ਮੋਟਰਸਾਈਕਲ ਸਵਾਰਾਂ ਸਬਜ਼ੀ ਮੰਡੀ ਦੇ ਆੜ੍ਹਤੀ ਤੋਂ 7 ਲੱਖ ਲੁੱਟੇ

Thursday, Feb 08, 2018 - 04:46 AM (IST)

ਮੋਟਰਸਾਈਕਲ ਸਵਾਰਾਂ ਸਬਜ਼ੀ ਮੰਡੀ ਦੇ ਆੜ੍ਹਤੀ ਤੋਂ 7 ਲੱਖ ਲੁੱਟੇ

ਹੁਸ਼ਿਆਰਪੁਰ, (ਅਮਰਿੰਦਰ)- ਹੁਸ਼ਿਆਰਪੁਰ-ਆਦਮਵਾਲ ਲਿੰਕ ਸਡਥ 'ਤੇ ਕੁਸ਼ਟ ਆਸ਼ਰਮ ਦੇ ਸਾਹਮਣੇ ਸ਼ਾਮ 6 ਵਜੇ ਦੇ ਕਰੀਬ ਸਬਜ਼ੀ ਮੰਡੀ ਦੇ ਆੜ੍ਹਤੀ ਵਿਵੇਕ ਸ਼ਰਮਾ ਨੂੰ ਪਿਸਤੌਲ ਦਿਖਾ ਕੇ ਮੋਟਰਸਾਈਕਲ ਸਵਾਰ ਨੌਜਵਾਨ ਕਰੀਬ 7 ਲੱਖ ਰੁਪਏ ਲੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏੇ। 
ਪੀੜ੍ਹਤ ਆੜ੍ਹਤੀ ਵਿਵੇਕ ਸ਼ਰਮਾ ਹਿਮਾਚਲ ਪ੍ਰਦੇਸ਼ ਤੋਂ ਉਗਰਾਹੀ ਕਰਕੇ ਆਪਣੀ ਕਾਰ ਨੰ. ਪੀ.ਬੀ. 78-7117 'ਤੇ ਸਵਾਰ ਹੋ ਕੇ ਡਰਾਇਵਰ ਵਿਜੇ ਨਾਲ ਹੁਸ਼ਿਆਰਪੁਰ ਵਾਪਸ ਪਰਤ ਰਹੇ ਸੀ। ਲੁੱਟ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਐੱਸ.ਐੱਚ.ਓ. ਰਾਜੇਸ਼ ਅਰੋੜਾ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਜਾਂਚ 'ਚ ਜੁੱਟ ਗਏ। ਉੱਥੇ ਬਾਅਦ 'ਚ ਐੱਸ.ਐੱਸ.ਪੀ. ਏਲੀਚੇਲਿਅਨ ਵੀ ਮੌਕੇ 'ਤੇ ਪਹੁੰਚ ਗਏ।
ਕਿਸ ਤਰ੍ਹਾਂ ਦਿੱਤਾ ਲੁੱਟ ਨੂੰ ਅੰਜਾਮ : ਮੌਕੇ 'ਤੇ ਲੁੱਟ ਦਾ ਸ਼ਿਕਾਰ ਹੋਏ ਪੀੜ੍ਹਤ ਆੜ੍ਹਤੀ ਵਿਵੇਕ ਸ਼ਰਮਾ ਪੁੱਤਰ ਜੈ ਕਿਸ਼ਨ ਵਾਸੀ ਵਿਜੇ ਨਗਰ ਨੇ ਪੁਲਸ ਨੂੰ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਹੁਸ਼ਿਆਰਪੁਰ ਤੋਂ ਸਬਜ਼ੀ ਸਪਲਾਈ ਕਰਦਾ ਹੈ। ਅੱਜ ਉਸ ਨੇ ਹਿਮਾਚਲ ਦੇ ਨਗਰੋਟਾ, ਪਾਲਮਪੁਰ ਆਦਿ ਸਥਾਨਾਂ ਤੋਂ ਪੈਸੇ ਲੈ ਕੇ ਵਾਪਸ ਹੁਸ਼ਿਆਰਪੁਰ ਪਰਤਦੇ ਸਮੇਂ ਚੌਹਾਲ ਕੋਲ ਆ ਕੇ ਕਾਰ 'ਚ ਪੈਟਰੋਲ ਪਵਾਇਆ। ਆਦਮਵਾਲ ਦੇ ਅੱਗੇ ਆਉਂਦੇ ਹੀ ਪਿੱਛੇ ਤੇਜ਼ ਰਫ਼ਤਾਰ 'ਚ ਆ ਰਹੇ 1 ਮੋਟਰਸਾਈਕਲ 'ਤੇ ਤਿੰਨ ਨੌਜਵਾਨ ਅਚਾਨਕ ਉਨ੍ਹਾਂ ਦੀ ਕਾਰ ਦੇ ਸਾਹਮਣੇ ਆ ਕੇ ਰੁਕ ਗਏ। ਕਾਰ ਦੇ ਰੁਕਦੇ ਹੀ ਲੋਹਾ ਨੁਮਾ ਛੜੀ ਨਾਲ ਕਾਰ ਦੇ ਅਗਲੇ ਸ਼ੀਸ਼ੇ ਤੇ ਸਾਇਡ ਦਾ ਸ਼ੀਸ਼ਾ ਤੋੜ ਕੇ ਮੋਟਰਸਾਈਕਲ ਸਵਾਰ ਨੌਜਵਾਨ ਡਰਾਇਵਰ ਵਿਜੇ ਨੂੰ ਕਾਰ 'ਚੋਂ ਖਿੱਚ ਕੇ ਆਪ ਕਾਰ ਚਲਾਉਣ ਲੱਗਾ। ਥੋੜ੍ਹੀ ਦੇਰ ਅੱਗੇ ਜਾਂਦੇ ਹੀ ਉਸ ਨੇ ਕਾਰ ਰੋਕ ਕੇ ਪਿਸਤੌਲ ਦਿਖਾ ਕੇ ਮੇਰੇ ਹੱਥ 'ਚੋਂ ਰੁਪਏ ਨਾਲ ਭਰਿਆ ਬੈਗ ਖੋਹ ਕੇ ਤਿੰਨੋਂ ਮੋਟਰ ਸਾਈਕਲ ਸਵਾਰ ਸ਼ਹਿਰ ਵੱਲ ਜਾਣ ਵਾਲੇ ਰਸਤੇ ਵੱਲ ਫ਼ਰਾਰ ਹੋ ਗਏ। ਬੈਗ 'ਚ ਕਰੀਬ 7 ਲੱਖ ਰੁਪਏ ਸੀ।
ਕੀ ਕਹਿੰਦੇ ਹਨ ਐੱਸ. ਐੱਸ. ਪੀ. : ਇਸ ਸਬੰਧ 'ਚ ਮੌਕੇ 'ਤੇ ਮੌਜੂਦ ਐੱਸ.ਐੱਸ.ਪੀ. ਜੇ ਏਲੀਚੇਲਿਅਨ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਸ਼ਹਿਰ ਦੇ ਪੁਲਸ ਨੂੰ ਚੌਕਸ ਕਰ ਦਿੱਤਾ ਗਿਆ ਹੈ। ਪੁਲਸ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਵੇਗੀ।


Related News