ਸੂਬੇ ''ਚ 90 ਫੀਸਦੀ ਖ਼ਪਤਕਾਰ ਮੁਫ਼ਤ ਬਿਜਲੀ ਦੀ ਸਹੂਲਤ ਦਾ ਆਨੰਦ ਲੈ ਰਹੇ ਹਨ: ਹਰਭਜਨ ਸਿੰਘ

Wednesday, Aug 14, 2024 - 09:42 PM (IST)

ਸੂਬੇ ''ਚ 90 ਫੀਸਦੀ ਖ਼ਪਤਕਾਰ ਮੁਫ਼ਤ ਬਿਜਲੀ ਦੀ ਸਹੂਲਤ ਦਾ ਆਨੰਦ ਲੈ ਰਹੇ ਹਨ: ਹਰਭਜਨ ਸਿੰਘ

ਮੋਗਾ (ਕਸ਼ਿਸ਼) - ਪੰਜਾਬ ਦੇ ਬਿਜਲੀ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਦਾਅਵੇ ਨਾਲ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦੇ ਚੱਲਦਿਆਂ ਅੱਜ ਸੂਬੇ ਦੇ 90 ਫੀਸਦੀ ਖ਼ਪਤਕਾਰ ਮੁਫ਼ਤ ਬਿਜਲੀ ਦੀ ਸਹੂਲਤ ਦਾ ਆਨੰਦ ਲੈ ਰਹੇ ਹਨ। ਉਹ ਹਲਕਾ ਧਰਮਕੋਟ ਦੇ ਪਿੰਡ ਚੱਕ ਤਾਰੇਵਾਲਾ ਵਿਖੇ 66 ਕੇ.ਵੀ ਸਬ ਸਟੇਸ਼ਨ ਅਤੇ ਪਿੰਡ ਡਗਰੂ ਵਿਖੇ ਉਪ ਮੰਡਲ ਦਫ਼ਤਰ ਦੀ ਬਿਲਡਿੰਗ ਦੀ ਇਮਾਰਤ ਦਾ ਨੀਂਹ ਪੱਥਰ ਰੱਖਣ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ। ਵੱਖ-ਵੱਖ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਹਰਭਜਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਚੋਣ ਵਾਅਦੇ ਪੂਰੇ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ। ਪੰਜਾਬ ਦੇਸ਼ ਦਾ ਉਹ ਸੂਬਾ ਹੈ ਜਿੱਥੇ ਬਿਨਾ ਕਿਸੇ ਵਿਤਕਰੇ ਤੋਂ ਖਪਤਕਾਰਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਮਿਲ ਰਹੀ ਹੈ। 

ਉਨ੍ਹਾਂ ਕਿਹਾ ਕਿ ਬਿਜਲੀ ਦੀ ਕਿੱਲਤ ਵੀ ਨਹੀਂ ਆਉਣ ਦਿੱਤੀ। ਬਿਜਲੀ ਦੀ ਮੰਗ ਪੂਰੀ ਕਰਨ ਲਈ ਪੈਦਾਵਾਰ ਵੀ ਵਧਾਈ ਹੈ। ਪਹਿਲੀ ਵਾਰ ਕਿਸੇ ਸਰਕਾਰ ਨੇ ਇਕ ਨਿੱਜੀ ਥਰਮਲ ਪਲਾਂਟ ਖਰੀਦਿਆ ਹੈ। ਸਾਲ 2015 ਤੋਂ ਬੰਦ ਪਈ ਕੋਲੇ ਦੀ ਪਛਵਾੜਾ ਖਾਣ (ਝਾਰਖੰਡ) ਨੂੰ ਮੁੜ ਚਾਲੂ ਕੀਤਾ ਹੈ। ਜਿਸ ਨਾਲ ਪੰਜਾਬ ਨੂੰ 1200 ਕਰੋੜ ਰੁਪਏ ਦਾ ਸਾਲਾਨਾ ਫਾਇਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਜਦੋਂ ਸੱਤਾ ਸੰਭਾਲੀ ਸੀ ਉਸ ਵੇਲੇ ਬਿਜਲੀ ਬੋਰਡ 1888 ਕਰੋੜ ਰੁਪਏ ਦੇ ਘਾਟੇ ਵਿੱਚ ਸੀ ਜੋ ਕਿ ਹੁਣ 900 ਕਰੋੜ ਰੁਪਏ ਵਾਧੇ ਵਿੱਚ ਹੈ। 

ਇਸ ਤੋਂ ਪਹਿਲਾਂ ਉਨ੍ਹਾਂ ਨੇ ਪਿੰਡ ਚੱਕ ਤਾਰੇਵਾਲਾ ਵਿਖੇ 66 ਕੇ.ਵੀ ਸਬ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ। ਨਵੇਂ ਬਣ ਰਹੇ 66 ਕੇ.ਵੀ. ਸਬ ਸਟੇਸ਼ਨ ਤਾਰੇਵਾਲ ਅਧੀਨ ਉਪ ਮੰਡਲ ਭਿੰਡਰ ਕਲਾਂ ਵਿੱਚ ਲਗਭਗ 7 ਕਰੋੜ ਰੁਪਏ ਨਾਲ ਇਸ ਉਪ ਮੰਡਲ ਅਧੀਨ ਪੈਂਦੇ ਅਨੇਕਾਂ ਪਿੰਡ ਜਿਵੇਂ ਕਿ ਤਾਰੇਵਾਲਾ, ਜਿੰਦੜਾ, ਚੱਕ ਤਾਰੇਵਾਲਾ,ਇੱਜਤਵਾਲਾ, ਕੰਨੀਆਂ, ਘੱਟੀ ਜੱਟਾਂ, ਕੇਰਾਂ, ਸੋਸਾਇਟੀ, ਰੌਸ਼ਣਵਾਲਾ, ਨਸੀਰੇਵਾਲਾ ਇਹਨਾਂ ਪਿੰਡਾਂ ਨੂੰ ਸ਼ਹਿਰੀ ਅਤੇ ਦਿਹਾਤੀ ਸਪਲਾਈ ਨਿਰਵਿਘਨ ਦੇਣ ਵਿੱਚ ਇਸ ਸਬ ਸਟੇਸ਼ਨ ਦਾ ਬਹੁਤ ਵੱਡਾ ਯੋਗਦਾਨ ਹੋਵੇਗਾ। ਇਹ ਗ੍ਰਿਡ 9 ਮਹੀਨੇ ਵਿੱਚ ਮੁਕੰਮਲ ਹੋ ਜਾਵੇਗਾ। ਇਸੇ ਤਰ੍ਹਾਂ ਉਪ ਮੰਡਲ ਡਗਰੂ ਦਫ਼ਤਰ ਦੀ ਬਿਲਡਿੰਗ ਲਗਭਗ 1 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਹੈ, ਇਸਦੀ ਪੁਰਾਣੀ ਬਿਲਡਿੰਗ ਸਰਵੇ-ਆਫ ਹੋ ਚੁੱਕੀ ਸੀ ਅਤੇ ਇਸ ਬਿਲਡਿੰਗ ਬਣਨ ਨਾਲ ਇਲਾਕੇ ਦੇ ਵੱਡਮੁੱਲੇ ਖਪਤਕਾਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਇਸ ਨਵੇਂ ਬਣ ਰਹੇ ਦਫ਼ਤਰ ਦਾ ਮਹੱਤਵਪੂਰਨ ਯੋਗਦਾਨ ਹੋਵੇਗਾ। ਇਹ ਇਮਾਰਤ ਵੀ 4 ਮਹੀਨੇ ਵਿੱਚ ਬਣ ਕੇ ਤਿਆਰ ਹੋ ਜਾਵੇਗੀ। 

ਵੱਖ-ਵੱਖ ਸਮਾਗਮਾਂ ਦੌਰਾਨ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਂਸ ਅਤੇ ਹਲਕਾ ਮੋਗਾ ਦੇ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਆਪਣੇ ਇਲਾਕੇ ਦੀਆਂ ਲੋੜਾਂ ਤੋਂ ਜਾਣੂ ਕਰਵਾਇਆ ਉਥੇ ਹੀ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਮਨਦੀਪ ਸਿੰਘ ਬਰਾੜ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੀਪਕ ਅਰੋੜਾ, ਨਗਰ ਨਿਗਮ ਮੋਗਾ ਦੇ ਮੇਅਰ ਬਲਜੀਤ ਸਿੰਘ ਚੰਨੀ, ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਵੀ ਹਾਜ਼ਰ ਸਨ।


author

Inder Prajapati

Content Editor

Related News