ਚੋਰੀ ਦੇ ਕੇਸ 'ਚ 7 ਸਾਲਾ ਬੱਚਾ ਅਦਾਲਤ 'ਚ ਪੇਸ਼, ਜੱਜ ਨੇ ਪੁਲਸ ਨੂੰ ਪਾਈ ਝਾੜ, ਜਾਣੋ ਪੂਰਾ ਮਾਮਲਾ

01/22/2023 12:47:59 PM

ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਦੇ ਸ਼ਹਿਰ ਬੂਰੇਵਾਲ ’ਚ ਬੀਤੇ ਦਿਨ ਸਿਵਲ ਜੱਜ ਸੀਨੀਅਰ ਡਵੀਜ਼ਨ ਦੀ ਅਦਾਲਤ ’ਚ ਉਸ ਸਮੇਂ ਹੰਗਾਮਾ ਮਚ ਗਿਆ, ਜਦ ਪੁਲਸ ਨੇ ਇਕ 7 ਸਾਲਾ ਬੱਚੇ ਨਾਬੀਰ ਉੱਲਾ ਨੂੰ ਸਾਈਕਲ ਚੋਰੀ ਦੇ ਕੇਸ ’ਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੇਸ਼ ਕੀਤਾ।

ਸੂਤਰਾਂ ਅਨੁਸਾਰ ਬੂਰੇਵਾਲ ਕਸਬੇ ’ਚ ਸਿਵਲ ਜੱਜ ਸੀਨੀਅਰ ਡਵੀਜ਼ਨ ਰਹਿਮਤ ਉੱਲਾ ਖ਼ਾਨ ਨੇ ਜਦ ਬੱਚੇ ਤੋਂ ਪੁੱਛਿਆ ਕਿ ਉਸ ਨੇ ਸਾਈਕਲ ਚੋਰੀ ਕਿਉਂ ਕੀਤਾ ਤਾਂ ਬੱਚਾ ਰੋ ਪਿਆ ਅਤੇ ਉਸ ਨੇ ਜੱਜ ਨੂੰ ਦੱਸਿਆ ਕਿ ਉਹ ਨਾ ਤਾਂ ਸਾਈਕਲ ਚਲਾਉਣਾ ਜਾਣਦਾ ਹੈ ਅਤੇ ਨਾ ਹੀ ਉਸ ਨੇ ਕੋਈ ਸਾਈਕਲ ਚੋਰੀ ਕੀਤਾ ਹੈ। ਪੁਲਸ ਉਸ ਨੂੰ ਘਰੋਂ ਫੜ ਕੇ ਲੈ ਗਈ ਸੀ ਅਤੇ ਪਹਿਲਾਂ ਉਸ ’ਤੇ ਅੰਡੇ ਚੋਰੀ ਕਰਨ ਦਾ ਦੋਸ਼ ਲਗਾਉਂਦੀ ਰਹੀ ਅਤੇ ਕਦੀ ਦੁੱਧ ਚੋਰੀ ਕਰਨ ਦੀ ਗੱਲ ਕਰਦੀ ਰਹੀ। ਅਦਾਲਤ ’ਚ ਪਤਾ ਲੱਗਾ ਹੈ ਕਿ ਉਸ ’ਤੇ ਸਾਈਕਲ ਚੋਰੀ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ: ਬਿਆਸ ਨੇੜੇ ਗੈਂਗਸਟਰ ਅਤੇ ਪੁਲਸ ਵਿਚਾਲੇ ਮੁਕਾਬਲਾ, ਪੁਲਸ ਮੁਲਾਜ਼ਮ ਨੂੰ ਲੱਗੀ ਗੋਲੀ

ਜੱਜ ਨੇ ਤੁਰੰਤ ਪੁਲਸ ਸਟੇਸ਼ਨ ਬੂਰੇਵਾਲ ਦੇ ਇੰਚਾਰਜ ਨੂੰ ਅਦਾਲਤ ਵਿਚ ਪੇਸ਼ ਹੋਣ ਨੂੰ ਕਿਹਾ, ਜਿਵੇਂ ਹੀ ਪੁਲਸ ਸਟੇਸ਼ਨ ਅਧਿਕਾਰੀ ਅਦਾਲਤ ਵਿਚ ਪੇਸ਼ ਹੋਇਆ ਤਾਂ ਜੱਜ ਨੇ ਉਸਨੂੰ ਜੰਮ ਕੇ ਲਤਾੜਿਆ। ਜੱਜ ਨੇ ਕਿਹਾ ਕਿ ਬੱਚੇ ਨੂੰ ਸਾਈਕਲ ਚੋਰੀ ਕਰਨ ਦੇ ਦੋਸ਼ ਵਿਚ ਅਦਾਲਤ ਵਿਚ ਪੇਸ਼ ਕਰ ਰਹੇ ਹੋ, ਕੀ ਇਸ ਤੋਂ ਕੋਈ ਚੋਰੀ ਦਾ ਸਾਈਕਲ ਬਰਾਮਦ ਹੋਇਆ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਬੱਚੇ ਤੋਂ ਅਜੇ ਤੱਕ ਕੋਈ ਸਾਈਕਲ ਬਰਾਮਦ ਨਹੀਂ ਹੋਇਆ ਹੈ, ਜਿਸ ’ਤੇ ਜੱਜ ਨੇ ਕੇਸ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਦੇ ਖਿਲਾਫ਼ ਕਾਰਵਾਈ ਕਰਨ ਨੂੰ ਕਿਹਾ।

ਇਹ ਵੀ ਪੜ੍ਹੋ- ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, 6 ਮਹੀਨੇ ਦੇ ਪੁੱਤ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ

ਅਦਾਲਤ ਵਿਚ ਹਾਜ਼ਰ ਸਾਰੇ ਪੁਲਸ ਅਧਿਕਾਰੀਆਂ ਨੇ ਜੱਜ ਤੋਂ ਮੁਆਫ਼ੀ ਮੰਗ ਕੇ ਆਪਣੀ ਜਾਨ ਬਚਾਈ। ਜੱਜ ਨੇ ਪੁਲਸ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਕਿ ਬੱਚੇ ਨੂੰ ਤੁਰੰਤ ਉਸ ਦੇ ਘਰ ਛੱਡ ਕੇ ਆਓ ਅਤੇ ਬੱਚੇ ਨੂੰ ਹਰਜਾਨੇ ਵਜੋਂ ਆਪਣੀ ਜੇਬ ’ਚੋਂ 10 ਹਜ਼ਾਰ ਰੁਪਏ ਦਿੱਤੇ ਜਾਣ। ਇਸ ਦੇ ਖ਼ਿਲਾਫ਼ ਦਰਜ ਕੇਸ ਤੁਰੰਤ ਰੱਦ ਕੀਤਾ ਜਾਵੇ। ਪੁਲਸ ਅਧਿਕਾਰੀ ਆਪਣੀ ਗੱਡੀ ਵਿਚ ਬੱਚੇ ਨੂੰ ਉਸ ਦੇ ਘਰ ਛੱਡ ਕੇ ਆਏ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News