6 ਲੱਖ ਕੀਤਾ ਤਾਲਾ ਬੰਦ, 3 ਮਹੀਨੇ ਪਹਿਲਾਂ ਬਣਾਏ ਸੁਲਭ ਸ਼ੌਚਾਲਿਆ ''ਤੇ ਇਕ ਮਹੀਨੇ ਤੋਂ ਲਟਕਿਆ ਤਾਲਾ

Thursday, Mar 08, 2018 - 03:41 AM (IST)

ਫਗਵਾੜਾ, (ਰੁਪਿੰਦਰ ਕੌਰ)- ਸ਼ਹਿਰ ਦੇ ਇੰਡਸਟਰੀ ਏਰੀਆ 'ਚ ਲੋਕਾਂ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਵਾਰਡ ਨੰ. 34 'ਚ ਸੁਲਭ ਸ਼ੌਚਾਲਿਆ ਬਣਾਇਆ ਗਿਆ ਪਰ ਉਸ ਨੂੰ ਚਲਦੇ ਨੂੰ ਅਜੇ 2 ਮਹੀਨੇ ਹੀ ਹੋਏ ਸਨ ਤੇ ਬਾਅਦ 'ਚ ਉਸ ਨੂੰ ਬੰਦ ਕਰ ਦਿੱਤਾ ਗਿਆ, ਜਿਸ ਨਾਲ ਉਸ ਭੀੜ ਭਰੇ ਇਲਾਕੇ 'ਚ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਉਥੇ ਹੁਣ ਇਕ ਮਹੀਨੇ ਤੋਂ ਤਾਲਾ ਲਟਕ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਸਮਾਜ ਸੇਵਕ ਸੀਨੀਅਰ ਬੀਜੇਪੀ ਲੀਡਰ ਜਸਪਾਲ ਸਿੰਘ ਨੇ ਦੱਸਿਆ ਕਿ ਬੀਤੇ 3 ਮਹੀਨੇ ਪਹਿਲਾਂ ਇੰਡਸਟਰੀ ਏਰੀਆ ਨਜ਼ਦੀਕ ਰੇਲਵੇ ਲਾਈਨ ਕੋਲ ਲੋਕਾਂ ਲਈ ਲੱਗਭਗ 6 ਲੱਖ ਰੁਪਏ ਲਗਾ ਕੇ ਸ਼ੌਚਾਲਿਆ ਬਣਾਇਆ ਗਿਆ ਸੀ ਪਰ ਸੀਵਰੇਜ ਬੰਦ ਹੋਣ ਕਾਰਨ ਇਹ ਵੀ ਬੰਦ ਪਿਆ ਹੈ, ਜਿਸ ਦੀ ਇਥੋਂ ਦੇ ਲੋਕਾਂ ਨੂੰ ਬਹੁਤ ਜ਼ਰੂਰਤ ਹੈ ਕਿਉਂਕਿ ਕਈ ਲੋਕ ਸ਼ੌਚਾਲਿਆ ਨਾ ਹੋਣ ਕਰ ਕੇ ਸੜਕਾਂ 'ਤੇ ਗੰਦਗੀ ਫੈਲਾਉਂਦੇ ਹਨ। 
ਸੜਕ 'ਚ ਪੁੱਟਿਆ ਟੋਇਆ ਬਣਿਆ ਹਾਦਸਿਆਂ ਦਾ ਕਾਰਨ
ਵਾਰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਕਈ ਵਾਰ ਸ਼ਿਕਾਇਤ ਵੀ ਕੀਤੀ ਹੈ ਤੇ ਜਦੋਂ ਸ਼ੌਚਾਲਿਆ ਦੀ ਲਾਈਨ ਜਾਮ ਹੋਣ ਬਾਰੇ ਅਧਿਕਾਰੀਆਂ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਮੇਨ ਚੱਲਦੀ ਸੜਕ ਵਿਚਾਲੇ ਹੀ ਟੋਇਆ ਪੁੱਟ ਕੇ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਸ਼ੌਚਾਲਿਆ ਚਾਲੂ ਨਾ ਹੋਇਆ ਤਾਂ ਤਾਲਾ ਲਗਾ ਦਿੱਤਾ ਗਿਆ ਤੇ ਸੜਕ ਵਿਚਾਲੇ ਪਿਆ ਟੋਇਆ ਵੀ ਆਉਣ ਜਾਣ ਵਾਲਿਆਂ ਲਈ ਆਫਤ ਬਣ ਗਿਆ ਹੈ। 
ਸਮਾਜ ਸੇਵਕ ਜਸਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਅਧਿਕਾਰੀਆਂ ਨਾਲ ਗੱਲ ਕਰਦੇ ਹਨ ਤਾਂ ਉਹ ਉਨ੍ਹਾਂ ਦਾ ਫੋਨ ਹੀ ਨਹੀਂ ਚੁੱਕਦੇ। ਇਸ ਮੌਕੇ ਫੂਲਚੰਦ, ਪਰਮਜੀਤ, ਬੜੇ ਲਾਲ, ਛੋਟੇ ਲਾਲ, ਸੁਰਿੰਦਰ ਕੁਮਾਰ, ਮੁਕੇਸ਼ ਕੁਮਾਰ ਆਦਿ ਵੀ ਹਾਜ਼ਰ ਸਨ। 
ਸੁਲਭ ਸ਼ੌਚਾਲਿਆ ਦਾ ਕੋਈ ਵਾਰਸ ਬਣਨ ਨੂੰ ਤਿਆਰ ਨਹੀਂ
ਇਸ ਮਾਮਲੇ ਬਾਰ ਜਦੋਂ ਇਸ ਇਲਾਕੇ ਦੇ ਕੌਂਸਲਰ ਸਤਨਾਮ ਸਿੰਘ ਅਰਸ਼ੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸੁਲਭ ਸ਼ੌਚਾਲਿਆ ਉਨ੍ਹਾਂ ਦੇ ਇਲਾਕੇ 'ਚ ਨਹੀਂ ਆਉਂਦਾ। ਇਹ ਇੰਦਰਜੀਤ ਸੋਨਕਰ ਦੇ ਇਲਾਕੇ 'ਚ ਆਉਂਦਾ ਹੈ ਤੇ ਜਦੋਂ ਇੰਦਰਜੀਤ ਸੋਨਕਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਉਨ੍ਹਾਂ ਦਾ 33 ਨੰ. ਵਾਰਡ ਹੈ ਇਹ ਤਾਂ ਸਤਨਾਮ ਸਿੰਘ ਅਰਸ਼ੀ ਦੇ ਵਾਰਡ 'ਚ ਪੈਂਦਾ ਹੈ।
ਇਸ ਜਾਣਕਾਰੀ ਤੋਂ ਇਹ ਸਿੱਧ ਹੁੰਦਾ ਹੈ ਕਿ ਜਿਸ ਸ਼ੌਚਾਲਿਆ ਦੀ ਕੋਈ ਜ਼ਿੰਮੇਵਾਰੀ ਲੈਣ ਨੂੰ ਹੀ ਤਿਆਰ ਨਹੀਂ ਤਾਂ ਉਸ ਦੀ  ਰਿਪੇਅਰ ਕੌਣ ਕਰਵਾਏਗਾ।
ਪਾਈਪ ਜਾਮ ਹਨ, ਜਲਦ ਹੀ ਠੀਕ ਕਰਵਾਵਾਂਗੇ : ਸਹਾਇਕ ਕਮਿਸ਼ਨਰ 
ਜਦੋਂ ਸਹਾਇਕ ਕਮਿਸ਼ਨਰ ਸੁਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੀਵਰੇਜ ਵਿਭਾਗ ਦੇ ਐੱਸ. ਡੀ. ਓ. ਪ੍ਰਦੀਪ ਚੱਟਾਨੀ ਨਾਲ ਗੱਲ ਹੋ ਗਈ ਹੈ। ਸੁਲਭ ਸ਼ੌਚਾਲਿਆ ਦੇ ਪਾਈਪ ਜਾਮ ਸਨ। ਉਨ੍ਹਾਂ ਨੂੰ ਸਾਫ ਕਰਵਾ ਕੇ ਜਲਦ ਹੀ ਠੀਕ ਕਰਵਾ ਦਿੱਤਾ ਜਾਵੇਗਾ।
ਕੁਨੈਕਸ਼ਨ ਹੀ ਗੈਰ-ਕਾਨੂੰਨੀ ਹੈ : ਸੀਵਰੇਜ ਵਿਭਾਗ ਐੱਸ. ਡੀ. ਓ. 
ਉਕਤ ਮਾਮਲੇ ਬਾਰੇ ਜਦੋਂ ਸੀਵਰੇਜ ਵਿਭਾਗ ਦੇ ਐੱਸ. ਡੀ. ਓ. ਪ੍ਰਦੀਪ ਚੌਟਾਨੀ ਨਾਲ ਗੱਲ ਕੀਤੀ ਗਈ ਕਿ ਉਨ੍ਹਾਂ ਅਜੇ ਤਕ ਪਾਈਪ ਕਿਉਂ ਨਹੀਂ ਰਿਪੇਅਰ ਕਰਵਾਏ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ, ਕੋਈ ਕਰੇਗਾ ਵੀ ਕਿਉਂ, ਇਸ ਸ਼ੌਚਾਲਿਆ ਦਾ ਕੁਨੈਕਸ਼ਨ ਹੀ ਗੈਰ-ਕਾਨੂੰਨੀ ਹੈ। ਉਨ੍ਹਾਂ ਕੋਲ ਇਸ ਵਾਰਡ ਦੇ ਕੁਨੈਕਸ਼ਨ ਦੀ ਕੋਈ ਪਰਮਿਸ਼ਨ ਨਹੀਂ ਹੈ।


Related News