ਪਾਕਿਸਤਾਨ ਤੋਂ ਆਈ 75 ਕਰੋੜ ਦੀ ਹੈਰੋਇਨ ਸਣੇ 6 ਕਾਬੂ

12/20/2019 9:18:49 PM

ਅੰਮ੍ਰਿਤਸਰ, (ਸੰਜੀਵ)— ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਖੁਫੀਆ ਵਿਭਾਗ ਕਾਊਂਟਰ ਇੰਟੈਲੀਜੈਂਸ ਨੇ ਰਮਦਾਸ ਸੈਕਟਰ 'ਚ ਲਾਏ ਗਏ ਟ੍ਰੈਪ ਦੌਰਾਨ ਪਾਕਿਸਤਾਨ ਤੋਂ ਆਈ 75 ਕਰੋੜ ਰੁਪਏ ਦੀ ਹੈਰੋਇਨ ਸਮੇਤ 6 ਖਤਰਨਾਕ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਦੋਸ਼ੀਆਂ ਦੀ ਪਛਾਣ ਜਿਨ੍ਹਾਂ 'ਚ ਬਲਕਾਰ ਸਿੰਘ ਵਾਸੀ ਖੱਸੂਪੁਰਾ, ਦਲਬੀਰ ਸਿੰਘ ਵਾਸੀ ਕੋਟਲੀ ਦਸੋਂਧੀ, ਸੁਰਜੀਤ ਸਿੰਘ ਬੱਬੂ ਵਾਸੀ ਸੈਦਪੁਰ ਕਲਾਂ, ਬਿੱਟੂ ਸਿੰਘ ਉਰਫ ਸੁੱਖਾ ਸਿੰਘ ਵਾਸੀ ਘੋਗਾ, ਭੁਪਿੰਦਰ ਸਿੰਘ ਭਿੰਦਾ ਅਤੇ ਗੁਰਜੰਟ ਸਿੰਘ (ਦੋਵੇਂ) ਵਾਸੀ ਚੀਮਾ ਕਲਾਂ ਸ਼ਾਮਲ ਹਨ। ਪੁਲਸ ਨੇ ਉਕਤ ਸਮੱਗਲਰਾਂ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਲਈ ਪੁਲਸ ਰਿਮਾਂਡ 'ਤੇ ਲਿਆ ਹੈ।
ਕਾਊਂਟਰ ਇੰਟੈਲੀਜੈਂਸ ਏ. ਆਈ. ਜੀ. ਕੇਤਨ ਬਾਲੀਰਾਮ ਪਾਟਿਲ ਨੂੰ ਜਾਣਕਾਰੀ ਮਿਲੀ ਸੀ ਕਿ ਸ਼ੁਕੱਰਵਾਰ ਕੁਝ ਸਮੱਗਲਰ ਪਾਕਿਸਤਾਨ ਤੋਂ ਆਈ ਹੈਰੋਇਨ ਦੀ ਖੇਪ ਨੂੰ ਸਪਲਾਈ ਕਰਨ ਆ ਰਹੇ ਹਨ। ਜਿਸ ਦੌਰਾਨ ਟੀ-ਪੁਆਇੰਟ ਘੋਨੇਵਾਲ 'ਤੇ ਲਾਏ ਨਾਕੇ ਦੌਰਾਨ ਸਵਿਫਟ ਕਾਰ, ਮੋਟਰਸਾਈਕਲ 'ਤੇ ਸਵਾਰ 6 ਸਮੱਗਲਰਾਂ ਨੂੰ ਆਉਂਦੇ ਦੇਖ ਕੇ ਉਨ੍ਹਾਂ ਨੂੰ ਜਾਂਚ ਲਈ ਰੋਕਿਆ। ਤਲਾਸ਼ੀ ਦੌਰਾਨ ਦੋਸ਼ੀਆਂ ਦੇ ਕਬਜ਼ੇ 'ਚੋਂ 15 ਪੈਕੇਟ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 75 ਕਰੋੜ ਰੁਪਏ ਹੈ।

ਸਮੱਗਲਰਾਂ ਦੇ ਮੋਬਾਇਲਾਂ ਨੂੰ ਕੀਤਾ ਜਾ ਰਿਹਾ ਸਕੈਨ
ਹੈਰੋਇਨ ਸਮੱਗਲਰਾਂ ਕੋਲੋਂ ਜਿਥੇ ਗੰਭੀਰਤਾ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ, ਉਥੇ ਹੀ ਉਨ੍ਹਾਂ ਤੋਂ ਬਰਾਮਦ ਮੋਬਾਇਲ ਵੀ ਸਕੈਨ ਕੀਤੇ ਜਾ ਰਹੇ ਹਨ। ਪੁਲਸ ਸਮੱਗਲਰਾਂ ਦੇ ਪੰਜਾਬ 'ਚ ਸਪਲਾਈ ਕੀਤੇ ਜਾਣ ਵਾਲੇ ਟਿਕਾਣਿਆਂ ਦੇ ਨਾਲ-ਨਾਲ ਪਾਕਿਸਤਾਨ 'ਚ ਬੈਠੇ ਸਮੱਗਲਰਾਂ ਨਾਲ ਰਿਸ਼ਤਿਆਂ ਨੂੰ ਵੀ ਖੰਗਾਲ ਰਹੀ ਹੈ। ਪੁਲਸ ਵਲੋਂ ਦੋਸ਼ੀਆਂ ਦੇ ਹੋਰ ਸਾਥੀਆਂ ਦੀ ਗ੍ਰਿਫਤਾਰੀ ਹੋਣ ਦੀ ਵੀ ਸੰਭਾਵਨਾ ਹੈ।


KamalJeet Singh

Content Editor

Related News