ਜਲੰਧਰ ਦੇ ਬਾਠ ਕੈਸਲ ਦੇ ਮਾਲਕ ਤੋਂ ਲੱਖਾਂ ਦੀ ਰਿਸ਼ਵਤ ਲੈਂਦੇ ਵਿਜੀਲੈਂਸ ਨੇ ਇਹ ਦਬੋਚੇ 3 ਮੁਲਜ਼ਮ

Wednesday, Mar 22, 2023 - 02:40 PM (IST)

ਜਲੰਧਰ (ਪੁਨੀਤ)– ਬਾਠ ਕੈਸਲ ਦੇ ਮਾਲਕਾਂ ਤੋਂ ਰਿਸ਼ਵਤ ਮੰਗਣ ਦੇ ਦੋਸ਼ਾਂ ਵਿਚ ਵਿਜੀਲੈਂਸ ਨੇ ਨਗਰ ਨਿਗਮ ਦੇ ਏ. ਟੀ. ਪੀ. (ਅਸਿਸਟੈਂਟ ਟਾਊਨ ਪਲਾਨਰ) ਰਵੀ ਪੰਕਜ, ਸਾਜ਼ਿਸ਼ਕਰਤਾ ਆਗੂ ਅਰਵਿੰਦ ਮਿਸ਼ਰਾ (ਉਰਫ਼ ਅਰਵਿੰਦ ਸ਼ਰਮਾ), ਕੁਨਾਲ ਕੋਹਲੀ ਨੂੰ ਦਿੱਤੇ ਗਏ ਪੈਸਿਆਂ ਨਾਲ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਵਿਜੀਲੈਂਸ ਦੇ ਹੈੱਡ ਆਫਿਸ ਵੱਲੋਂ ਇਸ ਕਾਰਵਾਈ ਲਈ ਤਾਇਨਾਤ ਕੀਤੇ ਗਏ ਡੀ. ਐੱਸ. ਪੀ. ਅਜੈ ਕੁਮਾਰ ਦੀ ਅਗਵਾਈ ਵਿਚ ਜਾਲ ਵਿਛਾ ਕੇ ਮੁਲਜ਼ਮਾਂ ਨੂੰ ਬੀ. ਐੱਮ. ਸੀ. ਚੌਂਕ ਨਜ਼ਦੀਕ ਸਥਿਤ ਹੋਟਲ ਦੇ ਬਾਹਰੋਂ ਕਾਬੂ ਕੀਤਾ ਗਿਆ। ਇਸ ਦੌਰਾਨ ਇਕ ਹੋਰ ਵਿਅਕਤੀ ਨੂੰ ਵੀ ਕਾਬੂ ਕੀਤਾ ਗਿਆ, ਜਿਹੜਾ ਕਿ ਉਕਤ ਮੁਲਜ਼ਮਾਂ ਦੇ ਨਾਲ ਮੌਜੂਦ ਸੀ।

ਬਾਠ ਕੈਸਲ ਦੇ ਨਰਿੰਦਰ ਬਾਠ ਦੀ ਸ਼ਿਕਾਇਤ ਦੇ ਆਧਾਰ ’ਤੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਸ਼ਿਕਾਇਤਕਰਤਾ ਨਰਿੰਦਰ ਬਾਠ ਨੇ ਦੱਸਿਆ ਕਿ ਜੀ. ਟੀ. ਰੋਡ ’ਤੇ ਸਥਿਤ ਬਾਠ ਕੈਸਲ ਦੇ ਸਬੰਧ ਵਿਚ ਅਰਵਿੰਦ ਮਿਸ਼ਰਾ ਵੱਲੋਂ ਪਲਾਨ ਕਰਕੇ ਨਗਰ ਨਿਗਮ ਨੂੰ ਸ਼ਿਕਾਇਤ ਕੀਤੀ ਗਈ ਸੀ, ਜਿਸ ਤੋਂ ਬਾਅਦ ਏ. ਟੀ. ਪੀ. ਰਵੀ ਪੰਕਜ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਮਾਮਲਾ ਦਬਾਉਣ ਲਈ ਰਿਸ਼ਵਤ ਦੀ ਮੰਗ ਕੀਤੀ ਗਈ। ਸ਼ਿਕਾਇਤਕਰਤਾ ਮੁਤਾਬਕ ਰਵੀ ਪੰਕਜ ਨੂੰ 2 ਵਾਰ 1-1 ਲੱਖ ਰੁਪਏ ਦਿੱਤੇ ਜਾ ਚੁੱਕੇ ਸਨ ਅਤੇ ਮਾਮਲਾ ਦਬਾਉਣ ਲਈ 10 ਲੱਖ ਵਿਚ ਸੌਦਾ ਤੈਅ ਹੋਇਆ। ਨਰਿੰਦਰ ਨੇ ਦੱਸਿਆ ਕਿ ਮੰਗਲਵਾਰ ਬਾਕੀ ਬਚੇ 8 ਲੱਖ ਰੁਪਏ ਦੇਣ ਲਈ ਰਵੀ ਪੰਕਜ ਨੂੰ ਉਸ ਦੇ ਸਾਥੀਆਂ ਨਾਲ ਬੁਲਾਇਆ ਗਿਆ ਸੀ। ਵਿਜੀਲੈਂਸ ਨੂੰ ਉਨ੍ਹਾਂ ਇਸ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ, ਜਿਸ ਕਾਰਨ ਵਿਜੀਲੈਂਸ ਨੇ 8 ਲੱਖ ਰੁਪਏ ਦੇ ਨੋਟਾਂ ਦੇ ਨੰਬਰ ਨੋਟ ਕਰ ਲਏ ਸਨ।

ਇਹ ਵੀ ਪੜ੍ਹੋ : ਕੈਨੇਡਾ 'ਚ 700 ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ 'ਚ ਜਲੰਧਰ ਦੇ ਡੀ. ਸੀ. ਦਾ ਸਖ਼ਤ ਐਕਸ਼ਨ

ਮੰਗਲਵਾਰ ਸਬੰਧਤ ਲੋਕਾਂ ਨੂੰ ਬੀ. ਐੱਮ. ਸੀ. ਚੌਂਕ ਨਜ਼ਦੀਕ ਪੈਸੇ ਦੇਣ ਲਈ ਬੁਲਾਇਆ ਗਿਆ। ਜਿਉਂ ਹੀ ਰਾਸ਼ੀ ਦਿੱਤੀ ਗਈ, ਤਿਉਂ ਹੀ ਵਿਜੀਲੈਂਸ ਨੇ ਕਾਰਵਾਈ ਕਰਦਿਆਂ ਏ. ਟੀ. ਪੀ. ਅਤੇ ਹੋਰਨਾਂ ਨੂੰ ਕਾਬੂ ਕਰ ਲਿਆ ਗਿਆ। ਇਸ ਦੌਰਾਨ ਭੱਜਣ ਦੀ ਕੋਸ਼ਿਸ਼ ਕਰ ਰਹੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵਿਜੀਲੈਂਸ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ। ਦੱਸਿਆ ਜਾਂਦਾ ਹੈ ਕਿ ਮੁਲਜ਼ਮ ਇਸ ਦੌਰਾਨ ਰੌਲਾ ਪਾਉਣ ਲੱਗੇ ਅਤੇ ਸ਼ਿਕਾਇਤਕਰਤਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਦੀ ਭੱਜਣ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਵਿਜੀਲੈਂਸ ਮੁਲਜ਼ਮਾਂ ਨੂੰ ਕਾਬੂ ਕਰਕੇ ਬਾਠ ਕੈਸਲ ਲਿਆਈ, ਜਿੱਥੇ ਕਾਫ਼ੀ ਸਮੇਂ ਤੱਕ ਕਾਗਜ਼ੀ ਕਾਰਵਾਈ ਚੱਲਦੀ ਰਹੀ। ਪੂਰੇ ਘਟਨਾਕ੍ਰਮ ਤੋਂ ਬਾਅਦ ਵਿਜੀਲੈਂਸ ਦੀ ਟੀਮ ਮੁਲਜ਼ਮਾਂ ਨੂੰ ਮੋਹਾਲੀ ਲੈ ਗਈ, ਜਿੱਥੇ ਉਨ੍ਹਾਂ ਦਾ ਰਿਮਾਂਡ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

PunjabKesari

ਬਾਠ ਕੈਸਲ ’ਚ ਕਈ ਘੰਟੇ ਚੱਲੀ ਪੁੱਛਗਿੱਛ
ਵਿਜੀਲੈਂਸ ਚਾਰਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਬਾਠ ਕੈਸਲ ਲੈ ਗਈ, ਜਿੱਥੇ ਉਨ੍ਹਾਂ ਕੋਲੋਂ ਕਈ ਘੰਟੇ ਪੁੱਛਗਿੱਛ ਚੱਲਦੀ ਰਹੀ। ਇਸ ਦੌਰਾਨ ਬਾਠ ਕੈਸਲ ਦੇ ਬਾਹਰ ਮੀਡੀਆ ਦੀ ਭੀੜ ਲੱਗ ਚੁੱਕੀ ਸੀ ਪਰ ਕਿਸੇ ਵੀ ਅਧਿਕਾਰੀ ਨੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ। ਇਸ ਦੌਰਾਨ ਬਾਠ ਕੈਸਲ ਦੇ ਗੇਟ ਬੰਦ ਕਰ ਦਿੱਤੇ ਗਏ। ਕਈ ਘੰਟੇ ਚੱਲੀ ਇਸ ਕਾਰਵਾਈ ਦੌਰਾਨ ਸਬੰਧਤ ਆਗੂਆਂ ਦੇ ਨਜ਼ਦੀਕੀ ਵੀ ਬਾਠ ਕੈਸਲ ਦੇ ਬਾਹਰ ਪਹੁੰਚ ਚੁੱਕੇ ਸਨ ਪਰ ਕਿਸੇ ਦੀ ਕੋਈ ਸੁਣਵਾਈ ਨਹੀਂ ਹੋਈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਬੰਧੀ ਹੁਣ ਤੱਕ ਦਾ ਵੱਡਾ ਖ਼ੁਲਾਸਾ, ਵਿਸਾਖੀ ’ਤੇ ਹੋਣਾ ਸੀ, ‘ਅਨੰਦਪੁਰ ਖ਼ਾਲਸਾ ਫ਼ੌਜ’ ਦਾ ਰਸਮੀ ਐਲਾਨ

ਏ. ਟੀ. ਪੀ. ਦੇ ਘਰ ’ਤੇ ਹੋਈ ਵਿਜੀਲੈਂਸ ਦੀ ਰੇਡ
ਦੱਸਿਆ ਜਾ ਰਿਹਾ ਹੈ ਕਿ ਏ. ਟੀ. ਪੀ. ਰਵੀ ਪੰਕਜ ਦੇ ਘਰ ’ਤੇ ਵਿਜੀਲੈਂਸ ਦੀ ਟੀਮ ਵੱਲੋਂ ਰੇਡ ਕੀਤੀ ਗਈ। ਮੁਲਜ਼ਮਾਂ ਨੂੰ ਕਾਬੂ ਕਰਨ ਤੋਂ ਬਾਅਦ ਪੁੱਛਗਿੱਛ ਕਰਨ ’ਤੇ ਸਾਰੇ ਮੁਲਜ਼ਮਾਂ ਦੇ ਫੋਨ ਵਿਜੀਲੈਂਸ ਨੇ ਜ਼ਬਤ ਕਰ ਲਏ ਸਨ। ਮੁਲਜ਼ਮਾਂ ਕੋਲੋਂ 2-3 ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਵਿਜੀਲੈਂਸ ਆਪਣੇ ਨਾਲ ਲੈ ਗਈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਦੀਆਂ ਗੱਡੀਆਂ ਵਿਚੋਂ ਕਈ ਇਮਾਰਤਾਂ ਸਬੰਧੀ ਦਸਤਾਵੇਜ਼ ਪ੍ਰਾਪਤ ਹੋਏ ਹਨ, ਜਿਨ੍ਹਾਂ ਦੇ ਆਧਾਰ ’ਤੇ ਵਿਜੀਲੈਂਸ ਦਾ ਕੇਸ ਮਜ਼ਬੂਤ ਬਣ ਜਾਵੇਗਾ।

ਨਿਗਮ ਕਮਿਸ਼ਨਰ ਨੇ ਰਵੀ ਪੰਕਜ ਨੂੰ ਬਿਲਡਿੰਗ ਬ੍ਰਾਂਚ ਤੋਂ ਹਟਾਇਆ
ਦੱਸਿਆ ਜਾ ਰਿਹਾ ਹੈ ਕਿ ਪੈਸੇ ਵਸੂਲਣ ਦੇ ਦੋਸ਼ਾਂ ਸਬੰਧੀ ਨਿਗਮ ਕਮਿਸ਼ਨਰ ਕੋਲ ਪਿਛਲੇ ਸਮੇਂ ਦੌਰਾਨ ਕਈ ਸ਼ਿਕਾਇਤਾਂ ਪਹੁੰਚੀਆਂ ਸਨ, ਜਿਨ੍ਹਾਂ ਦੇ ਆਧਾਰ ’ਤੇ ਕਮਿਸ਼ਨਰ ਅਭਿਜੀਤ ਕਪਲਿਸ਼ ਵੱਲੋਂ ਰਵੀ ਪੰਕਜ ਨੂੰ ਬਿਲਡਿੰਗ ਬ੍ਰਾਂਚ ਤੋਂ ਬਦਲ ਦਿੱਤਾ ਗਿਆ ਸੀ। ਰਵੀ ਪੰਕਜ ਕੋਲ ਲੱਧੇਵਾਲੀ ਦਾ ਇਲਾਕਾ ਸੀ, ਜਿੱਥੇ ਪਿਛਲੇ ਸਮੇਂ ਦੌਰਾਨ ਨਾਜਾਇਜ਼ ਕਾਲੋਨੀਆਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।

ਇਹ ਵੀ ਪੜ੍ਹੋ : IPS ਅਧਿਕਾਰੀ ਸਵਪਨ ਸ਼ਰਮਾ ਜਲੰਧਰ ਰੇਂਜ ਦੇ DIG ਵਜੋਂ ਨਿਯੁਕਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News