ਸੰਗਰੂਰ : ਜੈਸਲਮੇਰ ਤੋਂ ਪਰਤੇ 81 ਮਜ਼ਦੂਰਾਂ ਨੂੰ ਜਾਂਚ ਮਗਰੋਂ ਏਕਾਂਤਵਾਸ ਕੇਂਦਰਾਂ 'ਚ ਭੇਜਿਆ
Wednesday, Apr 29, 2020 - 06:46 PM (IST)
ਸੰਗਰੂਰ,(ਬੇਦੀ/ਸਿੰਗਲਾ)- ਪੰਜਾਬ ਸਰਕਾਰ ਦੇ ਸਾਰਥਕ ਯਤਨਾਂ ਸਦਕਾ ਜੈਸਲਮੇਰ ਤੋਂ 81 ਮਜ਼ਦੂਰ ਸੰਗਰੂਰ ਪਰਤ ਆਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਹ ਮਜ਼ਦੂਰ ਜਿਨ੍ਹਾਂ 'ਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ, ਦੇਸ਼ 'ਚ ਕੋਰੋਨਾ ਵਾਇਰਸ ਕਾਰਨ ਅਚਨਚੇਤੀ ਲੱਗੇ ਕਰਫਿਊ ਅਤੇ ਲਾਕ ਡਾਊਨ ਕਾਰਨ ਪਿਛਲੇ ਮਹੀਨਿਆਂ ਤੋਂ ਹੀ ਜੈਸਲਮੇਰ 'ਚ ਫਸੇ ਹੋਏ ਸਨ ਅਤੇ ਜਿਵੇਂ ਹੀ ਪੰਜਾਬ ਸਰਕਾਰ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਇਨ੍ਹਾਂ ਸੈਂਕੜੇ ਮਜ਼ਦੂਰਾਂ ਦੇ ਰਾਜਸਥਾਨ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ 'ਚ ਫਸੇ ਹੋਣ ਦਾ ਪਤਾ ਲੱਗਿਆ ਤਾਂ ਤੁਰੰਤ ਸੂਬਾ ਸਰਕਾਰਾਂ ਨਾਲ ਤਾਲਮੇਲ ਕਰਕੇ ਰਾਹਦਾਰੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਸਾਰਥਕ ਉਪਰਾਲੇ ਕੀਤੇ ਗਏ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਸਵੇਰੇ ਇਹ ਮਜ਼ਦੂਰ ਬੱਸਾਂ ਰਾਹੀਂ ਜੈਸਲਮੇਰ ਤੋਂ ਸੰਗਰੂਰ ਵਿਖੇ ਪੁੱਜੇ ਅਤੇ ਮਸਤੂਆਣਾ ਸਾਹਿਬ ਵਿਖੇ ਤਾਇਨਾਤ ਅਮਲੇ ਵੱਲੋਂ ਮੁਢਲੀ ਜਾਂਚ ਪ੍ਰਕਿਰਿਆ ਮੁਕੰਮਲ ਕਰਨ ਮਗਰੋਂ ਇਨ੍ਹਾਂ ਮਜ਼ਦੂਰਾਂ ਨੂੰ ਜ਼ਿਲੇ ਦੀਆਂ ਵੱਖ-ਵੱਖ ਸਬ ਡਵੀਜ਼ਨਾਂ 'ਚ ਸਥਾਪਤ ਏਕਾਂਤਵਾਸ ਕੇਂਦਰਾਂ ਵਿਖੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਨ੍ਹਾਂ ਨੂੰ 21 ਦਿਨਾਂ ਤੱਕ ਇਕਾਂਤਵਾਸ ਕੇਂਦਰਾਂ ਵਿਖੇ ਰੱਖਿਆ ਜਾਵੇਗਾ, ਜਿਥੇ ਕਿ ਸਮਾਜਿਕ ਦੂਰੀ, ਮਾਸਕ, ਹੱਥਾਂ ਦੀ ਨਿਯਮਤ ਸਾਫ਼ ਸਫਾਈ ਆਦਿ ਨਿਯਮਾਂ ਨੂੰ ਲਾਗੂ ਕਰਨ ਸਬੰਧੀ ਸਬੰਧਤ ਸਟਾਫ਼ ਨੂੰ ਪਹਿਲਾਂ ਤੋਂ ਹੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ।
ਅੱਜ ਪਹੁੰਚੇ ਇਨ੍ਹਾਂ ਨਾਗਰਿਕਾਂ 'ਚੋਂ 24 ਨੂੰ ਲਹਿਰਾਗਾਗਾ, 53 ਨੂੰ ਮੂਨਕ, 2 ਨੂੰ ਭਵਾਨੀਗੜ ਅਤੇ 2 ਨੂੰ ਦਿੜਬਾ ਵਿਖੇ ਇਕਾਂਤਵਾਸ ਕੇਂਦਰਾਂ 'ਚ ਭੇਜਿਆ ਗਿਆ ਹੈ। ਮਸਤੂਆਣਾ ਸਾਹਿਬ ਵਿਖੇ ਨਾਇਬ
ਤਹਿਸੀਲਦਾਰ ਕ੍ਰਿਸ਼ਨ ਕੁਮਾਰ ਮਿੱਤਲ, ਜ਼ਿਲਾ ਸਮਾਜਿਕ ਸੁਰੱਖਿਆ ਅਧਿਕਾਰੀ ਸਤੀਸ਼ ਕਪੂਰ, ਡਾ. ਅੰਜੂ ਸਿੰਗਲਾ ਦੀ ਅਗਵਾਈ ਹੇਠਲੀਆਂ ਟੀਮਾਂ ਵੱਲੋਂ ਮੁਢਲੇ ਤੌਰ 'ਤੇ ਇਨ੍ਹਾਂ ਮਜ਼ਦੂਰਾਂ ਨੂੰ ਸਰਕਾਰੀ ਹਦਾਇਤਾਂ ਮੁਤਾਬਕ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਅਤੇ ਡਾਕਟਰੀ ਜਾਂਚ ਉਪਰੰਤ ਸਬੰਧਤ ਸਬ ਡਵੀਜ਼ਨ ਦੇ ਐਸ. ਡੀ. ਐਮ. ਨਾਲ ਤਾਲਮੇਲ ਕਰਕੇ ਇਕਾਂਤਵਾਸ ਕੇਂਦਰਾਂ ਵਿਖੇ ਭੇਜਿਆ ਗਿਆ।