ਗੈਰਾਂ ਦੀਆਂ ਖੁਸ਼ੀਆਂ 'ਚ ਭੰਗੜਾ ਪਾ ਕੇ ਪਰਤ ਰਹੇ 5 ਵਿਅਕਤੀ ਆਪਣੇ ਘਰ ਕਰ ਗਏ ਸੁੰਨੇ

02/11/2018 5:33:10 AM

ਜਲੰਧਰ (ਸ਼ੋਰੀ)— ਸ਼ਨੀਵਾਰ ਨੂੰ ਆਦਮਪੁਰ-ਜਲੰਧਰ ਮੇਨ ਹਾਈਵੇ  'ਤੇ ਪਿੰਡ ਅਰਜਨਵਾਲ ਨੇੜੇ ਬੱਸ ਤੇ ਕੁਆਲਿਸ ਗੱਡੀ ਦੀ ਟੱਕਰ ਵਿਚ ਮੌਤ ਦੇ ਪੰਜੇ ਦਾ ਸ਼ਿਕਾਰ ਬਣਨ ਵਾਲੇ ਜਲੰਧਰ ਦੇ 5 ਵਿਅਕਤੀ ਸ਼ਾਮਲ ਸਨ, ਜਿਨ੍ਹਾਂ ਵਿਚੋਂ ਪਤੀ-ਪਤਨੀ ਸਮੇਤ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਕ ਔਰਤ ਤੇ ਇਕ ਹੋਰ ਨੌਜਵਾਨ ਸ਼ਾਮਲ ਹਨ। ਜਲੰਧਰ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਿਵੇਂ ਹੀ ਇਸ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਦੇ ਘਰ ਵਿਚ ਮਾਤਮ ਛਾ ਗਿਆ। ਪਰਿਵਾਰਕ ਮੈਂਬਰਾਂ ਨਾਲ ਉਨ੍ਹਾਂ ਦੇ ਇਲਾਕੇ ਦੇ ਲੋਕ ਉਨ੍ਹਾਂ ਦੇ ਘਰਾਂ ਵਿਚ ਸ਼ੋਕ ਪ੍ਰਗਟ ਕਰਨ ਲਈ ਜਮ੍ਹਾ ਹੋਣ ਲੱਗੇ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਲੋਕਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਹਾਦਸੇ ਵਿਚ ਉਨ੍ਹਾਂ ਦੀ ਮੌਤ ਹੋ ਗਈ ਹੈ। ਦੋਮੋਰੀਆ ਪੁਲ ਨਾਲ ਲੱਗਦੇ ਜਗਤਪੁਰਾ ਵਿਚ ਰਹਿਣ ਵਾਲੇ ਰਾਜੇਸ਼ ਭੱਟੀ ਉਰਫ ਕਾਲੂ ਪੁੱਤਰ ਨੱਥੂ ਰਾਮ ਦੇ 14 ਸਾਲਾ ਪੁੱਤਰ ਰਵੀ ਨੇ ਦੱਸਿਆ ਕਿ ਪਾਪਾ ਆਰਕੈਸਟਾ ਗਰੁੱਪ ਦੇ ਮਾਲਕ ਸਨ ਅਤੇ ਉਸ ਦੀ ਮਾਂ ਚਾਹਤ ਪ੍ਰੋਗਰਾਮ ਬੁਕ ਕਰਨ ਦਾ ਕੰਮ ਕਰਦੀ ਸੀ। ਸਵੇਰੇ ਘਰ ਵਿਚ ਉਨ੍ਹਾਂ ਨਾਲ ਖਾਣਾ ਖਾਧਾ ਅਤੇ ਇਹ ਕਹਿ ਕੇ ਆਦਮਪੁਰ ਲਈ ਰਵਾਨਾ ਹੋ ਗਏ ਕਿ ਸ਼ਾਮ ਨੂੰ ਉਹ ਵਾਪਸ ਆ ਜਾਣਗੇ। ਦੇਰ ਸ਼ਾਮ ਹੋ ਗਈ, ਫਿਰ ਰਾਤ ਹੋ ਗਈ ਤੇ ਉਹ ਵਾਰ-ਵਾਰ ਪਿਤਾ ਰਾਜੇਸ਼ ਭੱਟੀ ਦੇ ਨੰਬਰ 'ਤੇ ਕਾਲ ਕਰਦਾ ਰਿਹਾ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ।
PunjabKesari
ਇਸੇ ਦੌਰਾਨ ਪਿਤਾ ਦੇ ਮੋਬਾਇਲ ਫੋਨ 'ਤੇ ਕਾਲ ਕਰਨ ਉਤੇ ਇਕ ਵਿਅਕਤੀ ਨੇ ਕਿਹਾ ਕਿ ਉਸ ਦੇ ਪਿਤਾ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਇਹ ਸੁਣ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸ ਨੇ ਚਾਚਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਅਤੇ ਉਹ ਤੁਰੰਤ ਗੱਡੀ ਵਿਚ ਸਵਾਰ ਹੋ ਕੇ ਆਦਮਪੁਰ ਲਈ ਰਵਾਨਾ ਹੋ ਗਏ। ਮੌਕੇ 'ਤੇ ਉਨ੍ਹਾਂ ਨੇ ਦੇਖਿਆ ਕਿ ਉਸ ਦੇ ਪਿਤਾ ਦੇ ਸਿਰ 'ਚ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ ਅਤੇ ਮਾਂ ਚਾਹਤ ਵੀ ਖੂਨ ਨਾਲ ਲਥਪਥ ਹਾਲਤ ਵਿਚ ਸੀ। ਪੁਲਸ ਵਾਲੇ ਜਾਂਚ ਕਰ ਰਹੇ ਸਨ। ਮਾਂ ਤੇ ਪਿਤਾ ਦੀ ਮੌਤ ਹੋ ਚੁੱਕੀ ਸੀ।
PunjabKesari
ਮ੍ਰਿਤਕ ਰਾਜੇਸ਼ ਭੱਟੀ ਦੇ ਸਾਂਢੂ ਗੁਰਜੀਤ ਸਿੰਘ ਨੇ ਦੱਸਿਆ ਕਿ ਰਾਜੇਸ਼ ਆਪਣੀ ਪਤਨੀ ਅਤੇ ਸਾਲੀ ਸੁਮਨ ਨਾਲ ਪ੍ਰੋਗਰਾਮਾਂ 'ਤੇ ਜਾਂਦਾ ਸੀ ਅਤੇ ਭੱਟੀ ਦੇ ਪੁੱਤਰ ਅਤੇ ਧੀ ਟਵਿੰਕਲ ਪਿੱਛੇ ਰਹਿ ਗਏ ਹਨ। ਭੱਟੀ ਦੀ ਮਾਂ ਬਟਾਲਾ ਵਿਖੇ ਰਹਿੰਦੀ ਹੈ ਅਤੇ ਭੱਟੀ ਜਗਤਪੁਰਾ ਵਿਚ ਆਪਣੇ ਸਹੁਰੇ ਘਰ ਵਿਚ ਰਹਿਣ ਦੇ ਨਾਲ-ਨਾਲ ਅਮਰੀਕ ਨਗਰ ਵਿਚ ਆਪਣੇ ਘਰ ਵੀ ਕਈ ਵਾਰ ਰਹਿਣ ਜਾਂਦਾ ਸੀ। ਭੱਟੀ ਦੀ ਮੌਤ ਤੋਂ ਬਾਅਦ ਉਸ ਦੇ ਦੋ ਬੱਚੇ ਅਨਾਥ ਹੋ ਗਏ ਹਨ।
ਉਥੇ ਹੀ ਪਤਾ ਲੱਗਾ ਹੈ ਕਿ ਹਾਦਸੇ ਦੌਰਾਨ ਭੱਟੀ ਕਾਰ ਖੁਦ ਚਲਾ ਰਿਹਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਉਸ ਦੇ ਭਰਾ ਦਾ ਵਿਆਹ ਹੋਇਆ ਸੀ। ਵਿਆਹ ਵਿਚ ਰੁਝੇ ਹੋਣ ਕਾਰਨ ਭੱਟੀ ਕੋਈ ਪ੍ਰੋਗਰਾਮ ਬੁਕ ਨਹੀਂ ਕਰ ਰਿਹਾ ਸੀ। ਅੱਜ ਪਹਿਲੇ ਹੀ ਦਿਨ ਉਹ ਵਿਆਹ ਤੋਂ ਬਾਅਦ ਪ੍ਰੋਗਰਾਮ ਵਿਚ ਗਿਆ ਸੀ ਤੇ ਵਾਪਸ ਨਹੀਂ ਪਰਤਿਆ।

ਪਹਿਲਾਂ ਛੋਟਾ ਭਰਾ ਕਰੰਟ ਨਾਲ ਮਰਿਆ, ਹੁਣ ਭਾਰਤੀ ਦੀ ਹੋਈ ਮੌਤ
PunjabKesari
ਹਾਦਸੇ ਵਿਚ ਮੌਤ ਦਾ ਸ਼ਿਕਾਰ ਬਣਿਆ ਭਾਰਤੀ ਪੁੱਤਰ ਜੈਵਤ ਲਾਲ ਨਿਵਾਸੀ ਨਿਊ ਸੰਤੋਖਪੁਰਾ ਰਾਜੇਸ਼ ਭੱਟੀ ਨਾਲ ਆਰਕੈਸਟਾ ਗਰੁਪ ਵਿਚ ਭੰਗੜਾ ਪਾਉਣ ਗਿਆ ਸੀ। ਇਲਾਕੇ ਦੇ ਲੋਕਾਂ ਦੀ ਮੰਨੀਏ ਤਾਂ 23 ਸਾਲਾ ਭਾਰਤੀ ਇੰਨਾ ਵਧੀਆ ਭੰਗੜਾ ਪਾਉਂਦਾ ਸੀ ਕਿ ਹਰ ਪ੍ਰੋਗਰਾਮ ਵਿਚ ਭੰਗੜਾ ਪਾ ਕੇ ਲੋਕਾਂ ਦਾ ਦਿਲ ਜਿੱਤ ਲੈਂਦਾ ਸੀ। ਭਾਰਤੀ ਦਾ ਪਿਤਾ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਅਤੇ ਉਸ ਦਾ ਭਰਾ ਜਾਲ ਬੰਨ੍ਹਣ ਦਾ ਕੰਮ ਕਰਦਾ ਹੈ। ਭਾਰਤੀ ਦੇ ਛੋਟੇ ਭਰਾ ਦੀ ਸਰੀਏ ਦਾ ਕੰਮ ਕਰਨ ਦੌਰਾਨ ਕਰੰਟ ਲੱਗਣ ਨਾਲ ਲੱਗਭਗ ਇਕ ਸਾਲ ਪਹਿਲਾਂ ਮੌਤ ਹੋ ਗਈ ਸੀ। ਮ੍ਰਿਤਕ ਭਾਰਤੀ ਦੀ ਛੋਟੀ ਭੈਣ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਦੇ ਵਿਆਹ ਦੀਆਂ ਤਿਆਰੀਆਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਰ ਰਹੇ ਸਨ।

ਕੁਝ ਦਿਨ ਪਹਿਲਾਂ ਵੱਜੀਆਂ ਸ਼ਹਿਨਾਈਆਂ, ਅੱਜ ਛਾਇਆ ਮਾਤਮ
PunjabKesari
ਹਾਦਸੇ 'ਚ ਆਪਣੀ ਜਾਨ ਗਵਾਉਣ ਵਾਲੇ ਸੰਤੋਖਪੁਰਾ ਨਿਵਾਸੀ ਹੈਪੀ ਦੇ ਛੋਟੇ ਭਰਾ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਹੋਇਆ ਸੀ। ਵਿਆਹ ਦਾ ਜ਼ਸ਼ਨ ਅਜੇ ਪਰਿਵਾਰ ਮਨਾ ਹੀ ਰਿਹਾ ਸੀ ਕਿ ਹੈਪੀ ਦੀ ਮੌਤ ਦੀ ਮਨਹੂਸ ਖਬਰ ਆ ਗਈ। ਹੈਪੀ ਦੇ ਭਰਾ ਸੋਨੂੰ ਨੇ ਦੱਸਿਆ, ''ਭਰਾ ਦੇ ਤੁਰ ਜਾਣ ਦਾ ਗਮ ਮੈਂ ਬਿਆਨ ਨਹੀਂ ਕਰ ਸਕਦਾ। ਹੈਪੀ ਦੇ ਛੋਟੇ-ਛੋਟੇ 2 ਪੁੱਤਰ ਹਨ। ਘਰ 'ਚ ਕਿਸੇ ਨੂੰ ਵੀ ਅਜੇ ਹੈਪੀ ਦੀ ਮੌਤ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਲਾਸ਼ ਹਸਪਤਾਲ ਤੋਂ ਮਿਲੇਗੀ ਤਾਂ ਹੀ ਕੁਝ ਹਿੰਮਤ ਇਕੱਤਰ ਕਰ ਕੇ ਇਹ ਦੁੱਖਾਂ ਦਾ ਪਹਾੜ ਢਾਹੁਣ ਵਾਲੀ ਖਬਰ ਘਰ ਦੱਸਾਂਗਾ।''

ਮੈਂ ਤਾਂ ਬੱਸ ਨੂੰ ਓਵਰਟੇਕ ਕਰ ਰਿਹਾ ਸੀ, ਕੁਆਲਿਸ ਗੱਡੀ ਦਾ ਸੰਤੁਲਨ ਵਿਗੜ ਗਿਆ
PunjabKesari
ਐੱਲ. ਪੀ. ਯੂ. ਬੱਸ ਦੇ ਡਰਾਈਵਰ ਕੁਲਦੀਪ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਹੁਸ਼ਿਆਰਪੁਰ, ਜਿਸ ਨੂੰ ਜ਼ਖਮੀ ਹਾਲਤ ਵਿਚ ਪੁਲਸ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ। ਉਸ ਦਾ ਕਹਿਣਾ ਸੀ ਕਿ ਉਹ ਬੱਸ ਨੂੰ ਟਰਾਲੇ ਤੋਂ ਓਵਰਟੇਕ ਕਰ ਕੇ ਅੱਗੇ ਜਾ ਰਿਹਾ ਸੀ। ਸਾਹਮਣੇ ਤੋਂ ਆ ਰਹੀ ਕੁਆਲਿਸ ਗੱਡੀ ਨੂੰ ਉਸ ਨੇ ਡਿੱਪਰ ਤਕ ਦਿੱਤਾ ਪਰ ਕੁਆਲਿਸ ਉਸ ਦੀ ਬੱਸ ਨਾਲ ਰਗੜ ਕੇ ਟਰਾਲੇ ਨਾਲ ਜਾ ਟਕਰਾਈ ਤੇ ਭਿਆਨਕ ਹਾਦਸਾ ਹੋ ਗਿਆ। ਹਾਲਾਂਕਿ ਪੁਲਸ ਨੇ ਕੁਲਦੀਪ ਸਿੰਘ ਆਪਣੀ ਗ੍ਰਿਫਤ ਵਿਚ ਲੈ ਲਿਆ ਹੈ।


Related News