ਸੜਕ ਹਾਦਸੇ ''ਚ ਪਰਿਵਾਰ ਦੇ 5 ਜੀਅ ਜ਼ਖਮੀ, ਔਰਤ ਦੀ ਮੌਤ

Sunday, Jun 11, 2017 - 06:54 AM (IST)

ਸੜਕ ਹਾਦਸੇ ''ਚ ਪਰਿਵਾਰ ਦੇ 5 ਜੀਅ ਜ਼ਖਮੀ, ਔਰਤ ਦੀ ਮੌਤ

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਪਿੰਡ ਡਾਢੀ ਨੇੜੇ ਰਾਸ਼ਟਰੀ ਮਾਰਗ ਨੰਬਰ 21 (205) 'ਤੇ ਵਾਪਰੇ ਸੜਕ ਹਾਦਸੇ 'ਚ ਇਕ ਔਰਤ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦੇ ਬਾਕੀ ਪੰਜ ਮੈਂਬਰ ਜ਼ਖਮੀ ਹੋ ਗਏ, ਜਿਨ੍ਹਾਂ ਵਿਚ ਤਿੰਨ ਬੱਚੇ ਵੀ ਸ਼ਾਮਲ ਹਨ। 
ਜਾਣਕਾਰੀ ਅਨੁਸਾਰ ਇਕ ਕਾਰ ਆਈ20 ਭਰਤਗੜ੍ਹ ਤੋਂ ਸ੍ਰੀ ਕੀਰਤਪੁਰ ਸਾਹਿਬ ਆ ਰਹੀ ਸੀ। ਜਦੋਂ ਇਹ ਪਿੰਡ ਡਾਢੀ ਨੇੜੇ ਪੁੱਜੀ ਤਾਂ ਸੜਕ ਕੰਢੇ ਖੜ੍ਹੇ ਇਕ ਹਿਮਾਚਲ ਪ੍ਰਦੇਸ਼ ਦੇ ਟਰੱਕ ਦੇ ਪਿੱਛੇ ਜਾ ਵੱਜੀ। ਹਾਦਸੇ ਦੌਰਾਨ ਕਾਰ 'ਚ ਸਵਾਰ ਪਰਿਵਾਰ ਦੇ ਸਾਰੇ ਛੇ ਮੈਂਬਰ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਲਿਆਂਦਾ ਗਿਆ। ਇਨ੍ਹਾਂ 'ਚੋਂ ਪੂਜਾ ਪਤਨੀ ਰੋਹਿਤ ਕੁਮਾਰ ਦੀ ਮੌਤ ਹੋ ਗਈ। ਬਾਕੀ ਜ਼ਖਮੀਆਂ ਦੀ ਪਛਾਣ ਦਰਸ਼ਨ ਕੁਮਾਰ ਪੁੱਤਰ ਚਮਨ ਕੁਮਾਰ, ਰੋਹਿਤ ਕੁਮਾਰ ਪੁੱਤਰ ਦਰਸ਼ਨ ਕੁਮਾਰ, ਭੂਮੀ ਤੇ ਇਰਾਨਿਕਾ ਦੋਵੇਂ ਪੁੱਤਰੀਆਂ ਰੋਹਿਤ ਕੁਮਾਰ ਤੇ ਬੇਦਾਸ ਪੁੱਤਰ ਰੋਹਿਤ ਕੁਮਾਰ ਵਾਸੀ ਦਿੱਲੀ ਵਜੋਂ ਹੋਈ ਹੈ। ਜ਼ਖਮੀ ਬੱਚਿਆਂ ਦੀ ਉਮਰ 3 ਤੋਂ 9 ਸਾਲ ਦੇ ਵਿਚਕਾਰ ਹੈ। ਉਕਤ ਪਰਿਵਾਰ ਆਪਣੀ ਕਾਰ ਵਿਚ ਦਿੱਲੀ ਤੋਂ ਵਾਇਆ ਬਿਲਾਸਪੁਰ ਸ਼ਿਮਲਾ ਟੂਰ 'ਤੇ ਜਾ ਰਿਹਾ ਸੀ ਕਿ ਪਿੰਡ ਡਾਢੀ ਨੇੜੇ ਉਕਤ ਹਾਦਸਾ ਵਾਪਰ ਗਿਆ।
ਜ਼ਖਮੀ ਇਸ ਸਮੇਂ ਪੀ.ਜੀ.ਆਈ. ਚੰਡੀਗੜ੍ਹ ਵਿਖੇ ਇਲਾਜ ਅਧੀਨ ਹਨ। ਜਾਂਚ ਅਧਿਕਾਰੀ ਏ.ਐੱਸ.ਆਈ. ਮੋਹਣ ਲਾਲ ਨੇ ਦੱਸਿਆ ਕਿ ਉਹ ਜ਼ਖਮੀਆਂ ਦੇ ਬਿਆਨ ਲੈਣ ਲਈ ਚੰਡੀਗੜ੍ਹ ਜਾ ਰਹੇ ਹਨ। ਬਿਆਨ ਲੈਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Related News