ਤੀਹਰੇ ਕਤਲਕਾਂਡ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ ; ਸਾਂਝੇ ਆਪਰੇਸ਼ਨ ਦੌਰਾਨ 6 ਸ਼ੂਟਰ ਕੀਤੇ ਗ੍ਰਿਫ਼ਤਾਰ
Saturday, Sep 07, 2024 - 10:34 PM (IST)
ਫਿਰੋਜ਼ਪੁਰ (ਕੁਮਾਰ)- ਬੀਤੇ ਦਿਨੀਂ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ 'ਚ ਗੋਲ਼ੀਆਂ ਮਾਰ ਕੇ ਇਕ ਕੁੜੀ ਸਣੇ 3 ਦੇ ਕਤਲ ਮਾਮਲੇ 'ਚ ਪੁਲਸ ਨੇ ਕਾਰਵਾਈ ਕਰਦਿਆਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੂਬੇ ’ਚੋਂ ਸੰਗਠਿਤ ਅਪਰਾਧਿਕ ਨੈੱਟਵਰਕ ਨੂੰ ਜੜ੍ਹੋਂ ਖ਼ਤਮ ਕਰਨ ਲਈ ਚੱਲ ਰਹੀ ਮੁਹਿੰਮ ਤਹਿਤ ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਨੇ ਕੇਂਦਰੀ ਏਜੰਸੀਆਂ ਅਤੇ ਮਹਾਰਾਸ਼ਟਰ ਪੁਲਸ ਨਾਲ ਮਿਲ ਕੇ ਸਾਂਝਾ ਆਪਰੇਸ਼ਨ ਚਲਾਉਂਦੇ ਹੋਏ ਫਿਰੋਜ਼ਪੁਰ ਸ਼ਹਿਰ ਵਿੱਚ ਹੋਏ ਤੀਹਰੇ ਕਤਲ ਕੇਸ ਵਿੱਚ ਸ਼ਾਮਲ 6 ਸ਼ੂਟਰਾਂ ਨੂੰ ਔਰੰਗਾਬਾਦ ਤੋਂ ਗ੍ਰਿਫਤਾਰ ਕਰ ਕਰ ਲਿਆ ਹੈ।
ਇਹ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਬਾਬਾ ਵਾਸੀ ਚੋਹਲਾ ਸਾਹਿਬ, ਤਰਨਤਾਰਨ, ਪ੍ਰਿੰਸ ਵਾਸੀ ਪਿੰਡ ਕੁੰਡੇ, ਫਿਰੋਜ਼ਪੁਰ, ਰਵਿੰਦਰ ਸਿੰਘ ਉਰਫ਼ ਰਵੀ ਉਰਫ ਸੁੱਖੂ, ਸੁਖਚੈਨ ਸਿੰਘ, ਅਕਸ਼ੈ ਉਰਫ ਬਗੀਚਾ ਅਤੇ ਰਾਜਬੀਰ ਸਿੰਘ ਉਰਫ ਦਲੇਰ ਸਿੰਘ ਸਾਰੇ ਵਾਸੀ ਬਸਤੀ ਬਾਗ ਵਾਲੀ ਫਿਰੋਜ਼ਪੁਰ ਦੇ ਰੂਪ ਵਿੱਚ ਹੋਈ ਹੈ ਅਤੇ ਗ੍ਰਿਫ਼ਤਾਰ ਕੀਤੇ ਗਏ ਇਹ ਸਾਰੇ ਮੁਲਜ਼ਮਾਂ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਇਨ੍ਹਾਂ ਦੇ ਖ਼ਿਲਾਫ਼ ਕਤਲ, ਇਰਾਦਾ ਕਤਲ, ਡਕੈਤੀ, ਐੱਨ.ਡੀ.ਪੀ.ਐੱਸ. ਐਕਟ, ਅਸਲਾ ਐਕਟ ਆਦਿ ਦੇ ਕਈ ਕੇਸ ਦਰਜ ਹਨ। ਇਸ ਤੋਂ ਇਲਾਵਾ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਗੋਪੀ ਬਾਬਾ ਨੂੰ ਵੀ 2 ਮਾਮਲਿਆਂ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਠੱਗੀ ਦਾ ਅਨੋਖਾ ਮਾਮਲਾ ; ਮੋਟੀ ਰਕਮ ਲੈ ਕੇ ਵੀ ਨਾ ਕਰਵਾਈ ਮਕਾਨ ਦੀ ਰਜਿਸਟਰੀ, ਫ਼ਿਰ ਕੀਤਾ ਅਜਿਹਾ ਕਾਂਡ ਕਿ...
ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਸ਼ਹਿਰ ਦੇ ਬਾਂਸੀ ਗੇਟ ਏਰੀਆ ਵਿੱਚ ਤਿੰਨ ਸਤੰਬਰ ਨੂੰ ਗੁਰਦੁਆਰਾ ਸਾਹਿਬ ਦੇ ਨੇੜੇ ਦਿਨ ਦਿਹਾੜੇ 2 ਮੋਟਰਸਾਈਕਲਾਂ ’ਤੇ ਸਵਾਰ 6 ਹਮਲਾਵਰਾਂ ਨੇ ਇਕ ਨੌਜਵਾਨ ਕੁੜੀ ਸਮੇਤ ਤਿੰਨ ਵਿਅਕਤੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਸਬੰਧੀ ਥਾਣਾ ਫਿਰੋਜ਼ਪੁਰ ਸ਼ਹਿਰ ਦੀ ਪੁਲਸ ਵੱਲੋਂ 3 ਸਤੰਬਰ 2024 ਨੂੰ ਐੱਫ.ਆਈ.ਆਰ. ਨੰਬਰ 344 ਦਰਜ ਕੀਤੀ ਗਈ ਸੀ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਪੁਖ਼ਤਾ ਇਤਲਾਹ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਏ.ਡੀ.ਜੀ.ਪੀ. ਪ੍ਰਮੋਦ ਬਾਨ ਦੀ ਸਰਪ੍ਰਸਤੀ ਹੇਠ ਏ.ਜੀ.ਟੀ.ਐੱਫ. ਪੰਜਾਬ ਦੀਆਂ ਪੁਲਸ ਟੀਮਾਂ ਨੇ ਏ.ਆਈ.ਜੀ. ਗੁਰਮੀਤ ਸਿੰਘ ਚੌਹਾਨ ਅਤੇ ਏ.ਆਈ.ਜੀ. ਸੰਦੀਪ ਗੋਇਲ ਦੀ ਨਿਗਰਾਨੀ ਵਿੱਚ ਪੰਜਾਬ, ਯੂ.ਟੀ. ਚੰਡੀਗੜ੍ਹ, ਦਿੱਲੀ ਅਤੇ ਮਹਾਰਾਸ਼ਟਰ ਵਿੱਚ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਅਤੇ ਇਨ੍ਹਾਂ 6 ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਆਪ੍ਰੇਸ਼ਨ ਡੀ.ਐੱਸ.ਪੀ. ਬਿਕਰਮਜੀਤ ਸਿੰਘ ਬਰਾੜ ਅਤੇ ਡੀ.ਐੱਸ.ਪੀ. ਰਾਜਨ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਕਿਊ.ਆਰ.ਟੀ. ਔਰੰਗਾਬਾਦ ਪੁਲਸ ਟੀਮ ਦੇ ਸਹਿਯੋਗ ਨਾਲ ਚਲਾਇਆ ਗਿਆ।
ਇਹ ਵੀ ਪੜ੍ਹੋ- ਠੱਗੀ ਦਾ ਅਨੋਖਾ ਮਾਮਲਾ ; ਮੋਟੀ ਰਕਮ ਲੈ ਕੇ ਵੀ ਨਾ ਕਰਵਾਈ ਮਕਾਨ ਦੀ ਰਜਿਸਟਰੀ, ਫ਼ਿਰ ਕੀਤਾ ਅਜਿਹਾ ਕਾਂਡ ਕਿ...
ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ 6 ਸ਼ੂਟਰ ਮਾਸਟਰਮਾਈਂਡ ਆਸ਼ੀਸ਼ ਚੋਪੜਾ ਦੇ ਕਰੀਬੀ ਸਾਥੀ ਹਨ, ਜੋ ਭਗੌੜਾ ਅਪਰਾਧੀ ਹੈ ਅਤੇ ਫਰਜ਼ੀ ਪਾਸਪੋਰਟ ’ਤੇ ਵਿਦੇਸ਼ ’ਚ ਰਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਘਟਨਾ ਦੋ ਧੜਿਆਂ ਵਿਚਾਲੇ ਆਪਸੀ ਰੰਜਿਸ਼ ਦਾ ਨਤੀਜਾ ਹੈ।
ਡੀ.ਜੀ.ਪੀ. ਨੇ ਕਿਹਾ ਕਿ ਇਸ ਮਾਮਲੇ ਵਿੱਚ ਇਨਾਂ ਸ਼ੂਟਰਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਡਰੇਸ ਕੀਤੇ ਜਾ ਰਹੇ ਹਨ ਅਤੇ ਹੋਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਲਦ ਹੀ ਹੋਰ ਗ੍ਰਿਫਤਾਰੀਆਂ ਦੀ ਉਮੀਦ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e