ਪਿਸਤੌਲ ਦੀ ਨੋਕ ’ਤੇ ਅਗਵਾ ਕਰ ਕੇ ਲੁੱਟੇ 7.25 ਲੱਖ
Thursday, Oct 10, 2019 - 01:45 AM (IST)

ਹੁਸ਼ਿਆਰਪੁਰ,(ਅਮਰਿੰਦਰ)- ਥਾਣਾ ਗੜ੍ਹਸ਼ੰਕਰ ਦੀ ਪੁਲਸ ਨੇ ਕੈਨੇਡਾ ਭੇਜਣ ਦੇ ਨਾਂ ’ਤੇ ਵੀਜ਼ਾ ਤਿਆਰ ਕਰਵਾਉਣ ਵਾਲੇ ਕਪੂਰਥਲਾ ਦੇ ਰਹਿਣ ਵਾਲੇ ਪੁਰਸ਼ੋਤਮ ਕੁਮਾਰ ਸ਼ਰਮਾ ਨੂੰ ਧੋਖੇ ਨਾਲ ਅਗਵਾ ਕਰ ਕੇ 7 ਲੱਖ 25 ਹਜ਼ਾਰ ਰੁਪਏ ਲੁੱਟਣ ਦੇ ਦੋਸ਼ ਵਿਚ ਇਬਰਾਹਿਮਪੁਰ ਦੇ 3 ਦੋਸ਼ੀਆਂ ਕੁਲਵੰਤ ਸਿੰਘ, ਅਵਤਾਰ ਸਿੰਘ ਅਤੇ ਜਗਦੀਪ ਸਿੰਘ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਗਡ਼੍ਹਸ਼ੰਕਰ ਥਾਣੇ ਦੇ ਐੱਸ. ਐੱਚ. ਓ. ਬਲਵਿੰਦਰ ਕੁਮਾਰ ਨੇ ਦਿੰਦਿਆਂ ਦੱਸਿਆ ਕਿ ਪੁਲਸ ਨੇ ਸ਼ਿਕਾਇਤ ਮਿਲਦੇ ਹੀ ਫੌਰੀ ਤੌਰ ’ਤੇ ਕਾਰਵਾਈ ਕਰਦਿਆਂ ਤਿੰਨਾਂ ਦੋਸ਼ੀਆਂ ਖਿਲਾਫ਼ ਧਾਰਾ 365, 384, 34 ਦੇ ਨਾਲ ਆਰਮਜ਼ ਐਕਟ ਅਧੀਨ ਕੇਸ ਦਰਜ ਕਰ ਕੇ ਮੁੱਖ ਦੋਸ਼ੀ ਕੁਲਵੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਦੋਸ਼ੀ ਕੁਲਵੰਤ ਸਿੰਘ ਕੋਲੋਂ 5 ਲੱਖ ਰੁਪਏ ਅਤੇ ਪਿਸਤੌਲ ਵੀ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਵੀਜ਼ਾ ਫੀਸ ਜਮ੍ਹਾ ਕਰਵਾਉਣ ਦੀ ਬਜਾਏ ਪਰਸ਼ੋਤਮ ਕੁਮਾਰ ਤੋਂ ਹੀ ਲੁੱਟ ਲਈ ਰਕਮ
ਐੱਸ. ਐੱਚ. ਓ. ਬਲਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਕੋਲ ਕਪੂਰਥਲਾ ਦੇ ਰਹਿਣ ਵਾਲੇ ਪੁਰਸ਼ੋਤਮ ਕੁਮਾਰ ਸ਼ਰਮਾ ਪੁੱਤਰ ਸੁਰਿੰਦਰ ਸ਼ਰਮਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਲੁਧਿਆਣਾ ਵਿਚ ਵੀਜ਼ਾ ਫ਼ਾਰਮ ਭਰਦਾ ਹੈ। ਦੋਸ਼ੀ ਕੁਲਵੰਤ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਕੈਨੇਡਾ ਭੇਜਣ ਲਈ ਵੀਜ਼ਾ ਫਾਰਮ ਤਿਆਰ ਕਰਨ ਨੂੰ ਕਿਹਾ ਸੀ। ਉਸ ਨੇ ਵੀਜ਼ੇ ਲਈ ਫਾਈਲ ਤਿਆਰ ਕਰਵਾ ਦਿੱਤੀ ਪਰ ਦੋਸ਼ੀਆਂ ਨੇ ਇਸ ਲਈ ਫੀਸ ਜਮ੍ਹਾ ਨਹੀਂ ਕਰਵਾਈ। 8 ਅਕਤੂਬਰ ਨੂੰ ਕੁਲਵੰਤ ਸਿੰਘ ਨੇ ਫੋਨ ਕੀਤਾ ਕਿ ਉਹ ਗਡ਼੍ਹਸ਼ੰਕਰ ਆ ਕੇ ਪੇਮੈਂਟ ਲੈ ਜਾਵੇ। ਜਦੋਂ ਉਹ ਆਪਣੇ ਸਾਥੀ ਨਾਲ ਪੇਮੈਂਟ ਲੈਣ ਗਡ਼੍ਹਸ਼ੰਕਰ ਆਇਆ ਤਾਂ ਦੋਸ਼ੀ ਆਪਣੇ ਨਾਲ ਪਿੰਡ ਲੈ ਗਿਆ, ਜਿੱਥੇ ਪਿਸਤੌਲ ਦੀ ਨੋਕ ’ਤੇ ਧਮਕੀ ਦਿੰਦੇ ਹੋਏ 7 ਲੱਖ 25 ਹਜ਼ਾਰ ਰੁਪਏ ਖੋਹ ਲਏ।
ਗ੍ਰਿਫ਼ਤਾਰ ਦੋਸ਼ੀ ਕੁਲਵੰਤ ਸਿੰਘ ਖਿਲਾਫ਼ ਪਹਿਲਾਂ ਵੀ ਮਾਮਲੇ ਹਨ ਦਰਜ : ਐੱਸ. ਐੱਚ. ਓ.
ਐੱਸ. ਐੱਚ. ਓ. ਬਲਵਿੰਦਰ ਕੁਮਾਰ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਕੁਲਵੰਤ ਸਿੰਘ ਖਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ, ਉੱਥੇ ਹੀ ਇਕ ਮਾਮਲੇ ਵਿਚ ਉਸ ਨੂੰ ਅਦਾਲਤ ਵੱਲੋਂ ਸਜ਼ਾ ਵੀ ਸੁਣਾਈ ਗਈ ਹੈ। ਪੁਲਸ ਕੁਲਵੰਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਫਰਾਰ ਚੱਲ ਰਹੇ ਅਵਤਾਰ ਸਿੰਘ ਅਤੇ ਜਗਦੀਪ ਸਿੰਘ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪੁਲਸ ਦੋਸ਼ੀਆਂ ਕੋਲੋਂ ਬਾਕੀ 2 ਲੱਖ 25 ਹਜ਼ਾਰ ਰੁਪਏ ਦੀ ਬਰਾਮਦਗੀ ਕਰ ਕੇ ਛੇਤੀ ਹੀ ਫਰਾਰ ਚੱਲ ਰਹੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਵੇਗੀ।