ਮੈਰਾਥਨ ਮੌਕੇ 9 ਵਿਦਿਆਰਥਣਾਂ ਹੋਈਆਂ ਬੇਹੋਸ਼
Sunday, Jul 08, 2018 - 07:46 AM (IST)

ਬੱਧਨੀ ਕਲਾਂ (ਬੱਬੀ) - ਮੈਰਾਥਨ ਦੌਰਾਨ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੱਧਨੀ ਕਲਾਂ ਦੀਆਂ 9 ਵਿਦਿਆਰਥਣਾਂ ਨਾਜ਼ੀਆ, ਲਖਵੀਰ ਕੌਰ, ਸੰਜਨਾ, ਪਵਨਦੀਪ ਕੌਰ, ਸ਼ੈਲੀ, ਮਨਪ੍ਰੀਤ ਕੌਰ, ਨੇਹਾ, ਕਮਲ, ਪ੍ਰਭਜੋਤ ਆਦਿ ਬੇਹੋਸ਼ ਹੋ ਗਈਆਂ। ਲੋਕਾਂ ਨੇ ਦੱਸਿਆ ਕਿ ਗਰਮੀ ਬਹੁਤ ਜ਼ਿਆਦਾ ਸੀ ਪਰ ਸਕੂਲ ਪ੍ਰਬੰਧਕਾਂ ਦਾ ਇਸ ਪਾਸੇ ਕੋਈ ਧਿਆਨ ਨਹੀਂ ਸੀ, ਜਿਸ ਕਾਰਨ ਕਈ ਬੱਚੀਆਂ ਬੇਹੋਸ਼ ਹੋ ਕੇ ਡਿੱਗ ਪਈਆਂ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਵਿਖੇ ਲਿਆਂਦਾ ਗਿਆ। ਵਿਦਿਆਰਥਣ ਨਾਜ਼ੀਆ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਮੋਗਾ ਲਿਜਾਣਾ ਪਿਆ। ਲੋਕਾਂ ’ਚ ਉਸ ਸਮੇਂ ਗੁੱਸੇ ਦੀ ਲਹਿਰ ਦੌਡ਼ ਗਈ, ਜਦੋਂ ਬੇਹੋਸ਼ ਹੋਈਆਂ ਵਿਦਿਆਰਥਣਾਂ ਨੂੰ ਸਰਕਾਰੀ ਹਸਪਤਾਲ ਬੱਧਨੀ ਕਲਾਂ ਵਿਖੇ ਇਲਾਜ ਲਈ ਲਿਆਂਦਾ ਗਿਆ ਤਾਂ ਉਥੇ ਇਕ ਵੀ ਡਾਕਟਰ ਮੌਜੂਦ ਨਹੀਂ ਸੀ। ਇਸ ਸਬੰਧੀ ਸਕੂਲ ਦੇ ਪ੍ਰਬੰਧਕਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ 4 ਤੋਂ 6 ਕਿਲੋਮੀਟਰ ਮੈਰਾਥਨ ਕਰਵਾਈ ਜਾਣੀ ਸੀ ਪਰ ਅਸੀਂ ਗਰਮੀ ਕਾਰਨ ਇਹ ਦੌਡ਼ ਥੋਡ਼੍ਹੀ ਘੱਟ ਕਰਵਾ ਦਿੱਤੀ ਅਤੇ ਦੌਡ਼ ਸ਼ੁਰੂ ਕਰਨ ਤੋਂ ਪਹਿਲਾਂ ਸਿਹਤ ਪੱਖੋਂ ਕਮਜ਼ੋਰ ਵਿਦਿਆਰਥਣਾਂ ਨੂੰ ਇਸ ਦੌਡ਼ ’ਚ ਸ਼ਾਮਿਲ ਨਹੀਂ ਕੀਤਾ ਗਿਆ । ਹਸਪਤਾਲ ’ਚ ਮੌਕੇ ’ਤੇ ਕੋਈ ਵੀ ਡਾਕਟਰ ਨਾ ਹੋਣ ਸਬੰਧੀ ਜਦੋਂ ਮੋਗਾ ਦੇ ਸਿਵਲ ਸਰਜਨ ਡਾ. ਸੁਸ਼ੀਲ ਜੈਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ’ਚ ਕੋਈ ਵੀ ਡਾਕਟਰ ਨਾਂ ਮੌਜੂਦ ਹੋਣ ਸਬੰਧੀ ਮੈਨੂੰ ਕੋਈ ਵੀ ਜਾਣਕਾਰੀ ਨਹੀਂ ਹੈ, ਮੈਂ ਅਣਗਹਿਲੀ ਕਰਨ ਵਾਲੇ ਸਟਾਫ ਖਿਲਾਫ ਐੱਸ.ਐੱਮ.ਓ. ਤੋਂ ਪੂਰੀ ਜਾਣਕਾਰੀ ਪ੍ਰਾਪਤ ਕਰ ਕੇ ਬਣਦੀ ਕਾਰਵਾਈ ਕਰਾਗਾਂ। ਹਸਪਤਾਲ ’ਚ ਆਕਸੀਜ਼ਨ ਅਤੇ ਹੋਰਨਾਂ ਜ਼ਰੂਰੀ ਪ੍ਰਬੰਧਾਂ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਵਿਭਾਗ ਨੂੰ ਲਿਖ਼ਤੀ ਤੌਰ ’ਤੇ ਭੇਜਿਆ ਗਿਆ ਹੈ, ਜਿਸ ਨੂੰ ਜਲਦੀ ਪੂਰਾ ਕਰ ਦਿਤਾ ਜਾਵੇਗਾ।