦੇ ਸਮੇਂ ਉਸੇ ਨੇ ਗੱਡੀ ਚਲਾਈ ਸੀ ਜਦਕਿ ਪੁਲਸ ਕਾਂਸਟੇਬਲ ਗਰਲਫਰੈਂਡ ਨੂੰ ਉਹ ਉਸੇ ਰਾਤ ਹੀ ਛੱਡ ਗਿਆ ਸੀ।

ਇਹ ਵੀ ਪੜ੍ਹੋ: ਸ਼ਰਾਬੀ ਪਤੀ ਨੇ ਮਾਰੀ ਸੀ ਧੀ, ਫਿਰ ਐਂਬੂਲੈਂਸ ਡਰਾਈਵਰ ਬਣ ਬਚਾਈਆਂ ਹਜ਼ਾਰਾਂ ਜ਼ਿੰਦਗੀਆਂ, ਪੜ੍ਹੋ ਮਨਜੀਤ ਕੌਰ ਦੀ ਦਾਸਤਾਨ

ਜੇਲ੍ਹ ਅੰਦਰੋਂ ਫੋਨ ’ਤੇ ਹੀ ਸਾਥੀਆਂ ਨਾਲ ਮਿਲ ਕੇ ਬਣਾਈ ਸੀ ਯੋਜਨਾ
ਜਾਂਚ ਵਿਚ ਜੇਲ੍ਹਾਂ ਵਿਚ ਮੋਬਾਈਲ ਫੋਨਾਂ ਦੀ ਵਰਤੋਂ ਦਾ ਵੀ ਮਾਮਲਾ ਸਾਹਮਣੇ ਆਇਆ ਹੈ। ਐੱਸ. ਆਈ. ਟੀ. ਦੀ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਟੀਨੂੰ ਨੇ ਮੋਬਾਇਲ ਫੋਨ ਰਾਹੀਂ ਅੰਮ੍ਰਿਤਸਰ, ਗੋਇੰਦਵਾਲ ਅਤੇ ਕਪੂਰਥਲਾ ਜੇਲ੍ਹ ’ਚ ਕੈਦ 7 ਗੈਂਗਸਟਰਾਂ ਨਾਲ ਆਪਣੇ ਫਰਾਰ ਹੋਣ ਦੀ ਯੋਜਨਾ ਕਈ ਦਿਨ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ। ਪੁਲਸ ਇਨ੍ਹਾਂ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕਰ ਰਹੀ ਹੈ। ਇਸ ਪੂਰੀ ਯੋਜਨਾਬੰਦੀ ਵਿਚ ਬਰਖ਼ਾਸਤ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਅਹਿਮ ਭੂਮਿਕਾ ਸਾਹਮਣੇ ਆਈ ਹੈ। ਉਸ ਨੇ ਹੀ ਟੀਨੂੰ ਨੂੰ ਜੇਲ੍ਹ ਅੰਦਰ ਫੋਨ ਮੁਹੱਈਆ ਕਰਵਾਇਆ ਸੀ। ਹਾਲਾਂਕਿ ਗੈਂਗਸਟਰਾਂ ਨੂੰ ਫੋਨ ਕਰਨ ਲਈ ਸਿੱਮਕਾਰਡ ਦਾ ਟੀਨੂੰ ਨੇ ਕਿਤਿਓਂ ਹੋਰ ਪ੍ਰਬੰਧ ਕੀਤਾ ਸੀ।

ਕੈਦੀ ਗੈਂਗਸਟਰਾਂ ਦੇ ਸੰਪਰਕ ’ਚ ਸੀ ਪ੍ਰਿਤਪਾਲ ਸਿੰਘ
ਐੱਸ. ਆਈ. ਟੀ. ਵੱਲੋਂ ਹੁਣ ਸਾਬਕਾ ਸੀ. ਆਈ. ਏ. ਇੰਚਾਰਜ ਪ੍ਰਿਤਪਾਲ ਸਿੰਘ ਦੇ ਫੋਨ ਰਾਹੀਂ ਘਟਨਾ ਦੀ ਤਹਿ ਤਕ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਫੋਨ ਦੀ ਜਾਂਚ ਵਿਚ ਅਹਿਮ ਜਾਣਕਾਰੀ ਮਿਲਣ ਦਾ ਦਾਅਵਾ ਵੀ ਕੀਤਾ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਪ੍ਰਿਤਪਾਲ ਸਿੰਘ ਵੱਖ-ਵੱਖ ਜੇਲ੍ਹਾਂ ’ਚ ਬੰਦ ਕੈਦੀਆਂ ਦੇ ਸੰਪਰਕ ’ਚ ਸੀ। ਫੋਨ ਦੀ ਫੋਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ। ਫੋਨ ਦਾ ਜ਼ਿਆਦਾਤਰ ਡਾਟਾ ਡਿਲੀਟ ਕਰ ਦਿੱਤਾ ਗਿਆ ਸੀ ਪਰ ਇਸ ਨੂੰ ਰਿਕਵਰ ਕਰ ਲਿਆ ਜਾਵੇਗਾ।

PunjabKesari

ਇਹ ਵੀ ਪੜ੍ਹੋ: ਫਿਰ ਵਿਵਾਦਾਂ ’ਚ ਜਲੰਧਰ ਦੀ ਤਾਜਪੁਰ ਚਰਚ, ਇਲਾਜ ਲਈ ਆਇਆ UP ਦਾ ਵਿਅਕਤੀ ਬਾਥਰੂਮ 'ਚੋਂ ਗਾਇਬ

ਟੀਨੂੰ ਨੂੰ ਛੇਤੀ ਹੀ ਕਰ ਲਿਆ ਜਾਵੇਗਾ ਕਾਬੂ: ਡੀ. ਜੀ. ਪੀ.
ਡੀ. ਜੀ. ਪੀ. ਗੌਰਵ ਯਾਦਵ ਨੇ ਦਾਅਵਾ ਕੀਤਾ ਹੈ ਕਿ ਗੈਂਗਸਟਰ ਛੇਤੀ ਹੀ ਪੁਲਸ ਦੀ ਗ੍ਰਿਫ਼ਤ ਵਿਚ ਹੋਵੇਗਾ। ਡੀ. ਜੀ. ਪੀ. ਨੇ ਕਿਹਾ ਕਿ ਪੁਲਸ ਨੂੰ ਅਹਿਮ ਜਾਣਕਾਰੀਆਂ ਮਿਲੀਆਂ ਹਨ। 4 ਮੈਂਬਰੀ ਐੱਸ. ਆਈ. ਟੀ. ਵੱਲੋਂ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਟੀਨੂੰ ਜ਼ਿਆਦਾ ਸਮਾਂ ਪੁਲਸ ਦੀ ਪਕੜ ਤੋਂ ਦੂਰ ਨਹੀ ਰਹਿ ਸਕੇਗਾ।

ਮਾਮਲੇ ’ਤੇ ਭਖੀ ਸਿਆਸਤ
ਇਸ ਮਾਮਲੇ ’ਤੇ ਵਿਰੋਧੀਆਂ ਵੱਲੋਂ ਮਾਨ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ ਜਾ ਰਿਹਾ ਹੈ। ਕਾਂਗਰਸ, ਸ਼੍ਰੋਮਣੀ ਅਕਾਲੀ ਅਤੇ ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ।

‘ਆਪ’ ਤੋਂ ਨਹੀਂ ਸੰਭਲ ਰਹੀ ਪੰਜਾਬ ਦੀ ਵਾਗਡੋਰ: ਵੜਿੰਗ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ 4 ਦਿਨ ਬਾਅਦ ਵੀ ਪੁਲਸ ਹੱਥ ਗੈਂਗਸਟਰ ਦਾ ਕੋਈ ਸੁਰਾਗ ਨਹੀ ਲੱਗਿਆ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੀ ਵਾਗਡੋਰ ਸੰਭਾਲੀ ਨਹੀ ਜਾ ਰਹੀ। ਸੂਬੇ ’ਚ ਲਾਅ ਐਂਡ ਆਰਡਰ ਦੇ ਅਜਿਹੇ ਹਾਲਾਤ ਵੇਖਕੇ ਲੋਕਾਂ ਦਾ ਸਰਕਾਰ ਅਤੇ ਪੁਲਸ ਤੋਂ ਭਰੋਸਾ ਹੀ ਚੁੱਕਿਆ ਗਿਆ ਹੈ।

ਇਹ ਵੀ ਪੜ੍ਹੋ: ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਹੁਣ ਸਾਹਮਣੇ ਆਇਆ ‘ਪ੍ਰਾਕਸੀ ਟੈਸਟਿੰਗ’ ਦਾ ਵੱਡਾ ਸਕੈਮ

ਗ੍ਰਹਿ ਮੰਤਰੀ ਦਾ ਫਰਜ਼ ਨਹੀ ਨਿਭਾਅ ਸਕੇ ਮਾਨ: ਚੀਮਾ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਏ ਕੈਟੇਗਰੀ ਗੈਂਗਸਟਰ ਦਾ ਫਰਾਰ ਹੋਣਾ ਗੰਭੀਰ ਵਿਸ਼ਾ ਹੈ। ਭਗਵੰਤ ਮਾਨ ਗ੍ਰਹਿਮੰਤਰੀ ਦਾ ਫਰਜ਼ ਨਹੀ ਨਿਭਾਅ ਪਾਏ। ਸਿਰਫ ਇਕ ਅਫ਼ਸਰ ਨੂੰ ਬਰਖ਼ਾਸਤ ਕਰਨ ਦਾ ਕੋਈ ਫਾਇਦਾ ਨਹੀ ਕਿਉਂਕਿ ਗਲਤੀ ਕਈ ਪੱਧਰਾਂ ’ਤੇ ਹੋਈ ਹੈ।

ਕੇਜਰੀਵਾਲ ਤੋਂ ਪੁੱਛ ਕੇ ਠੋਸ ਕਦਮ ਚੁੱਕਣ ਮਾਨ: ਅਸ਼ਵਨੀ ਸ਼ਰਮਾ
ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹਰ ਮਾਮਲੇ ’ਚ ਦਿੱਲੀ ਭੱਜਣ ਵਾਲੇ ਭਗਵੰਤ ਮਾਨ ਹੁਣ ਕਾਨੂੰਨ ਪ੍ਰਬੰਧਾਂ ਬਾਰੇ ਵੀ ਅਰਵਿੰਦ ਕੇਜਰੀਵਾਲ ਤੋਂ ਸਲਾਹ ਲੈ ਕੇ ਠੋਸ ਕਦਮ ਚੁੱਕਣ। ਪੰਜਾਬ ਦੇ ਕਾਨੂੰਨ ਪ੍ਰਬੰਧ ਰੱਬ ਆਸਰੇ ਹੀ ਚੱਲ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ ਦੇ PPR ਮਾਲ 'ਚ ਹੰਗਾਮਾ, ਸ਼ਰਾਬੀ ਕਾਰ ਚਾਲਕ ਨੇ ਪੁਲਸ ਮੁਲਾਜ਼ਮ 'ਤੇ ਚੜ੍ਹਾਈ ਗੱਡੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News