ਗਾਲਿਬ ਕਲਾਂ ਸਕੂਲ ਦੇ 9 ਅਧਿਆਪਕ ਕੋਰੋਨਾ ਪਾਜ਼ੇਟਿਵ ਆਉਣ ’ਤੇ ਮੱਚਿਆ ਹੜਕੰਪ
Wednesday, Jan 20, 2021 - 12:33 AM (IST)
ਸਿੱਧਵਾਂ ਬੇਟ, (ਚਾਹਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਲਿਬ ਕਲਾਂ ਦੇ 9 ਅਧਿਆਪਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਜਾਣ ਕਰਕੇ ਇਲਾਕੇ ’ਚ ਹੜਕੰਪ ਮਚ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈੱਲਥ ਇੰਸਪੈਕਟਰ ਸਿੱਧਵਾਂ ਬੇਟ ਬਲਵਿੰਦਰਪਾਲ ਸਿੰਘ ਨੇ ਦੱਸਿਆ ਕਿ ਸਰਕਾਰੀ ਸਕੂਲ ਦੇ 1 ਅਧਿਆਪਕ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਣ ਹੋਰ ਅਧਿਆਪਕਾਂ ਦੀ ਵੀ ਕੋਰੋਨਾ ਟੈਸਟ ਕੀਤੇ ਗਏ ਸਨ, ਜਿਸ ਦੌਰਾਨ ਅੱਜ 9 ਅਧਿਆਪਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਜਿਨ੍ਹਾਂ ਨੂੰ ਇਕਾਂਤਵਾਸ ਕਰਕੇ ਫਤਿਹ ਕਿੱਟਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਇਸ ਦੌਰਾਨ ਜਿਨ੍ਹਾਂ ਅਧਿਆਪਕਾਂ ਦੇ ਅੱਜ ਸੈਂਪਲ ਲਏ ਗਏ ਹਨ, ਨੂੰ ਵੀ ਰਿਪੋਰਟ ਆਉਣ ਤੱਕ ਇਕਾਂਤਵਾਸ ’ਚ ਰਹਿਣ ਲਈ ਕਿਹਾ ਗਿਆ ਹੈ |
ਉਨ੍ਹਾਂ ਦੱਸਿਆ ਕਿ ਬਾਕੀ ਅਧਿਆਪਕਾਂ ਦੇ ਵੀ ਅੱਜ ਕੋਰੋਨਾ ਦੇ ਸੈਂਪਲ ਲਏ ਗਏ ਹਨ ਅਤੇ ਕੱਲ੍ਹ ਸਕੂਲ ’ਚ ਛੁੱਟੀ ਹੋਣ ਕਾਰਣ ਵਿਦਿਆਰਥੀਆਂ ਦੇ ਕੋਰੋਨਾ ਸੈਂਪਲ 21 ਜਨਵਰੀ ਲਏ ਜਾਣਗੇ | ਇਸ ਸਬੰਧੀ ਪ੍ਰਿੰਸੀਪਲ ਸੋਹਣ ਸਿੰਘ ਨੇ ਦੱਸਿਆ ਕਿ ਕੁਝ ਅਧਿਆਪਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਬਾਕੀ ਅਧਿਆਪਕਾਂ ਦੇ ਵੀ ਅੱਜ ਕੋਰੋਨਾ ਟੈਸਟ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਕੂਲ ’ਚ ਕੁੱਲ 39 ਅਧਿਆਪਕ ਹਨ, ਜੋ ਗਾਲਿਬ ਕਲਾਂ ਅਤੇ ਆਸ-ਪਾਸ ਦੇ ਪਿੰਡਾਂ ਦੇ ਕੁੱਲ 820 ਬੱਚਿਆਂ ਨੂੰ ਪੜ੍ਹਾ ਰਹੇ ਹਨ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਹੈ | ਦੱਸਣਯੋਗ ਹੈ ਕਿ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ 5ਵੀਂ ਤੋਂ 12ਵੀਂ ਤੱਕ ਦੇ ਬੱਚਿਆਂ ਦੀ ਪੜ੍ਹਾਈ ਸਕੂਲਾਂ ’ਚ ਸ਼ੁਰੂ ਕਰ ਦਿੱਤੀ ਗਈ ਸੀ, ਜਿਸ ਦੌਰਾਨ ਇਲਾਕੇ ’ਚ ਇਹ ਪਹਿਲੀਂ ਅਤੇ ਵੱਡੀ ਘਟਨਾ ਵਾਪਰ ਜਾਣ ਕਰਕੇ ਸਾਰੇ ਮਾਪਿਆਂ ਦੇ ਮਨਾਂ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ |