ਨੂਰਮਹਿਲ ’ਚ ਚਮਕੌਰ ਕਤਲ ਕਾਂਡ ਕ੍ਰਾਈਮ ਬ੍ਰਾਂਚ ਪੁਲਸ ਨੇ ਕੀਤਾ ਟਰੇਸ, 5 ਗ੍ਰਿਫ਼ਤਾਰ
Friday, Feb 24, 2023 - 10:41 AM (IST)

ਜਲੰਧਰ (ਸ਼ੋਰੀ)-ਕੁਝ ਦਿਨ ਪਹਿਲਾਂ ਪੁਰਾਣੀ ਰੰਜਿਸ਼ ਕਾਰਨ ਨੂਰਮਹਿਲ ਦੇ ਪਿੰਡ ਪਾਸਲਾ ’ਚ ਹੋਏ ਚਮਕੌਰ ਕਤਲ ਕਾਂਡ ’ਚ ਦਿਹਾਤੀ ਅਪਰਾਧ ਸ਼ਾਖਾ ਦੀ ਪੁਲਸ ਨੇ 5 ਦੋਸ਼ੀਆਂ ਨੂੰ ਟਰੇਸ ਕਰ ਲਿਆ ਹੈ। ਪੁਲਸ ਨੇ ਇਸ ਮਾਮਲੇ ’ਚ ਨਾਮਜ਼ਦ ਸਾਰੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ’ਚ ਇਕ ਨਾਬਾਲਗ ਵੀ ਸ਼ਾਮਲ ਹੈ। ਐੱਸ. ਐੱਸ. ਪੀ. ਦਿਹਾਤੀ ਸਵਰਨਦੀਪ ਸਿੰਘ ਨੇ ਦੱਸਿਆ ਕਿ 17 ਫਰਵਰੀ 2023 ਨੂੰ ਚਮਕੌਰ ਲਾਲ ਵਾਸੀ ਪਿੰਡ ਪਾਸਲਾ, ਨੂਰਮਹਿਲ ਤੇ ਸੁਸ਼ੀਲ ਕੁਮਾਰ ਪੁੱਤਰ ਅਵਤਾਰ ਚੰਦਰ ਵਾਸੀ ਪਿੰਡ ਪਾਸਲਾ ਥਾਣਾ ਨੂਰਮਹਿਲ ’ਤੇ ਦੂਜੀ ਧਿਰ ਵੱਲੋਂ ਤੇਜ਼ਧਾਰ ਹਥਿਆਰਾਂ ਤੇ ਹੋਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਸੀ। ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਤਲ ਦੀ ਕੋਸ਼ਿਸ਼ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਸੀ। ਦੋਸ਼ੀ ਜਗਦੀਪ ਉਰਫ਼ ਜਿੰਮੀ ਪੁੱਤਰ ਬਿੱਟੂ, ਅਮਰਜੀਤ ਉਰਫ਼ ਰੂਮੀ ਪੁੱਤਰ ਹਰਭਜਨ ਲਾਲ, ਜੌੜਾ ਪੁੱਤਰ ਮੱਖਣ ਲਾਲ, ਸ਼ੀਲਾ ਪੁੱਤਰ ਬਿੱਟੂ, ਬਿੱਟੂ ਪੁੱਤਰ ਹਰਭਜਨ ਲਾਲ, ਰੋਹਿਤ ਉਰਫ਼ ਗੋਲੂ ਪੁੱਤਰ ਸ਼ਿਦਰਪਾਲ ਸਾਰੇ ਵਾਸੀ ਪਿੰਡ ਪਾਸਲਾ ਸ਼ਾਮਲ ਹਨ। ਬਲਜਿੰਦਰ ਉਰਫ ਟੱਲੀ ਪੁੱਤਰ ਬਲਵੀਰ ਰਾਮ ਵਾਸੀ ਪਿੰਡ ਦਾਦੂਵਾਲ, ਦੀਪਾ ਪੁੱਤਰ ਪਿਆਰਾ ਰਾਮ ਵਾਸੀ ਪਿੰਡ ਕਡੌਲਾ ਖੁਰਦ ਥਾਣਾ ਬਿਲਗਾ ਅਤੇ ਇਕ ਨਾਬਾਲਗ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਮੰਤਰੀ ਅਮਨ ਅਰੋੜਾ ਨੇ ਪਹਿਲੀ ਵਾਰੀ ਕੈਮਰੇ ਅੱਗੇ ਖੋਲ੍ਹੇ ਜ਼ਿੰਦਗੀ ਦੇ ਭੇਤ, ਵੜਿੰਗ ਦੇ ਬਿਆਨ ਦਾ ਵੀ ਦਿੱਤਾ ਜਵਾਬ
ਐੱਸ. ਐੱਸ. ਪੀ. ਸਵਰਨਦੀਪ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਨੇ ਪੁਲਸ ਪੁੱਛਗਿੱਛ ’ਚ ਦੱਸਿਆ ਕਿ 17 ਫਰਵਰੀ ਨੂੰ ਚਮਕੌਰ ਅਤੇ ਉਸ ਦਾ ਸਾਥੀ ਸੁਸ਼ੀਲ ਕੁਮਾਰ ਪੁੱਤਰ ਅਵਤਾਰ ਚੰਦਰ ਵਾਸੀ ਗਾਂਲ ਪਾਸਲਾ (ਜੋ ਲੜਾਈ ’ਚ ਜ਼ਖ਼ਮੀ ਹੋ ਗਿਆ) ਹਸਪਤਾਲ ’ਚ ਜ਼ੇਰੇ ਇਲਾਜ ਹਨ। ਉਸ ਦੇ ਪਿੰਡ ਦੇ ਨੌਜਵਾਨ ਜਗਦੀਪ ਉਰਫ਼ ਜਿੰਮੀ ਪੁੱਤਰ ਬਿੱਟੂ ਵਾਸੀ ਪਿੰਡ ਪਾਸਲਾ, ਜੌੜਾ ਪੁੱਤਰ ਮੱਖਣ ਲਾਲ ਵਾਸੀ ਪਿੰਡ ਪਾਸਲਾ ਤੇ ਇਕ ਨਾਬਾਲਗ ਨਾਲ ਉਨ੍ਹਾਂ ਦੀ ਪੁਰਾਣੀ ਦੁਸ਼ਮਣੀ ਸੀ, ਜੋ ਕਿ ਪਹਿਲਾਂ ਚਮਕੌਰ ਲਾਲ ਤੇ ਸੁਸ਼ੀਲ, ਜਗਦੀਪ ਕੁਮਾਰ ਤੇ ਨਾਬਾਲਗ ਨੌਜਵਾਨ, ਜੋ ਪਿੰਡ ’ਚ ਬੈਠੇ ਸਨ। ਚਮਕੌਰ ਤੇ ਸੁਸ਼ੀਲ ਨੇ ਨਾਬਾਲਗ ’ਤੇ ਹਮਲਾ ਕਰ ਦਿੱਤਾ ਤੇ ਜਿੰਮੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਜਿੰਮੀ ਅਤੇ ਨਾਬਾਲਗ ਨੌਜਵਾਨ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਜਿੰਮੀ ਤੇ ਨਾਬਾਲਗ ਨੇ ਮੌਕਾ ਪਾ ਕੇ ਆਪਣੇ ਸਾਥੀਆਂ ਸਮੇਤ ਚਮਕੌਰ ਤੇ ਸੁਸ਼ੀਲ ’ਤੇ ਹਮਲਾ ਕਰ ਦਿੱਤਾ। ਐੱਸ. ਐੱਸ. ਪੀ. ਨੇ ਦੱਸਿਆ ਕਿ ਮਾਮਲੇ ’ਚ ਨਾਮਜ਼ਦ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪੁਲਸ ਨੇ ਕਾਬੂ ਕੀਤੇ ਮੁਲਜ਼ਮਾਂ ਕੋਲੋਂ ਵਾਰਦਾਤ ’ਚ ਵਰਤੀ ਗਈ ਆਲਟੋ ਕਾਰ ਤੇ ਦਾਤਾਰ, ਬੇਸਬੈਟ ਆਦਿ ਬਰਾਮਦ ਕਰ ਲਿਆ ਹੈ। ਐੱਸ. ਐੱਸ. ਪੀ. ਸਵਰਨਦੀਪ ਸਿੰਘ ਨੇ ਕਿਹਾ ਕਿ ਦਿਹਾਤੀ ਖੇਤਰ ’ਚ ਅਮਨ-ਕਾਨੂੰਨ ਨੂੰ ਹਰ ਕੀਮਤ ’ਤੇ ਬਰਕਰਾਰ ਰੱਖਿਆ ਜਾਵੇਗਾ। ਪੁਲਸ ਅਪਰਾਧੀਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ੇਗੀ ਨਹੀਂ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਸ੍ਰੀ ਚਮਕੌਰ ਸਾਹਿਬ 'ਚ ਹੋਮਗਾਰਡ ਜਵਾਨ ਦਾ ਕੁੱਟ-ਕੁੱਟ ਕੇ ਕੀਤਾ ਕਤਲ