ਬਿਆਸ ਦਰਿਆ ''ਚ ਨਹਾਉਣ ਗਏ 5 ਨੌਜਵਾਨਾਂ ''ਚੋਂ 3 ਰੁੜ੍ਹੇ, 1 ਦੀ ਮੌਤ

04/26/2018 3:15:48 AM

ਗੁਰਦਾਸਪੁਰ  (ਵਿਨੋਦ) - ਅੱਜ ਬਾਅਦ ਦੁਪਹਿਰ ਭੈਣੀ ਮੀਆਂ ਖਾਂ ਪੁਲਸ ਸਟੇਸ਼ਨ ਅਧੀਨ ਬਿਆਸ ਦਰਿਆ ਕਿਨਾਰੇ ਨਹਾਉਣ ਗਏ 5 ਨੌਜਵਾਨਾਂ 'ਚੋਂ 3 ਦੇ ਰੁੜ੍ਹਨ ਦਾ ਸਮਾਚਾਰ ਮਿਲਿਆ ਹੈ ਜਦਕਿ ਬਾਅਦ 'ਚ ਗੋਤਾਖੋਰਾਂ ਦੀ ਮਦਦ ਨਾਲ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਕਾਹਨੂੰਵਾਨ ਪੁਲਸ ਸਟੇਸ਼ਨ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਲਗਭਗ 4.15 ਵਜੇ 5 ਨੌਜਵਾਨ ਸੁਖਵਿੰਦਰ ਸਿੰਘ ਪੁੱਤਰ ਜਸਵੀਰ ਸਿੰਘ, ਜੋਬਨਪ੍ਰੀਤ ਸਿੰਘ ਪੁੱਤਰ ਨਿਸ਼ਾਨ ਸਿੰਘ, ਲਵਦੀਪ ਸਿੰਘ ਪੁੱਤਰ ਹਰਦੀਪ ਸਿੰਘ ਤਿੰਨੋਂ ਵਾਸੀ ਪਿੰਡ ਬਲਵੰਡਾ, ਸਿਮਰਨਜੀਤ ਸਿੰਘ ਪੁੱਤਰ ਅਨੋਖ ਸਿੰਘ ਅਤੇ ਗੁਰਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਰਾਜੂਬੇਲਾ ਕਿਸ਼ਨਪੁਰਾ ਬਿਆਸ ਦਰਿਆ 'ਚ ਨਹਾਉਣ ਲਈ ਗਏ ਪਰ ਜਦੋਂ ਇਹ ਪੰਜੇ ਨੌਜਵਾਨ ਦਰਿਆ ਵਿਚ ਨਹਾ ਰਹੇ ਸਨ ਤਾਂ ਅਚਾਨਕ ਤਿੰਨ ਨੌਜਵਾਨ ਸਿਮਰਨਜੀਤ, ਗੁਰਿੰਦਰ ਅਤੇ ਲਵਦੀਪ ਤੇਜ਼ ਪਾਣੀ ਵਿਚ ਰੁੜ੍ਹ ਗਏ ਜਦਕਿ 2 ਨੌਜਵਾਨ ਪਾਣੀ ਤੋਂ ਬਾਹਰ ਆ ਗਏ।
ਪੁਲਸ ਅਧਿਕਾਰੀ ਅਨੁਸਾਰ ਪਾਣੀ ਵਿਚ ਰੁੜ੍ਹਨ ਤੋਂ ਬਚੇ ਦੋਵਾਂ ਨੌਜਵਾਨਾਂ ਨੇ ਆਪਣੇ ਪੱਧਰ 'ਤੇ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋਏ ਅਤੇ ਉਨ੍ਹਾਂ ਇਸ ਘਟਨਾ ਦੀ ਸੂਚਨਾ ਪਿੰਡ ਵਿਚ ਦਿੱਤੀ। ਪੁਲਸ ਨੂੰ ਸੂਚਿਤ ਕਰਨ 'ਤੇ ਪੁਲਸ ਨਾਲ ਪਿੰਡ ਦੇ ਲੋਕ ਮੌਕੇ 'ਤੇ ਪਹੁੰਚੇ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪਾਣੀ ਵਿਚ ਰੁੜ੍ਹੇ ਨੌਜਵਾਨਾਂ ਦੀ ਤਲਾਸ਼ ਲਈ ਗੋਤਾਖੋਰ ਹੁਸ਼ਿਆਰਪੁਰ ਤੇ ਪਿੰਡ ਮੌਜਪੁਰ ਤੋਂ ਮੰਗਵਾਏ ਗਏ ਹਨ ਅਤੇ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਪਰ ਅਜੇ ਸਾਨੂੰ ਸਫ਼ਲਤਾ ਨਹੀਂ ਮਿਲੀ ਹੈ। ਗੋਤਾਖੋਰਾਂ ਨੇ ਲਵਦੀਪ ਨੂੰ ਪਾਣੀ 'ਚੋਂ  ਬਾਹਰ ਕੱਢਿਆ ਪਰ ਉਸ ਦੀ ਮੌਤ ਹੋ ਗਈ ਸੀ। ਅਜੇ 2 ਨੌਜਵਾਨਾਂ ਦੀ ਤਲਾਸ਼ ਜਾਰੀ ਹੈ।


Related News