ਆਈ. ਪੀ. ਐੱਲ. ਗੁਜਰਾਤ ਲਾਇੰਸ ਦੇ ਸੀ. ਈ. ਓ. ਨਾਲ 80 ਲੱਖ ਦੀ ਠੱਗੀ ਕਰਨ ਵਾਲਾ ਕਾਬੂ
Wednesday, Aug 21, 2019 - 11:40 PM (IST)
ਜਲੰਧਰ (ਕਮਲੇਸ਼)-ਮੋਹਾਲੀ ਕ੍ਰਾਈਮ ਬ੍ਰਾਂਚ ਨੇ ਠੱਗੀ ਦੇ ਮਾਮਲੇ 'ਚ ਭਗੌੜੇ ਮੁਲਜ਼ਮ ਨੂੰ ਅੱਜ ਜਲੰਧਰ ਦੇ ਕਚਹਿਰੀ ਚੌਕ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਡੀ. ਐੱਲ. ਐੱਫ. ਫੇਸ-5, ਸੈਕਟਰ 54, ਗੁਰੂਗ੍ਰਾਮ ਵਾਸੀ ਅਰੁਣ ਭਾਰਦਵਾਜ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਨੇ ਆਈ. ਪੀ. ਐੱਲ. ਦੀ ਟੀਮ ਗੁਜਰਾਤ ਲਾਇੰਸ ਦੇ ਸੀ. ਈ. ਓ. ਅਰਵਿੰਦਰ ਸਿੰਘ ਨਾਲ 80 ਲੱਖ ਰੁਪਏ ਦੀ ਠੱਗੀ ਕੀਤੀ ਸੀ। ਮੁਲਜ਼ਮ ਅਰੁਣ ਬੁੱਧਵਾਰ ਦੁਪਹਿਰ 1 ਵਜੇ ਦੇ ਕਰੀਬ ਆਪਣੀ ਪਤਨੀ ਨਾਲ ਕਿਸੇ ਹੋਰ ਮਾਮਲੇ 'ਚ ਜਲੰਧਰ ਦੀ ਅਦਾਲਤ 'ਚ ਪੇਸ਼ੀ 'ਤੇ ਆਇਆ ਸੀ। ਮੋਹਾਲੀ ਕ੍ਰਾਈਮ ਬ੍ਰਾਂਚ ਨੂੰ ਭਿਣਕ ਲੱਗ ਗਈ ਸੀ ਕਿ ਮੁਲਜ਼ਮ ਜਲੰਧਰ ਦੀ ਅਦਾਲਤ 'ਚ ਪੇਸ਼ੀ ਲਈ ਆਉਣ ਵਾਲਾ ਹੈ ਅਤੇ ਇਸ ਕਾਰਣ ਕ੍ਰਾਈਮ ਬ੍ਰਾਂਚ ਨੇ ਅਦਾਲਤ ਦੇ ਬਾਹਰ ਟਰੈਪ ਲਾ ਕੇ ਉਸ ਨੂੰ ਕਾਬੂ ਕਰ ਲਿਆ।
ਮੁਲਜ਼ਮ ਅਰੁਣ ਅਤੇ ਉਸ ਦੀ ਪਤਨੀ ਨੇ ਪੁਲਸ ਨੂੰ ਦੇਖ ਲਿਆ। ਪੁਲਸ ਤੋਂ ਬਚਣ ਲਈ ਉਨ੍ਹਾਂ ਨੇ ਉਥੇ ਰੌਲਾ ਪਾ ਦਿੱਤਾ। ਰੌਲਾ ਸੁਣ ਕੇ ਭੀੜ ਇਕੱਠੀ ਹੋ ਗਈ, ਜਿਸ ਕਾਰਣ ਰੋਡ 'ਤੇ ਲੰਮਾ ਜਾਮ ਲੱਗ ਗਿਆ। ਐੱਸ. ਐੱਚ. ਓ. ਬਾਰਾਂਦਰੀ ਬਿਕਰਮ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਪੁਲਸ ਨੂੰ ਮਾਮਲੇ ਦਾ ਪਤਾ ਲੱਗਾ ਤਾਂ ਮੌਕੇ 'ਤੇ ਪੁਲਸ ਟੀਮ ਨੂੰ ਭੇਜਿਆ ਗਿਆ, ਜਿਸ ਤੋਂ ਬਾਅਦ ਮੋਹਾਲੀ ਦੀ ਕ੍ਰਾਈਮ ਬ੍ਰਾਂਚ ਦੇ ਕਰਮਚਾਰੀ ਮੁਲਜ਼ਮ ਨੂੰ ਆਪਣੇ ਨਾਲ ਲੈ ਗਏ।
ਇਹ ਸੀ ਮਾਮਲਾ
ਪੀੜਤ ਅਰਵਿੰਦਰ ਸਿੰਘ ਵਾਸੀ ਆਈ. ਪੀ. ਐੱਸ. ਸੋਸਾਇਟੀ ਚੰਡੀਗੜ੍ਹ ਜੋ ਕਿ ਆਈ. ਪੀ. ਐੱਲ. ਦੀ ਸਾਬਕਾ ਟੀਮ ਗੁਜਰਾਤ ਲਾਇੰਸ ਦੇ ਸੀ. ਈ. ਓ. ਵੀ ਰਹਿ ਚੁੱਕੇ ਹਨ ਨੇ ਐੱਸ. ਐੱਸ. ਪੀ. ਦਫਤਰ ਮੋਹਾਲੀ 'ਚ ਦਿੱਤੀ ਗਈ ਸ਼ਿਕਾਇਤ 'ਚ ਲਿਖਿਆ ਸੀ ਕਿ ਉਹ ਸਾਲ 2014 'ਚ ਆਈ. ਵੀ. ਗਰੁੱਪ ਆਫ ਹਾਸਪਿਟਲ, ਸੈਕਟਰ-71 ਮੋਹਾਲੀ 'ਚ ਬਤੌਰ ਸੀ. ਈ. ਓ. ਨੌਕਰੀ ਕਰਦਾ ਸੀ। ਇਸ ਦੌਰਾਨ ਉਨ੍ਹਾਂ ਨੇ ਹਸਪਤਾਲ ਦੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਨਿੱਜੀ ਕੰਪਨੀ ਸ਼ੁਰੂ ਕਰਨ ਦਾ ਪਲਾਨ ਬਣਾਇਆ ਸੀ। ਪਲਾਨ ਤਹਿਤ ਸੇਰਾ ਕਿਊ ਲੈਬਸ ਪ੍ਰਾਈਵੇਟ ਲਿਮਿਟਡ ਨਾਂ ਦੀ ਕੰਪਨੀ ਦੀ ਸ਼ੁਰੂਆਤ ਕੀਤੀ ਗਈ। ਮੁਲਜ਼ਮ ਨੂੰ ਵੀ ਬਤੌਰ ਕੰਪਨੀ ਦੇ ਚੌਥੇ ਪਾਰਟਨਰ ਵਜੋਂ ਸ਼ਾਮਲ ਕੀਤਾ ਗਿਆ ।
ਅਰਵਿੰਦਰ ਦਾ ਦੋਸ਼ ਸੀ ਕਿ ਕੁੱਝ ਸਮਾਂ ਬਾਅਦ ਹੀ ਉਨ੍ਹਾਂ ਤੋਂ ਕੰਪਨੀ ਦੇ ਬੈਂਕ ਖਾਤਿਆਂ ਤੋਂ ਕਿਸੇ ਵੀ ਤਰ੍ਹਾਂ ਦੀ ਟ੍ਰਾਂਜੈਕਸ਼ਨ ਕਰਨ ਦਾ ਅਧਿਕਾਰ ਖੋਹ ਲਿਆ ਗਿਆ ਸੀ ਅਤੇ ਇਸ ਤੋਂ ਬਾਅਦ ਉਸ ਨੇ ਕੰਪਨੀ ਤੋਂ ਅਸਤੀਫਾ ਦੇ ਦਿੱਤਾ। ਕੁਝ ਸਮੇਂ ਬਾਅਦ ਉਸ ਨੂੰ ਪਤਾ ਲੱਗਾ ਕਿ ਮੁਲਜ਼ਮ ਨੇ ਕੰਪਨੀ 'ਚ ਲੋਕਾਂ ਨੂੰ ਝਾਂਸਾ ਦੇ ਕੇ 80 ਲੱਖ ਰੁਪਏ ਇਨਵੈਸਟ ਕਰਵਾਏ ਸਨ ਅਤੇ ਇਹ ਪੈਸੇ ਉਸ ਨੇ ਆਪਣੀ ਜੇਬ 'ਚੋਂ ਲੋਕਾਂ ਨੂੰ ਵਾਪਸ ਕੀਤੇ ਜਦਕਿ ਅਸਲ 'ਚ ਇਹ ਠੱਗੀ ਮੁਲਜ਼ਮਾਂ ਨੇ ਕੀਤੀ ਸੀ। ਇਸ ਤੋਂ ਬਾਅਦ ਪੁਲਸ ਨੂੰ 2017 'ਚ ਸ਼ਿਕਾਇਤ ਦਿੱਤੀ ਗਈ ਸੀ। ਪੁਲਸ ਨੇ ਮਾਮਲੇ ਤੋਂ ਬਾਅਦ ਮੁਲਜ਼ਮ ਅਰੁਣ ਖਿਲਾਫ ਮਾਮਲਾ ਦਰਜ ਕੀਤਾ ਸੀ ਜਦਕਿ 2 ਹੋਰ ਆਦਮੀਆਂ ਨੂੰ ਇਸ ਮਾਮਲੇ 'ਚ ਕਲੀਨ ਚਿੱਟ ਦੇ ਦਿੱਤੀ ਗਈ ਸੀ ।