8 ਸਾਲ ਪੁਰਾਣੇ ਕਤਲ ਦੀ ਗੁੱਥੀ ਸੁਲਝੀ
Tuesday, Jul 10, 2018 - 05:59 AM (IST)
ਫਤਿਹਗਡ਼੍ਹ ਸਾਹਿਬ, (ਜਗਦੇਵ, ਜੱਜੀ, ਬਖਸ਼ੀ)- ਪੁਲਸ ਨੇ 8 ਸਾਲ ਪੁਰਾਣੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਅੌਰਤ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਤਵਿੰਦਰ ਸਿੰਘ, ਗੁਰਨਾਮ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਮੈਡ਼ਾਂ (ਦੋਵੇਂ ਭਰਾ) ਅਤੇ ਸ਼ਬਨਮ (ਕਾਲਪਨਿਕ ਨਾਂ) ਪਤਨੀ ਲੇਟ ਮੁਹੰਮਦ ਅਬਦੂਲ ਵਾਸੀ ਬਿਹਾਰ ਵਜੋਂ ਹੋਈ।
ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸ. ਪੀ. (ਡੀ.) ਹਰਪਾਲ ਸਿੰਘ ਅਤੇ ਬੱਸੀ ਪਠਾਣਾਂ ਦੇ ਡੀ. ਐੱਸ. ਪੀ. ਨਵਨੀਤ ਕੌਰ ਗਿੱਲ ਨੇ ਦੱਸਿਆ ਕਿ ਸ਼ਬਨਮ (ਕਾਲਪਨਿਕ ਨਾਂ) ਅਤੇ ਮੁਹੰਮਦ ਅਬਦੂਲ ਦੀ ਲਵ ਮੈਰਿਜ ਹੋਈ ਸੀ, ਜੋ ਕਿ 2006-07 ’ਚ ਬਿਹਾਰ ਤੋਂ ਆ ਕੇ ਪਿੰਡ ਅੱਤੇਵਾਲੀ ਵਿਖੇ ਰਹਿਣ ਲੱਗ ਗਏ। ਉਨ੍ਹਾਂ ਦੱਸਿਆ ਕਿ 2010 ’ਚ ਦੋਵਾਂ ਦੀ ਆਪਸ ’ਚ ਤਕਰਾਰ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਅੌਰਤ ਸਤਵਿੰਦਰ ਸਿੰਘ ਦੇ ਸੰਪਰਕ ’ਚ ਆ ਗਈ ਅਤੇ ਉਸ ਦੇ ਘਰ ਪਿੰਡ ਮੈਡ਼ਾਂ ਵਿਖੇ ਹੀ ਰਹਿਣ ਲੱਗ ਪਈ। ਉਨ੍ਹਾਂ ਦੱਸਿਆ ਕਿ ਜਦੋਂ ਅੌਰਤ ਦਾ ਪਤੀ ਸਤੰਬਰ/ਅਕਤੂਬਰ 2010 ’ਚ ਆਪਣੀ ਪਤਨੀ ਦੇ ਪਿਛੇ ਪਿੰਡ ਮੈਡ਼ਾਂ ਪਹੁੰਚਿਆ ਤਾਂ ਸਤਵਿੰਦਰ ਸਿੰਘ ਅਤੇ ਉਸ ਦੇ ਭਰਾ ਗੁਰਨਾਮ ਸਿੰਘ ਨੇ ਅੌਰਤ ਦੇ ਪਤੀ ਮੁਹੰਮਦ ਅਬਦੂਲ ਨੂੰ ਗੱਲਾਬਾਤਾਂ ’ਚ ਲਾ ਕੇ ਆਪਣੇ ਕੋਲ ਰੱਖ ਲਿਆ ਅਤੇ ਸ਼ਾਮ ਨੂੰ ਦੋਵਾਂ ਨੇ ਉਸ ਨੂੰ ਸ਼ਰਾਬ ਪਿਲਾ ਦਿੱਤੀ। ਇਸ ਤੋਂ ਬਾਅਦ ਨਸ਼ੇ ’ਚ ਮੁਹੰਮਦ ਅਬਦੂਲ ਉਸ ਦੀ ਪਤਨੀ ਨੂੰ ਉਸ ਦੀ ਮਰਜ਼ੀ ਖਿਲਾਫ ਉੱਥੇ ਰੱਖਣ ਦਾ ਵਿਰੋਧ ਕਰਨ ਲੱਗ ਪਿਆ। ਇਸ ’ਤੇ ਦੋਵਾਂ ਭਰਾਵਾਂ ਅਤੇ ਮ੍ਰਿਤਕ ਦੀ ਪਤਨੀ ਨੇ ਕਥਿਤ ਤੌਰ ’ਤੇ ਉਸ ਦੀ ਕੁੱਟ-ਮਾਰ ਕੀਤੀ, ਜਿਸ ਕਾਰਨ ਮ੍ਰਿਤਕ ਜ਼ਮੀਨ ’ਤੇ ਡਿੱਗ ਪਿਆ ਅਤੇ ਦੋਵਾਂ ਭਰਾਵਾਂ ਨੇ ਉਸ ਨੂੰ ਫਡ਼ ਲਿਆ ਤੇ ਅੌਰਤ ਨੇ ਕਥਿਤ ਤੌਰ ’ਤੇ ਪੈਰ ਨਾਲ ਉਸ ਦੀ ਗਰਦਨ ਦੱਬ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਤਿੰਨਾਂ ਨੇ ਮ੍ਰਿਤਕ ਮੁਹੰਮਦ ਅਬਦੂਲ ਦੀ ਲਾਸ਼ ਨੂੰ ਪੱਲੀ ’ਚ ਬੰਨ੍ਹ ਕੇ ਫਤਿਹਪੁਰ ਥਾਬਲਾਂ ਨਹਿਰ ’ਚ ਸੁੱਟ ਦਿੱਤਾ। ਐੱਸ. ਪੀ. ਹਰਪਾਲ ਸਿੰਘ ਨੇ ਦੱਸਿਆ ਕਿ ਇਸ ਕਤਲ ਬਾਰੇ ਕਈ ਸਾਲ ਕਿਸੇ ਨੂੰ ਕੁਝ ਪਤਾ ਨਹੀਂ ਲਗਾ ਪਰ ਕੁਝ ਸਮਾਂ ਪਹਿਲਾਂ ਇਕ ਵਿਅਕਤੀ ਨੂੰ ਇਸ ਕਤਲ ਬਾਰੇ ਪਤਾ ਲੱਗਾ ਤਾਂ ਉਸ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ।
ਐੱਸ. ਪੀ. ਨੇ ਦੱਸਿਆ ਕਿ ਪੁਲਸ ਨੇ ਉਕਤ ਅੌਰਤ ਅਤੇ ਦੋਵਾਂ ਭਰਾਵਾਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਲਾਸ਼ ਬਾਰੇ ਵੀ ਪਤਾ ਕੀਤਾ ਜਾ ਰਿਹਾ ਹੈ। ਇਸ ਮੌਕੇ ਦਲਵੀਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ ਸਰਹਿੰਦ, ਦਲਜੀਤ ਸਿੰਘ ਸਿੱਧੂ ਐੱਸ. ਐੱਚ. ਓ. ਥਾਣਾ ਬੱਸੀ ਪਠਾਣਾਂ ਅਤੇ ਏ. ਐੱਸ. ਆਈ. ਵੇਦ ਪ੍ਰਕਾਸ਼ ਹਾਜ਼ਰ ਸਨ।
