ਬਲਾਕ ਦੇ 95 ਫੀਸਦੀ ਪਿੰਡਾਂ ’ਚ ਨਹੀਂ ਹਨ ਖੇਡ ਸਟੇਡੀਅਮ

Tuesday, Jul 03, 2018 - 06:08 AM (IST)

ਬਲਾਕ ਦੇ 95 ਫੀਸਦੀ ਪਿੰਡਾਂ ’ਚ ਨਹੀਂ ਹਨ ਖੇਡ ਸਟੇਡੀਅਮ

ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ)- ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਲਈ ਅਤੇ ਖੇਡ ਬਜਟ ’ਚ ਵਾਧੇ ਦੇ ਲੱਖ ਦਾਅਵੇ ਕੀਤੇ ਜਾਦੇ ਹਨ, ਪਰ ਪਿੰਡਾਂ ਅੰਦਰ ਖੇਡ ਪ੍ਰਬੰਧਾਂ ਦੀ ਬੇਹੱਦ ਘਾਟ ਅਤੇ ਖੇਡ ਸਟੇਡੀਅਮ ਤੋਂ ਸੱਖਣੇ ਪਿੰਡ ਸਰਕਾਰ ਦੇ ਖੇਡਾਂ  ਪ੍ਰਤੀ ਹੇਜ ਨੂੰ ਮੂਹ ਚਿਡ਼ਾ ਰਹੇ ਹਨ, ਜੇਕਰ ਹਲਕਾ ਬਲਾਕ ਨਿਹਾਲ ਸਿੰਘ ਵਾਲਾ ਦੀ ਗੱਲ ਕਰੀਏ ਤਾਂ ਸਿੱਖ ਇਤਿਹਾਸ ’ਚ ਮਹਾਨਤਾ ਹਾਸਲ ਕਰਨ ਵਾਲੇ ਅਤੇ ਦੇਸ਼ ਨੂੰ ਕੌਮਾਂਤਰੀ ਪ੍ਰਸਿੱਧੀ ਹਾਸਲ ਅਹਿਮ ਖਿਡਾਰੀ ਦੇਣ ਵਾਲੇ ਇਸ ਇਲਾਕੇ ਦੇ 95 ਪ੍ਰਤੀਸ਼ਤ ਪਿੰਡਾਂ ਨੂੰ ਅਾਜਾਦੀ ਦੇ 68 ਸਾਲ ਬੀਤ ਜਾਣ ਦੇ ਬਾਅਦ ਵੀ ਚੰਗੇ ਖੇਡ ਸਟੇਡੀਅਮ ਨਸੀਬ ਨਹੀਂ ਹੋਏ। ਸਕੂਲਾਂ ਅਤੇ ਪਿੰਡਾਂ ਅੰਦਰ ਮੁੱਢਲੀਆਂ ਖੇਡ ਸਹੂਲਤਾਂ ਦੀ ਭਾਰੀ ਅਣਹੋਦ ਹੈ। 

 ਬਲਾਕ ਦੇ 35 ਪਿੰਡਾਂ ’ਚ ਨਹੀਂ ਹਨ ਖੇਡ ਸਟੇਡੀਅਮ
 ਸਮੁੱਚੇ ਬਲਾਕ ਦੀ ਗੱਲ ਕਰੀਕੇ ਤਾਂ ਕਰੀਬ ਸਾਢੇ ਤਿੰਨ ਦਰਜਨ ਪਿੰਡਾਂ ’ਚੋਂ 4-5 ਪਿੰਡਾਂ ’ਚ ਹੀ ਚੰਗੇ ਖੇਡ ਸਟੇਡੀਅਮ ਹਨ, ਪੰਜ ਦੇ ਕਰੀਬ ਪਿੰਡਾਂ ’ਚ ਅਤਿ ਨਾਜ਼ੁਕ ਜਾਂ ਨਾ ਦੇ ਬਰਾਬਰ, ਜਦੋਂਕਿ 35 ਦੇ ਕਰੀਬ ਪਿੰਡਾਂ ’ਚ ਖੇਡ ਸਟੇਡੀਅਮ ਨਹੀਂ ਹਨ। ਇਥੋਂ ਤੱਕ ਕਿ ਕਈ ਪਿੰਡਾਂ ’ਚ ਵਧੀਆਂ ਖੇਡ ਗਰਾਊਡ ਵੀ ਨਹੀਂ ਹਨ। ਲਡ਼ਕੀਆਂ ਲਈ ਤਾਂ ਹਲਕੇ ਅੰਦਰ ਖੇਡ ਸਹੂਲਤਾਂ ਜੀਰੋ ਹਨ। ਕੁਝ ਪਿੰਡਾਂ ’ਚ ਲੋਕ ਆਪਣੇ ਤੌਰ ’ਤੇ ਫੰਡ ਇਕੱਠਾ ਕਰਕੇ ਖੇਡ ਸਟੇਡੀਅਮ ਬਣਾਉਣ ਲਈ ਅੱਗੇ ਆਏ ਹਨ ਜਿਨ੍ਹਾਂ ’ਚ ਨਿਹਾਲ ਸਿੰਘ ਵਾਲਾ, ਹਿੰਮਤਪੁਰਾ ਅਤੇ ਬਿਲਾਸਪੁਰ ਪਿੰਡ ਇਸ ਦੀ ਉਦਾਹਰਨ ਹਨ। 

ਪਿੰਡ ਭਾਗੀਕੇ ਵਿਖੇ ਮੂਹ ਚਿਡ਼ਾ ਰਿਹਾ 24 ਸਾਲ ਪੁਰਾਣਾ ਨੀਂਹ ਪੱਥਰ
 ਪਿੰਡ ਭਾਗੀਕੇ ਦੇ ਖੇਡ ਸਟੇਡੀਅਮ ਦਾ ਨੀਂਹ ਪੱਥਰ 18 ਦਸੰਬਰ 1995 ਨੂੰ ਉਸ ਸਮੇਂ ਦੇ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਹਰਚਰਨ ਸਿੰਘ ਬਰਾਡ਼ ਨੇ ਰੱਖਿਆ ਸੀ ਪਰ 24 ਸਾਲ ਬੀਤ ਜਾਣ ਦੇ ਬਾਅਦ ਵੀ ਇਹ ਪੱਥਰ ਲੋਕਾਂ ਨੂੰ ਮੂਹ ਚਿਡ਼ਾ ਰਿਹਾ ਹੈ।

 ਸਰਕਾਰ ਭੱਜੀ ਪਰ ਸ਼ਹਿਰੀਆਂ ਨੇ ਬਣਾਇਆ ਸਟੇਡੀਅਮ
 ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ 10 ਅਪ੍ਰੈਲ 2011 ਨੂੰ ਨਿਹਾਲ ਸਿੰਘ ਵਾਲਾ ਵਿਖੇ ਉਸ ਸਮੇਂ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ’ਤੇ ਬਹੁ ਕਰੋਡ਼ੀ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਸਟੇਡੀਅਮ ਲਈ ਪ੍ਰਸ਼ਾਸਨ ਵੱਲੋਂ ਇਸ ਜਗ੍ਹਾਂ ’ਤੇ ਰਹਿ ਰਹੇ ਸੈਂਕਡ਼ੇ ਮਜ਼ਦੂਰਾਂ ਦੀ ਝੁੱਗੀਆਂ ਦਾ ਉਜਾਡ਼ਾ ਕਰਕੇ ਉਨ੍ਹਾਂ ਨੂੰ ਬੇਘਰ ਵੀ ਕੀਤਾ ਗਿਆ ਸੀ ਪਰ ਇਹ ਨੀਂਹ ਪੱਥਰ ਪੱਥਰ ਬਣਕੇ ਹੀ ਰਹਿ ਗਿਆ ਪਰ ਉਸ ਤੋਂ ਬਾਅਦ ਸਰਕਾਰ ਤੋਂ ਝਾਕ ਖਤਮ ਕਰਦਿਆਂ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇੰਦਰਜੀਤ ਜੌਲੀ ਦੀ ਅਗਵਾਈ ’ਚ ਸ਼ਹਿਰ ਵਾਸੀਆਂ ਨੇ ਲੱਖਾ ਰੁਪਏ ਪੱਲਿਉ ਖਰਚ ਕੇ ਇਸ ਖੇਡ ਸਟੇਡੀਅਮ ਦਾ ਨਿਰਮਾਣ ਕੀਤਾ ਗਿਆ। ਨਿਰਮਾਣ ਸਮੇਂ ਸਹਿਯੋਗ ਕਰਨ ਦੀ ਬਜਾਏ ਕੁਝ ਲੋਕਾਂ ਵੱਲੋਂ ਗੰਦੀ ਸਿਆਸਤ ਕਾਰਨ ਇਸ ਦਾ ਵਿਰੋਧ ਵੀ ਕੀਤਾ ਗਿਆ। 
 
ਆਏ ਫੰਡ ਨਹੀਂਂ ਲੱਗੇ ਗਰਾਊਂਡਾਂ ’ਤੇ
 ਬੇਸ਼ੱਕ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਪਿੰਡਾਂ ਦੇ ਖੇਡ ਮੈਦਾਨਾਂ ਲਈ ਗ੍ਰਾਂਟਾਂ ਜਾਰੀ ਕੀਤੀਆਂ ਹਨ ਅਤੇ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਵੀ ਖੇਡਾਂ ਅਤੇ ਖੇਡ ਗਰਾਊਡਾਂ ਲਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੱਡੀ ਪੱਧਰ ’ਤੇ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਸਨ ਪਰ ਵਿਭਾਗ ਦੇ ਸੂਤਰਾਂ ਅਨੁਸਾਰ ਪੰਚਾਇਤਾਂ ਨੇ ਇਹ ਗ੍ਰਾਂਟਾਂ ਖੇਡ ਗਰਾਉਡਾਂ ’ਤੇ ਲਾਉਣ ਦੀ ਕੋਈ ਲੋਡ਼ ਨਹੀਂ ਸਮਝੀ ਅਤੇ ਇਹ ਫੰਡ ਹੋਰ ਕੰਮਾਂ ’ਤੇ ਖਰਚ ਕੀਤੇ ਗਏ ਹਨ। 

 ਲਡ਼ਕੀਆਂ ਲਈ ਖੇਡ ਸਹੂਲਤਾਂ ਜ਼ੀਰੋ
 ਹਲਕੇ ਅੰਦਰ ਬੇਸ਼ੱਕ ਲਡ਼ਕੀਆਂ ਨੇ ਕਬੱਡੀ ਅਤੇ ਕੁਸ਼ਤੀ ਮੁਕਾਬਲਿਆਂ ’ਚ ਰਾਸ਼ਟਰੀ ਪੱਧਰ ’ਤੇ ਮੱਲਾਂ ਮਾਰੀਆਂ ਹਨ ਪਰ ਸਮੁੱਚੇ ਹਲਕੇ ਅੰਦਰ ਲਡ਼ਕੀਆਂ ਲਈ ਖੇਡ ਸਹੂਲਤਾ ਜੀਰੋ ਹਨ। ਲਡ਼ਕੀਆਂ ਲਈ ਬਿਲਾਸਪੁਰ ਤੋਂ ਬਗੈਰ ਹੋਰ ਕਿਤੇ ਵੀ ਵੱਖਰੇ ਤੌਰ ’ਤੇ ਪ੍ਰੈਕਟਿਸ ਕਰਨ ਲਈ ਗਰਾਊਂਡ ਨਹੀਂ ਹਨ, ਜਿਸ ਕਾਰਨ ਜਿਆਦਾਤਰ ਪਿੰਡਾਂ ਦੀਆਂ ਯੋਗ ਲਡ਼ਕੀਆਂ ਖੇਡਾਂ ’ਚ ਨਾਮ ਚਮਕਾਉਣ ਤੋਂ ਫਾਡੀ ਹਨ। 

 ਕੀ ਕਹਿਣਾ ਹੈ ਖੇਡ ਪ੍ਰੇਮੀਆਂ ਦਾ
 ਇਸ ਸਬੰਧੀ ਗੱਲਬਾਤ ਕਰਦਿਆਂ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇੰਦਰਜੀਤ ਜੌਲੀ, ਟਰੱਕ ਯੂਨੀਅਨ ਦੇ ਪ੍ਰਧਾਨ ਹਰਨੇਕ ਸਿੰਘ ਬਰਾਡ਼, ਗੁਰਪ੍ਰੀਤ ਸਿੰਘ ਕਾਕਾ ਬਰਾਡ਼  ਨੇ ਕਿਹਾ ਕਿ ਜੇਕਰ ਸਰਕਾਰਾਂ ਸਚਮੁੱਚ ਹੀ ਖੇਡਾਂ ਪ੍ਰਤੀ ਸਹੀਂ ਨੀਤੀ ਅਪਣਾਉਣਾ ਚਾਹੁੰਦੀਆਂ ਹਨ ਤਾਂ ਹਰ ਪਿੰਡ ’ਚ ਖੇਡ ਸਹੂਲਤਾਂ ਦੀ ਘਾਟ ਪੂਰੀ ਕੀਤੀ ਜਾਵੇ ਅਤੇ ਬਹੁਮੰਤਵੀਂ ਸਟੇਡੀਅਮ ਦੀ ਉਸਾਰੀ ਕਰੇ ਤਾਂ ਕਿ ਪੰਜਾਬ ਦੀ ਜਵਾਨੀਂ ਨੂੰ ਨਸ਼ਿਆਂ ਤੋਂ ਮੋਡ਼ ਕੇ ਖੇਡਾ ਵੱਲ ਲਾਇਆ ਜਾ ਸਕੇ। ਸਕੂਲੀ ਅਤੇ ਪਿੰਡਾਂ ਦੇ ਟੂਰਨਾਮੈਂਟ ਲਈ ਫੰਡ ਮੁਹੱਈਆਂ ਕੀਤੇ ਜਾਣ ਅਤੇ ਖਿਡਾਰੀਆਂ ਲਈ ਖੇਡਣ ਦੇ ਪ੍ਰਬੰਧ ਮੁਹੱਈਆਂ ਕਰਵਾਏ ਜਾਣ। 
ਨਵੇਂ ਖਿਡਾਰੀ ਪੈਦਾ ਕਰਨ ਦੀ ਨਹੀਂ ਕੋਈ ਯੋਜਨਾ
 ਸਿੱਖਿਆਂ ਵਿਭਾਗ ਵੱਲੋਂ ਸਕੂਲਾਂ ਦੇ ਕਰਵਾਏ ਜਾ ਰਹੇ ਟੂਰਨਾਮੈਂਟ ਲਈ ਸਰਕਾਰ ਜਾਂ ਸਿੱਖਿਆਂ ਵਿਭਾਗ ਵੱਲੋਂ ਸਕੂਲਾਂ ਨੂੰ ਕੋਈ ਵੱਖਰੇ ਫੰਡ ਮੁਹੱਈਆ ਨਹੀਂ ਕਰਵਾਏ ਜਾਂਦੇ। ਸਕੂਲੀ ਸੂਤਰਾਂ ਅਨੁਸਾਰ ਸਕੂਲੀ ਵਿਦਿਆਰਥੀਆਂ ਤੋਂ ਫਿਜ਼ੀਕਲ ਡਿਵੈੱਲਪਮੈਂਟ ਫੰਡ ਦੇ ਨਾਂ ’ਤੇ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਤੋਂ  ਮਹੀਨੇ ਦਾ ਫੰਡ ਇਕੱਠਾ ਕੀਤਾ ਜਾਂਦਾ ਹੈ ਜੋ ਕਿ 80 ਪ੍ਰਤੀਸ਼ਤ ਫੰਡ ਜ਼ਿਲਾ ਸਿੱਖਿਆ ਅਫਸਰ ਦਫਤਰ ਕੋਲ ਚਲਾ ਜਾਂਦਾ ਹੈ ਅਤੇ ਬਾਕੀ ਫੰਡ ’ਚੋਂ ਵੀ ਸਕੂਲਾਂ ਨੂੰ ਆਪਣੀ ਮਰਜੀ ਨਾਲ ਖਰਚ ਕਰਨ ਦੀ ਕੋਈ ਵਿਵਸਥਾ ਨਹੀਂ ਹੈ। ਇਸੇ ਤਰ੍ਹਾਂ ਮਲਗਾਮੇਟਡ ਫੰਡ ਦੇ ਨਾਮ ’ਤੇ ਵੀ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਤੋਂ 300 ਰੁਪਏ ਸਾਲਾਨਾ ਇਕੱਠੇ ਕੀਤੇ ਜਾਂਦੇ ਹਨ, ਇਨ੍ਹਾਂ ’ਚੋਂ ਵੀ ਜਿਆਦਾਤਰ ਫੰਡ ਡੀ. ਓ. ਦਫਤਰ ਚਲਾ ਜਾਂਦਾ ਹੈ। ਫੰਡਾਂ ਦੀ ਘਾਟ ਕਾਰਨ ਹੀ ਜਿਆਦਾਤਰ ਸਕੂਲਾਂ ਵੱਲੋਂ  ਜੋਨ ਪੱਧਰੀ ਜਾਂ ਬਲਾਕ ਪੱਧਰੀ ਟੂਰਨਾਮੈਂਟ ਤੋਂ ਕੁਝ ਦਿਨ ਪਹਿਲਾਂ ਹੀ ਟੂਰਨਾਮੈਂਟ ਲਈ  ਖਿਡਾਰੀਆਂ ਨੂੰ  ਤਿਆਰ ਕੀਤਾ ਜਾਂਦਾ ਹੈ ਜਦੋਂਕਿ ਸਾਰਾ ਸਾਲ ਖਿਡਾਰੀਆਂ ਨੂੰ ਟਰੇਨਿੰਗ ਦੇਣ ਦੀ ਸਕੂਲਾਂ ’ਚ ਕੋਈ ਵਿਵਸਥਾ ਨਹੀਂ ਹੈ। ਜਿਸ ਕਾਰਨ ਪਿੰਡਾਂ ’ਚੋਂ ਨਵੇਂ ਖਿਡਾਰੀ ਪੈਦਾ ਕਰਨ ਦੀ ਯੋਜਨਾਂ ਠੁੱਸ ਹੈ । 
 


Related News