ਵਿਦਿਆਰਥੀਆਂ ਲਈ ਖਾਸ ਖਬਰ : ਜਾਣੋ 8ਵੀਂ ਪਾਸ ਕਰਨ ਮਗਰੋਂ ਕੀ ਪੜ੍ਹੀਏ ਤੇ ਕੀ ਕਰੀਏ

Sunday, May 03, 2020 - 04:46 PM (IST)

ਪ੍ਰੋ. ਜਸਵੀਰ ਸਿੰਘ 
7355054463

ਅੱਠਵੀਂ ਤੱਕ ਦੀ ਪੜ੍ਹਾਈ, ਜਿਸ ਨੂੰ ਕਿ ਐਲੀਮੈਂਟਰੀ ਸਿੱਖਿਆ ਅਧੀਨ ਵਿਚਾਰਿਆ ਜਾਂਦਾ ਹੈ, ਨੂੰ ਕਾਨੂੰਨੀ ਤੌਰ 'ਤੇ ਹਰ ਬੱਚੇ ਨੂੰ ਪ੍ਰਦਾਨ ਕਰਨੀ ਸਿੱਖਿਆ ਤੰਤਰ ਦੀ ਨੈਤਿਕ ਜ਼ਿੰਮੇਵਾਰੀ ਹੈ। 8ਵੀਂ ਕਰਨ ਮਗਰੋਂ ਵਿਦਿਆਰਥੀ ਆਮ ਤੌਰ 'ਤੇ ਨੌਵੀਂ ਜਮਾਤ ਵਿਚ ਦਾਖ਼ਲਾ ਲੈਂਦੇ ਹਨ। ਜਿਸਨੂੰ ਕਿ ਰਸਮੀ ਅਕਾਦਮਿਕ ਪੜ੍ਹਾਈ ਵਜੋਂ ਜਾਣਿਆ ਜਾਂਦਾ ਹੈ। ਸਿੱਖਿਆ ਪ੍ਰਾਪਤ ਕਰਨਾ ਹਰ ਬੱਚੇ ਦਾ ਮੌਲਿਕ ਅਧਿਕਾਰ ਹੈ। ਜਿਸ ਨੂੰ ਹੁਣ ਸੰਵਿਧਾਨਿਕ ਮਾਨਤਾ ਮਿਲ ਚੁੱਕੀ  ਹੈ।

ਦੋਸਤੋ! ਅੱਠਵੀਂ ਪਾਸ ਕਰਨ ਉਪਰੰਤ ਬਹੁਤ ਸਾਰੇ ਬੱਚੇ ਪੜ੍ਹਾਈ ਵਿਚੇ ਛੱਡਕੇ, ਕਿਸੇ ਰੁਜ਼ਗਾਰ ਦੀ ਭਾਲ ਵਿਚ ਲੱਗ ਜਾਂਦੇ ਹਨ। ਖ਼ਾਸਕਰ ਕਿਸੇ ਫੈਕਟਰੀ ਜਾਂ ਦੁਕਾਨ 'ਤੇ ਲੱਗਣ ਨੂੰ ਤਰਜੀਹ ਦਿੰਦੇ ਹਨ। ਜਿੱਥੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ, ਜਿਵੇਂ ਵੱਧ ਕੰਮ ਲੈ ਕੇ ਘੱਟ ਜਾਂ ਨਾਂਹ ਮਾਤਰ ਤਨਖ਼ਾਹ ਦੇਣੀ। ਉਨ੍ਹਾਂ ਨਾਲ ਕੁੱਟਮਾਰ ਕਰਨੀ ਤੇ ਗੱਲ ਗੱਲ 'ਤੇ ਜ਼ਲੀਲ ਕਰਨਾ। ਅਜਿਹੇ ਵੇਲੇ ਨਿਆਣ-ਮੱਤ ਜਾਂ ਤਾਂ ਸਹਿਮ ਵਿਚ ਜੀਉਂਦੀ ਹੈ ਜਾਂ ਫਿਰ ਗ਼ਲਤ ਹੱਥੀਂ ਚੜ੍ਹ ਜਾਂਦੀ ਹੈ ਜਾਂ ਕਿਧਰੇ ਆਪਣੀ ਹੋਂਦ ਨੂੰ ਨਕਾਰਨ ਵੱਲ ਤੁਰ ਪੈਂਦੀ ਹੈ। ਇਸ ਸਭ ਕਾਸੇ ਤੋਂ ਨਿਜਾਤ ਪਾਉਣ ਲਈ ਬੜਾ ਜ਼ਰੂਰੀ ਹੈ ਕਿ ਬੱਚਿਆਂ ਨੂੰ ਸਮੇਂ ਦੇ ਹਾਣ ਦੇ ਬਣਾਈਏ..... ਕੁਝ ਪੜ੍ਹਨ ਯੋਗ ਕੋਰਸਾਂ ਬਾਰੇ ਦੱਸੀਏ ਤੇ ਰੋਜ਼ੀ ਰੋਟੀ ਯੋਗ ਬਣਨ ਜੋਗੇ ਰੁਜ਼ਗਾਰ ਦੀ ਰਾਹੇ ਪਾਈਏ। ਇਸ ਵੇਲੇ ਬੱਚਿਆਂ ਨੂੰ ਸਿੱਧਿਆਂ ਮੁਖ਼ਾਤਿਬ ਹੋਣਾਂ ਲਾਜ਼ਮੀ ਹੈ।

ਅੱਠਵੀਂ ਜਮਾਤ ਪਾਸ ਉਹ ਸਾਰੇ ਬੱਚੇ ਤੇ ਉਹ ਇਨਸਾਨ ਵੀ ਜਿੰਨ੍ਹਾਂ ਨੇ ਕਾਫ਼ੀ ਸਾਲ ਪਹਿਲਾਂ ਅੱਠਵੀਂ ਤੱਕ ਦੀ ਪੜ੍ਹਾਈ ਕਰਕੇ ਅਗਾਂਹ ਪੜ੍ਹਾਈ ਕਰਨ ਤੋਂ ਅਸਮਰੱਥਾ ਜਤਾਈ ਹੋਵੇ, ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ। ਜੇ ਲੋੜ ਹੈ ਤਾਂ ਉਹ ਆਪਣੇ ਆਪ ਨੂੰ ਅਤੇ ਆਪਣੇ ਹੁਨਰ ਨੂੰ ਪਹਿਚਾਨਣ ਦੀ ਹੈ। ਤੁਸੀਂ ਕੀ ਪੜ੍ਹ ਸਕਦੇ ਹੋ ਤੇ ਕੀ ਕਰ ਸਕਦੇ ਹੋ, ਦੇ ਬਾਰੇ ਆਓ ਤੁਹਾਨੂੰ ਦੱਸਦਾ ਹਾਂ .....

ਅੱਠਵੀਂ ਤੋਂ ਬਾਅਦ ਕੀ ਹੋਰ ਆਪਸ਼ਨਾ
ਜੇਕਰ ਤੁਸੀਂ 8ਵੀਂ ਕਰਨ ਮਗਰੋਂ 9ਵੀਂ ਜਮਾਤ ਦੀ ਪੜ੍ਹਾਈ ਕਰਨ ਨਾਲੋਂ ਕੁਝ ਵੱਖਰਾ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਬਹੁਤ ਸਾਰੀਆਂ ਆਪਸ਼ਨਾ ਹਨ। ਜਿਵੇਂ - ਆਈ.ਟੀ.ਆਈ. ਕੋਰਸ ਜਾਂ ਸ਼ੌਰਟ-ਟਰਮ ਕੋਰਸ ਕਰਕੇ ਆਪਣਾ ਸਵੈ ਰੁਜ਼ਗਾਰ ਕਰ ਸਕਦੇ ਹੋ। 8ਵੀਂ ਜਮਾਤ ਪਾਸ ਕਰਕੇ ਓਲਡਏਜ ਕੇਅਰ (ਬੁਢਾਪੇ ਦੀ ਸਾਂਭ ਸੰਭਾਲ) ਦਾ ਕੋਰਸ ਜਾਂ ਸੈਨੇਟਰੀ ਹਾਰਡਵੇਅਰ ਫਿਟਰ ਦਾ ਛੇ ਮਹੀਨੇ ਦਾ ਕਿੱਤਾ ਮੁਖੀ ਕੋਰਸ ਕਰ ਸਕਦੇ ਹੋ। ਇਸੇ ਤਰ੍ਹਾਂ ਪਲੰਬਰ ਦਾ ਕੋਰਸ, ਮਕੈਨਿਕ ਟਰੈਕਟਰ, ਵੁੱਡ ਵਰਕ (ਲੱਕੜ ਖਰਾਦ) , ਖੇਡਾਂ ਦਾ ਸਮਾਨ ਬਣਾਉਣਾ, ਚਮੜੇ ਦਾ ਸਮਾਨ ਬਣਾਉਣਾ, ਕਟਾਈ ਸਿਲਾਈ, ਨੀਡਲ ਵਰਕ, ਵੈਲਡਰ ( ਬਿਜਲੀ ਤੇ ਗੈਸ ), ਕਾਰਪੇਂਟਰ, ਫਾਉਂਡਰੀਮੈਨ ਅਤੇ ਸੀਟ ਮੇਕਰ ਵਰਕਰ ਆਦਿ ਇਕ ਸਾਲਾ ਕੋਰਸ ਕੀਤੇ ਜਾ ਸਕਦੇ ਹਨ। ਜੇਕਰ ਦੋ ਸਾਲਾ ਕਿੱਤਾ ਕੋਰਸ ਦੀ ਗੱਲ ਕਰੀਏ ਤਾਂ ਵਾਇਰ ਮੈਨ ਅਤੇ ਪੇਂਟਰ (ਜਨਰਲ) ਆਦਿ ਕੋਰਸ ਕੀਤੇ ਜਾ ਸਕਦੇ ਹਨ। ਇਨ੍ਹਾਂ ਸਭਨਾਂ ਕੋਰਸਾਂ ਬਾਰੇ ਅਪਡੇਟਡ ਜਾਣਕਾਰੀ ਲਈ ਲਾਗਿਨ ਕਰੋ - www.punjabteched.com

ਖੇਤੀਬਾੜੀ
ਜੇਕਰ ਤੁਹਾਡਾ ਵਾਹ ਵਾਸਤਾ ਖੇਤੀਬਾੜੀ ਨਾਲ ਹੈ ਤਾਂ ਮੱਧੂ ਮੱਖੀਆਂ ਪਾਲਣਾ, ਫਸਲਾਂ ਦੀ ਉਪਜ ਵਿਚ ਵਾਧੇ ਬਾਰੇ ਗਿਆਨ, ਮੁਰਗੀ ਪਾਲਣ ਆਦਿ ਕੋਰਸਾਂ ਦਾ ਗਿਆਨ ਹਾਸਲ ਕੀਤੀ ਜਾਵੇ। ਜੋ ਕਿ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ 7 ਦਿਨ ਤੋਂ 3 ਮਹੀਨੇ ਦੇ ਦਰਮਿਆਨ ਕਰਵਾਏ ਜਾਂਦੇ ਹਨ। ਤੁਸੀਂ ਪੀ.ਏ.ਯੂ ਦੀ ਵੈਬਸਾਈਟ ਨਾਲ ਆਪਣਾ ਰਾਬਤਾ ਬਣਾਓ - pau.edu ਭਰਕੇ ਗੂਗਲ 'ਤੇ ਸਰਚ ਕਰਕੇ ਤੇ ਦੇਖੋ ਤੁਹਾਡੇ ਸ਼ੌਕ ਤੇ ਰੁਜ਼ਗਾਰ ਲਈ ਕੀ ਸਿੱਖਣਾ ਉਪਯੋਗੀ ਹੈ। ਇਸੇ ਨਾਲ ਇੱਥੇ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦਾ ਜ਼ਿਕਰ ਕਰਨਾ ਬਣਦਾ ਹੈ ਜਿਸ ਨਾਲ ਤੁਸੀਂ gadvasu.in 'ਤੇ ਲਾਗਿਨ ਕਰਕੇ ਰਾਬਤਾ ਬਣਾ ਸਕਦੇ ਹੋ।

ਕੰਪਿਊਟਰ
ਇਸੇ ਤਰ੍ਹਾਂ ਜੇਕਰ ਤੁਸੀਂ ਕੰਪਿਊਟਰ ਦਾ ਗਿਆਨ ਰੱਖਦੇ ਹੋ ਜਾਂ ਸ਼ੌਕੀਨ ਹੋ ਤਾਂ ਆਪਣੇ ਇਸ ਸ਼ੌਕ ਨੂੰ ਰੁਜ਼ਗਾਰ ਦਾ ਸਾਧਨ ਵੀ ਬਣਾ ਸਕਦੇ ਹੋ ਜਾਣੀਂ ਕਿ ਟਾਈਪਿਸ ਬਣ ਸਕਦੇ ਹੋ, ਈ-ਫਾਰਮ ਕਰਨੇ, ਵੀਡੀਓ-ਐਡਿਟਿੰਗ ਕਰਨੀ, ਆਨ-ਲਾਈਨ ਵਰਕ ਕਰਨਾ ਆਦਿ ਕਾਰਜ ਕੀਤੇ ਜਾ ਸਕਦੇ ਹਨ। ਜਿੰਨ੍ਹਾਂ ਵਿਚ ਚੋਖੀ ਕਮਾਈ ਹੈ। ਇਸ ਤੋਂ ਅੱਗੇ ਵਧੀਏ ਤਾਂ ਐਨੀਮੇਸ਼ਨ/ਗਰਾਫਿਕਸ, ਐਡਵਰਟਾਈਜ਼ਮੈਂਟ,ਫੈਸ਼ਨ ਫੋਟੋਗ੍ਰਾਫੀ, ਹਾਰਟੀਕਲਚਰ (ਬਾਗਬਾਨੀ), ਐਨੀਮੇਸ਼ਨ ਅਤੇ ਮਲਟੀਮੀਡੀਆ, ਮਾਡਲਿੰਗ, ਕੰਪਿਊਟਰ ਗੇਮਾਂ, ਹੇਅਰ ਸਟਾਇਲਿਸਟ ਆਦਿ ਬਣ ਸਕਦੇ ਹੋ। ਤੁਹਾਡਾ ਹੁਨਰ ਹੀ ਤੁਹਾਡੇ ਰੁਜ਼ਗਾਰ ਦਾ ਰਾਹ ਖੋਲ੍ਹਦਾ ਹੈ ਤੁਸੀਂ ਆਪਣੇ ਕਰਿਏਟਿਵ ਦਿਮਾਗ਼ ਨਾਲ ਲੇਖਕ, ਚਿੱਤਰਕਾਰ, ਬੱਚਿਆਂ ਲਈ ਕਾਰਟੂਨ ਰਸਾਲਿਆਂ / ਕਿਤਾਬਾਂ ਦੇ ਸਕੈੱਚ ਆਦਿ ਤਿਆਰ ਕਰਕੇ ਕਮਾਈ ਕਰ ਸਕਦੇ ਹੋ।

ਵੱਖ-ਵੱਖ ਆਪਸ਼ਨ
ਜਿੰਨ੍ਹਾਂ ਵਿਦਿਆਰਥੀਆਂ ਨੇ ਆਪਣੀ 8ਵੀਂ ਤੱਕ ਦੀ ਪੜ੍ਹਾਈ ਸ਼ਿੱਦਤ ਨਾਲ ਕੀਤੀ ਹੋਵੇ ਅਤੇ ਆਪਣੇ ਸਕਿੱਲ ਨੂੰ ਪਹਿਚਾਣ ਲਿਆ ਹੋਵੇ। ਉਸ ਲਈ ਇਕ ਹੀ ਨਹੀਂ, ਅਨੇਕਾਂ ਦਰ-ਦਰਵਾਜ਼ੇ ਖੁੱਲੇ ਹਨ। ਤੁਸੀਂ ਚਾਹੋ ਤਾਂ 8ਵੀਂ ਕਰਨ ਮਗਰੋਂ ਆਰਮੀ ਜਾਣੀਂ ਕਿ ਫੌਜ ਵਿਚ ਅਤੇ ਪੈਰਾ ਮਿਲਟਰੀ ਵਿਚ ਟੈਕਨੀਕਲ ਵਰਕ 'ਚ ਆਪਣੀਆਂ ਸੇਵਾਵਾਂ ਦੇ ਸਕਦੇ ਹੋ। ਫੌਜ ਵਿਚ ਹਾਊਸ ਕੀਪਰ, ਮੈੱਸ ਕੀਪਰ, ਡਰਾਈਵਰ , ਵਾਸ਼ਰਮੈਨ, ਹੇਅਰ ਕਟਰ, ਮੈੱਨ'ਜ਼ ਪਾਰਲਰ ਅਤੇ ਦਰਜੀ ਅਰਥਾਤ ਟੇਲਰ ਆਦਿ ਲਈ ਅੱਠਵੀਂ ਪਾਸ ਆਸਾਨੀ ਨਾਲ ਅਤੇ ਚੰਗੀ ਤਨਖ਼ਾਹ ਨੂੰ ਮੱਦੇਨਜ਼ਰ ਰੱਖਦਿਆਂ ਅਪਲਾਈ ਕਰ ਸਕਦੇ ਹਨ।

ਰੂਡਸੇਟ ਸੰਸਥਾ
ਮੈਨੂੰ ਲਗਦਾ ਹੈ ਕਿ ਇੱਥੇ ਰੂਡਸੇਟ ਸੰਸਥਾ ਦਾ ਜ਼ਿਕਰ ਕਰਨਾ ਬਣਦਾ ਹੈ। ਜਿਸ ਸੰਸਥਾ ਵਲੋਂ 30 ਦੇ ਕਰੀਬ ਮੁਫ਼ਤ ਕਿੱਤਾਮੁਖੀ ਕੋਰਸ ਕਰਵਾਏ ਜਾਂਦੇ ਹਨ। ਇਸੇ ਨਾਲ ਮੁਫ਼ਤ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾਂਦਾ ਹੈ। ਇੱਥੇ ਨੋਟ ਕਰਨ ਦੀ ਲੋੜ ਹੈ ਕਿ ਸੰਸਥਾ ਵਲੋਂ ਮੁਫ਼ਤ ਭੋਜਨ ਅਤੇ ਰਹਿਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਇਸੇ ਨਾਲ ਸਰਕਾਰੀ ਮਾਨਤਾ ਪ੍ਰਾਪਤ ਸਰਟੀਫਿਕੇਟ ਪ੍ਰਦਾਨ ਕੀਤਾ ਜਾਂਦਾ ਹੈ।

ਤੁਸੀਂ ਇਸ ਸੰਸਥਾ ਨਾਲ ਰਾਬਤਾ ਕਾਇਮ ਕਰਕੇ ਸ਼ੌਟ ਟਰਮ ਕੋਰਸ ਜਿਵੇਂ ਟੇਲਰਿੰਗ ਅਤੇ ਡਰੈਸ ਡਿਜ਼ਾਇਨਿੰਗ (ਲੜਕੇ-ਲੜਕੀਆਂ) , ਫਲੈਕਸ ਬੋਰਡ ਅਤੇ ਲੈਮੀਨੇਸ਼ਨ, ਸੌਫ਼ਟ ਖਿਡਾਉਣੇ, ਭੋਜਨ ਬਣਾਉਣਾ, ਹੋਟਲ ਮੈਨਜਮੈਂਟ, ਕਢਾਈ ਅਤੇ ਪੇਂਟਿੰਗ,ਬਿਊਟੀ ਪਾਰਲਰ, ਮੋਬਾਇਲ ਰਿਪੇਅਰ, ਕੰਪਿਊਟਰ ਡੀ.ਟੀ.ਪੀ., ਕੰਪਿਊਟਰ ਰਿਪੇਅਰ, ਕੰਪਿਊਟਰ ਬੇਸਿਕ, ਫਰਿਜ ਅਤੇ ਏ.ਸੀ. ਮੁਰੰਮਤ (ਰਿਪੇਅਰ) ਪਲੰਬਰਿੰਗ ਅਤੇ ਸੈਨਟਰੀ ਵਰਕ, ਮੋਟਰ ਵਾਇਡਿੰਗ, ਪੰਪ ਸੈੱਟ ਰਿਪੇਅਰ, ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ, ਟੂ-ਵੀਲਰ ਰਿਪੇਅਰ, ਪੇਂਟਿੰਗ/ਕਲੀ ਕਰਨਾ, ਖੁੰਬ ਉਤਪਾਦਨ, ਮਧੂਮੱਖੀ ਪਾਲਣ ਆਦਿ ਕੋਰਸ ਕੀਤੇ ਜਾ ਸਕਦੇ ਹਨ।

ਆਪਣੀ ਗੱਡੀ ਆਪਣਾ ਰੋਜ਼ਗਾਰ'
ਆਖ਼ਰ ਤੁਸੀਂ 'ਆਪਣੀ ਗੱਡੀ ਆਪਣਾ ਰੋਜ਼ਗਾਰ' ਅਧੀਨ  ਸ੍ਵੈ-ਰੁਜ਼ਗਾਰ ਕਰ ਸਕਦੇ ਹੋ। ਕੋਈ ਵੀ ਉਹ ਉਮੀਦਵਾਰ ਜੋ ਅੱਠਵੀਂ ਪਾਸ ਹੋਵੇ ਅਤੇ ਉਮਰ 18 ਸਾਲ ਤੋਂ 45 ਸਾਲ ਦੇ ਦਰਮਿਆਨ ਹੋਵੇ। ਉਸ ਕੋਲ ਵੈਲਿਡ ਡਰਾਇਵਿੰਗ ਲਾਇਸੈਂਸ ਹੋਵੇ। ਉਹ ਜ਼ਿਲ੍ਹਾ ਬਿਊਰੋ ਆਫ਼ ਰੋਜ਼ਗਾਰ ਅਤੇ ਕਾਰੋਬਾਰ ਨਾਲ ਸੰਪਰਕ ਕਰਕੇ ਆਪਣੀ ਅਰਜ਼ੀ ਦੇ ਸਕਦੇ ਹਨ। ਇਸ ਸਕੀਮ ਅਧੀਨ ਉਮੀਦਵਾਰ ਓਲਾ ਅਤੇ ਉਬਰ ਕੰਪਨੀਆਂ ਨਾਲ ਮਿਲਕੇ; ਆਪਣੇ ਨਿੱਜੀ ਦੋ ਪਹੀਆ, ਤਿੰਨ ਪਹੀਆ ਜਾਂ ਚਾਰ ਪਹੀਆ ਵਾਹਨ ਜਾਂ ਕੰਪਨੀ ਤੋਂ ਖਰੀਦ ਕੇ ਜਾਂ ਕੰਪਨੀ ਤੋਂ ਲੀਜ਼ 'ਤੇ ਲੈ ਕੇ ਜਾਂ ਕਿਰਾਏ 'ਤੇ ਚਲਾ ਸਕਦੇ ਹਨ। ਇਸ ਵੇਲੇ ਓਲਾ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਐੱਸ.ਏ.ਐੱਸ. ਨਗਰ , ਮੋਹਾਲੀ ਵਿਚ ਅਤੇ ਉਬਰ ਅੰਮ੍ਰਿਤਸਰ, ਲੁਧਿਆਣਾ ਤੋਂ ਇਲਾਵਾ ਐੱਸ.ਏ.ਐੱਸ. ਨਗਰ ,ਮੋਹਾਲੀ ਵਿਖੇ ਆਪਣੀਆਂ ਸੇਵਾਵਾਂ ਦੇ ਰਹੀਆਂ ਹਨ। ਚਾਹਵਾਨ ਓਲਾ ਵਿਚ ਕੰਮ ਲਈ 011-39587127 ਅਤੇ ਉਬਰ ਨਾਲ ਰਾਬਤਾ ਕਰਨ ਲਈ 07939593348 'ਤੇ ਕਾਲ ਕਰ ਸਕਦੇ ਹਨ। ਇਉਂ ਜਿੱਥੇ ਮੁਸਾਫ਼ਰਾਂ ਨੂੰ ਵੇਲੇ ਸਿਰ ਆਪਣੀ ਮੰਜ਼ਿਲ ਮਿਲ ਸਕੇਗੀ ਓਥੇ ਅੱਠਵੀਂ ਪਾਸ ਵਿਅਕਤੀ ਆਪਣੀ ਕਮਾਈ ਕਰ ਸਕੇਗਾ।

ਇਨ੍ਹਾਂ ਸਭ ਕੋਰਸਾਂ ਅਤੇ ਨੌਕਰੀਆਂ ਦੇ ਮੌਕਿਆਂ ਨੂੰ ਰਹਿੰਦੇ ਸਮੇਂ ਵਿਚ ਆਪਣੀ ਯੋਗਤਾ ਅਨੁਸਾਰ ਪ੍ਰਾਪਤ ਕਰ ਲੈਣਾਂ ਚਾਹੀਦਾ ਹੈ। ਇੱਥੇ ਇਹ ਵੀ ਵਿਚਾਰਨ ਯੋਗ ਹੈ ਕਿ ਜਿੱਥੇ ਅੱਠਵੀਂ ਕਰਨ ਮਗਰੋਂ ਰੁਜ਼ਗਾਰ ਵੱਲ ਜਾਣਾ ਲੋੜੀਂਦਾ ਹੈ ਉੱਥੇ ਆਪਣੀ ਪੜ੍ਹਾਈ ਨੂੰ ਵੀ ਲਗਾਤਾਰਤਾ ਵਜੋਂ ਜਾਰੀ ਰੱਖਣਾ ਚਾਹੀਦਾ ਹੈ। ਕਿਉਂ ਜੋ ਸਿੱਖਿਆ ਸਾਡੇ ਵਿਕਾਸ ਵਿਚ ਸਭ ਤੋੱ ਵੱਧ ਸਹਾਈ ਹੁੰਦੀ ਹੈ। ਇਉਂ ਵੱਡੇ ਕੋਰਸ ਨਾਲ ਤੁਹਾਡੀ ਮੌਜੂਦਾ ਨੌਕਰੀ ਵਿਚ ਵਾਧਾ ਭਾਵ ਪ੍ਰਮੋਸ਼ਨ ਹੋਣ ਦੇ ਵੱਧ ਮੌਕੇ ਮਿਲਣ ਦੇ ਆਸਾਰ ਵੀ ਵਧਣਗੇ। ਤੁਸੀਂ ਚਾਹੋਂ ਤਾਂ ਦਸਵੀਂ ਅਤੇ ਬਾਰ੍ਹਵੀਂ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਓਪਨ ਸਕੂਲ ਰਾਹੀਂ ਵੀ ਕਰ ਸਕਦੇ ਹੋ ਤੇ ਆਪਣਾ ਕੰਮਕਾਜ ਕਰਦਿਆਂ; ਆਪਣੀ ਪੜ੍ਹਾਈ ਵੀ ਪੂਰੀ ਕਰ ਸਕਦੇ ਹੋ। ਜਿਸ ਲਈ ਤੁਹਾਨੂੰ pseb.ac.in 'ਤੇ ਲਾਗਿਨ ਕਰਨਾ ਪਵੇਗਾ ਅਤੇ ਲੋੜੀਂਦਾ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ।

ਗੱਲ ਇੱਥੇ ਆ ਕੇ ਮੁੱਕਦੀ ਹੈ ਕਿ ਪਹਿਲਾਂ ਤੁਹਾਨੂੰ ਆਪਣੀ ਸਮਰੱਥਾ ਨੂੰ ਵਾਚਣਾ ਪਵੇਗਾ। ਜਰ੍ਹਾ ਹੌਸਲਾ ਕਰਨ 'ਤੇ ਹੀ ਤੁਸੀਂ ਇਕ ਡੌਗ ਟ੍ਰੇਨੀ ਬਣ ਸਕਦੇ ਹੋ। ਤੁਹਾਡਾ ਇਕ ਹੰਬਲਾ ਹੀ ਤੁਹਾਨੂੰ ਯੂਟਿਊਬਰ ਬਣਾ ਸਕਦਾ ਹੈ। ਜਿਸ ਰਾਹੀਂ ਅੱਜਕੱਲ੍ਹ ਲੋਕ ਲੱਖਾਂ ਦੀ ਕਮਾਈ ਕਰ ਰਹੇ ਹਨ। ਤੁਸੀਂ ਚਾਹੋਂ ਤਾਂ ਇਕ ਪਾਠੀ / ਪੁਜਾਰੀ ਜਾਂ ਮੌਲਵੀ ਵਜੋਂ ਵੀ ਆਪਣੀ ਭੂਮਿਕਾ ਨਿਭਾਅ ਸਕਦੇ ਹੋ। ਰਹਿੰਦੀ ਗੱਲ ਸੋਚ ਸਵੱਲੀ ਤੇ ਦ੍ਰਿਸ਼ਟੀਕੋਣ ਵੱਡੇ ਹੋਣ ।


rajwinder kaur

Content Editor

Related News