ਜ਼ਿਲੇ ''ਚ ਡਾਕਟਰਾਂ ਦੇ 97 ਅਹੁਦਿਆ ''ਚੋਂ 48 ਖਾਲੀ
Friday, Apr 06, 2018 - 12:22 AM (IST)

ਮੋਗਾ, (ਸੰਦੀਪ)- ਇਕ ਪਾਸੇ ਤਾਂ ਸਮੇਂ-ਸਮੇਂ 'ਤੇ ਸੂਬੇ 'ਚ ਰਾਜਨੀਤੀ 'ਤੇ ਕਾਬਜ਼ ਸਰਕਾਰਾਂ ਸੂਬੇ 'ਚ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਡੇ-ਵੱਡੇ ਦਾਅਵੇ ਤਾਂ ਕਰਦੀਆਂ ਹਨ ਪਰ ਜ਼ਮੀਨੀ ਹਕੀਕਤ ਵੱਲ ਧਿਆਨ ਦਈਏ ਤਾਂ ਇਹ ਦਾਅਵੇ ਖੋਖਲੇ ਹੀ ਵਿਖਾਈ ਦਿੰਦੇ ਹਨ। ਇਸ ਦੀ ਉਦਾਹਰਨ ਜ਼ਿਲਾ ਸਿਹਤ ਵਿਭਾਗ 'ਚ ਲੋਕਾਂ ਦੀ ਵਿਗੜੀ ਸਿਹਤ ਦੀ ਦੇਖਭਾਲ ਕਰਨ ਵਾਲੇ ਡਾਕਟਰਾਂ ਅਤੇ ਸਪੈਸ਼ਲਿਸਟਾਂ ਦੀ ਭਾਰੀ ਕਮੀ ਦੇ ਰਹੀ ਹੈ। ਆਲਮ ਇਹ ਹੈ ਕਿ ਜ਼ਿਲਾ ਪੱਧਰੀ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਹੀ ਐਮਰਜੈਂਸੀ ਮੈਡੀਕਲ ਅਫਸਰਾਂ ਦੇ ਨਾਂ 'ਤੇ 6 ਦੀ ਜਗ੍ਹਾ ਸਿਰਫ ਇਕ ਈ. ਐੱਮ. ਓ. ਦੀ ਤਾਇਨਾਤੀ ਹੈ, ਉੱਥੇ ਜੇਕਰ ਜ਼ਿਲੇ ਦੀ ਗੱਲ ਕੀਤੀ ਜਾਵੇ ਤਾਂ ਜ਼ਿਲੇ ਭਰ 'ਚ 97 ਡਾਕਟਰਾਂ ਦੇ ਅਹੁਦਿਆ 'ਚੋਂ 48 ਅਹੁਦੇ ਖਾਲੀ ਹਨ, ਜਿਨ੍ਹਾਂ 'ਚ 26 ਅਹੁਦੇ ਸਪੈਸ਼ਲਿਸਟਾਂ ਦੇ ਹਨ। ਸਿਵਲ ਸਰਜਨ ਵੱਲੋਂ ਸਮੇਂ-ਸਮੇਂ 'ਤੇ ਲਿਖਤੀ ਤੌਰ 'ਤੇ ਖਾਲੀ ਪਏ ਅਹੁਦਿਆਂ ਦੀ ਜਾਣਕਾਰੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦੇਣ ਦੇ ਬਾਵਜੂਦ ਵੀ ਇਨ੍ਹਾਂ ਖਾਲੀ ਪਏ ਅਹੁਦੇ ਨੂੰ ਭਰਿਆ ਨਹੀਂ ਜਾ ਸਕਿਆ।
ਮੈਡੀਕਲ ਅਫਸਰਾਂ ਦੇ ਪਏ ਖਾਲੀ ਅਹੁਦਿਆਂ 'ਚੋਂ 26 ਮੈਡੀਕਲ ਸਪੈਸ਼ਲਿਸਟ
ਸਿਹਤ ਵਿਭਾਗ ਦੇ ਅੰਕੜੇ ਅਨੁਸਾਰ ਜ਼ਿਲੇ 'ਚ ਸਪੈਸ਼ਲਿਸਟ ਡਾਕਟਰਾਂ ਸਮੇਤ 97 ਡਾਕਟਰਾਂ ਦੇ ਅਹੁਦੇ ਹਨ, ਜਿਨ੍ਹਾਂ 'ਚੋਂ 48 ਅਹੁਦੇ ਖਾਲੀ ਪਏ ਹਨ ਅਤੇ ਇਨ੍ਹਾਂ ਖਾਲੀ ਪਏ ਅਹੁਦਿਆਂ 'ਚ 26 ਅਹੁਦੇ ਸਪੈਸ਼ਲਿਸਟਾਂ ਦੇ ਹਨ, ਉੱਥੇ ਜ਼ਿਲਾ ਪੱਧਰੀ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਡਿਊਟੀ ਲਈ 6 ਈ. ਐੱਮ. ਓਜ਼ ਦੇ ਅਹੁਦੇ ਹਨ, ਜਿਨ੍ਹਾਂ 'ਚ ਇਕ ਹੀ ਈ. ਐੱਮ. ਓ. ਇਸ ਵਾਰਡ 'ਚ ਤਾਇਨਾਤ ਹੈ। ਇਕ ਫੀਮੇਲ ਈ. ਐੱਮ. ਓ. ਦੇ ਛੁੱਟੀ 'ਤੇ ਹੋਣ ਸਬੰਧੀ ਦੱਸਿਆ ਗਿਆ ਹੈ।
ਓ. ਪੀ. ਡੀ. ਹੋ ਰਹੀ ਪ੍ਰਭਾਵਤ
ਜ਼ਿਲਾ ਪੱਧਰੀ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਈ. ਐੱਮ. ਓਜ਼ ਦੀ ਭਾਰੀ ਕਮੀ ਕਾਰਨ ਇਸ ਵਾਰਡ 'ਚ ਹਸਪਤਾਲ 'ਚ ਤਾਇਨਾਤ ਸਪੈਸ਼ਲਿਸਟ ਡਾਕਟਰ ਇਸ ਵਾਰਡ 'ਚ ਡਿਊਟੀ ਦੇਣ ਨੂੰ ਮਜਬੂਰ ਹੈ। ਇਸ ਵਾਰਡ 'ਚ ਤਿੰਨ ਸ਼ਿਫਟਾਂ 'ਚ ਡਾਕਟਰਾਂ ਨੂੰ ਡਿਊਟੀ ਨਿਭਾਉਣੀ ਪੈਂਦੀ ਹੈ। ਸਵੇਰੇ, ਦੁਪਹਿਰ ਤੇ ਨਾਈਟ ਸ਼ਿਫਟ। ਜ਼ਿਕਰਯੋਗ ਹੈ ਕਿ ਇਸ ਵਾਰਡ 'ਚ ਡਿਊਟੀ ਦੇਣ ਵਾਲੇ ਸਪੈਸ਼ਲਿਸਟ ਦੀ ਓ. ਪੀ. ਡੀ. ਵੀ ਪ੍ਰਭਾਵਤ ਹੁੰਦੀ ਹੈ, ਜਿਸ ਕਾਰਨ ਜ਼ਿਲੇ ਦੇ ਦੂਰ-ਦੁਰਾਡੇ ਦੇ ਪਿੰਡਾਂ ਤੋਂ ਆਪਣੀਆਂ ਗੰਭੀਰ ਬੀਮਾਰੀਆਂ ਦਾ ਇਨ੍ਹਾਂ ਤੋਂ ਇਲਾਜ ਕਰਵਾਉਣ ਪੁੱਜਣ ਵਾਲੇ ਮਰੀਜ਼ਾਂ ਨੂੰ ਨਿਰਾਸ਼ ਹੋਣਾ ਪੈਂਦਾ ਹੈ।
ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਤੌਰ 'ਤੇ ਕਰਵਾਇਆ ਜਾਣੂ : ਸਿਵਲ ਸਰਜਨ
ਜ਼ਿਲੇ 'ਚ ਡਾਕਟਰਾਂ ਦੀ ਭਾਰੀ ਕਮੀ ਸਬੰਧੀ ਜਦ 'ਜਗ ਬਾਣੀ' ਵੱਲੋਂ ਜ਼ਿਲੇ ਦੇ ਸਿਵਲ ਸਰਜਨ ਡਾ. ਸੁਸ਼ੀਲ ਜੈਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸਮੇਂ-ਸਮੇਂ 'ਤੇ ਡਾਕਟਰਾਂ ਦੀ ਕਮੀ ਦੇ ਨਾਲ-ਨਾਲ ਖਾਮੀਆਂ ਬਾਰੇ ਵੀ ਲਿਖਤੀ ਤੌਰ 'ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲੇ 'ਚ ਸਬੰਧਤ ਡਾਕਟਰਾਂ ਦੀ ਤਾਇਨਾਤੀ ਸਬੰਧੀ ਸੂਚਿਤ ਕਰਨ ਦੇ ਨਾਲ ਹੀ ਪਹਿਲ ਦੇ ਆਧਾਰ 'ਤੇ ਇਸ ਕਮੀ ਨੂੰ ਦੂਰ ਕਰਨ ਲਈ ਉਨ੍ਹਾਂ ਵੱਲੋਂ ਵਿਭਾਗ ਨੂੰ ਅਪੀਲ ਕੀਤੀ ਗਈ ਹੈ।
ਸਮੱਸਿਆ ਤਾਂ ਹੈ, ਫਿਰ ਵੀ ਕਰਦੇ ਹਾਂ ਮਰੀਜ਼ਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਦਾ ਯਤਨ : ਐੱਸ. ਐੱਮ. ਓ.
ਇਸ ਸਬੰਧੀ ਐੱਸ. ਐੱਮ. ਓ. ਡਾ. ਰਾਜੇਸ਼ ਅਤਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਐਮਰਜੈਂਸੀ ਵਾਰਡ 'ਚ ਡਾਕਟਰਾਂ ਦੀ ਭਾਰੀ ਕਮੀ ਤਾਂ ਹੈ, ਜਿਸ ਕਾਰਨ ਮਜਬੂਰੀਵੱਸ ਇਥੇ ਆਉਣ ਵਾਲੇ ਗੰਭੀਰ ਮਰੀਜ਼ਾਂ ਦੀ ਸੁਵਿਧਾ ਲਈ ਸਪੈਸ਼ਲਿਸਟਾਂ ਦੀ ਡਿਊਟੀ ਲਾਉਣੀ ਪੈਂਦੀ ਹੈ। ਉਹ ਇਨ੍ਹਾਂ ਖਾਮੀਆਂ ਨੂੰ ਦੂਰ ਕਰਵਾਉਣ ਲਈ ਪੁਖਤਾ ਪ੍ਰਬੰਧਾਂ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।