ਕੋਵਿਡ 19: ਲੁਧਿਆਣਾ 'ਚ 4 ਪੁਲਸ ਕਾਮਿਆਂ ਸਮੇਤ 44 ਮਰੀਜ਼ਾਂ ਦੀ ਹੋਈ ਪੁਸ਼ਟੀ

Monday, Jun 22, 2020 - 01:19 AM (IST)

ਕੋਵਿਡ 19: ਲੁਧਿਆਣਾ 'ਚ 4 ਪੁਲਸ ਕਾਮਿਆਂ ਸਮੇਤ 44 ਮਰੀਜ਼ਾਂ ਦੀ ਹੋਈ ਪੁਸ਼ਟੀ

ਲੁਧਿਆਣਾ, (ਸਹਿਗਲ)- ਮਹਾਨਗਰ ਵਿਚ 4 ਗਰਭਵਤੀ ਔਰਤਾਂ ਅਤੇ 4 ਪੁਲਸ ਕਰਮਚਾਰੀਆਂ ਸਮੇਤ ਕੋਰੋਨਾ ਵਾਇਰਸ ਦੇ 44 ਨਵੇਂ ਮਾਮਲੇ ਸਾਹਮਣੇ ਆਏ ਹਨ। ਵਰਤਮਾਨ ਵਿਚ ਪ੍ਰੇਮ ਨਗਰ ਸਭ ਤੋਂ ਪ੍ਰਭਾਵਿਤ ਖੇਤਰ ਬਣ ਕੇ ਉੱਭਰਿਆ ਹੈ। ਅੱਜ ਇਥੇ 10 ਨਵੇਂ ਮਾਮਲੇ ਆਏ ਹਨ, ਜਦਕਿ ਕੱਲ 14 ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਇਲਾਵਾ 2 ਮਰੀਜ਼ ਸੰਗਰੂਰ, ਇਕ ਜਲੰਧਰ ਅਤੇ ਇਕ ਜ਼ਿਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ। ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 38 ਹੋਰ ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। 21 ਜੂਨ ਤੱਕ ਜ਼ਿਲਾ ਲੁਧਿਆਣਾ ਨਾਲ ਸਬੰਧਤ 321 ਮਰੀਜ਼ਾਂ ਨੂੰ ਕੋਰੋਨਾ ਮੁਕਤ ਹੋਣ ’ਤੇ ਹਸਪਤਾਲਾਂ ਤੋਂ ਛੁੱਟੀ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਹੁਣ ਤੱਕ ਲੁਧਿਆਣਾ ’ਚ ਹੁਣ ਤੱਕ ਕੁੱਲ 24955 ਸੈਂਪਲ ਲਏ ਗਏ ਹਨ, ਜਿਨ੍ਹਾਂ ’ਚੋਂ 23834 ਦੀ ਰਿਪੋਰਟ ਪ੍ਰਾਪਤ ਹੋਈ ਹੈ। ਜਿਨ੍ਹਾਂ ’ਚੋਂ 23117 ਨਤੀਜੇ ਨੈਗੇਟਿਵ ਆਏ ਹਨ, ਜਦਕਿ 1121 ਰਿਪੋਰਟਾਂ ਦੀ ਰਿਪੋਰਟ ਆਉਣੀ ਬਾਕੀ ਹੈ। ਮੌਜੂਦਾ ਸਮੇਂ ਜ਼ਿਲਾ ਲੁਧਿਆਣਾ ਨਾਲ ਸਬੰਧਤ 561 ਮਰੀਜ਼ ਪਾਜ਼ੇਟਿਵ ਮਾਮਲੇ ਪਾਏ ਗਏ ਹਨ, ਜਦਕਿ 156 ਮਰੀਜ਼ ਹੋਰ ਜ਼ਿਲਿਆਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ 14 ਮੌਤਾਂ ਜ਼ਿਲਾ ਲੁਧਿਆਣਾ ਨਾਲ ਸਬੰਧਤ ਅਤੇ 13 ਹੋਰ ਜ਼ਿਲਿਆਂ ਨਾਲ ਸਬੰਧਤ ਹੋਈਆਂ ਹਨ। ਹੁਣ ਤੱਕ ਜ਼ਿਲਾ ਲੁਧਿਆਣਾ ਨਾਲ ਸਬੰਧਤ 321 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ।

244 ਲੋਕਾਂ ਨੂੰ ਕੀਤਾ ਕੁਅਰੰਟਾਈਨ

ਉਨ੍ਹਾਂ ਕਿਹਾ ਕਿ ਹੁਣ ਤੱਕ 11821 ਵਿਅਕਤੀਆਂ ਨੂੰ ਘਰਾਂ ’ਚ ਕੁਅਰੰਟਾਈਨ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 3721 ਵਿਅਕਤੀ ਕੁਅਰੰਟਾਈਨ ਹਨ। ਅੱਜ ਵੀ 244 ਵਿਅਕਤੀਆਂ ਨੂੰ ਘਰਾਂ ’ਚ ਕੁਅਰੰਟਾਈਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਲੁਧਿਆਣਾ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਦੇ ਕੋਵਿਡ- 19 ਦੇ ਪੀੜਤ ਹੋਣ ਜਾਂ ਸ਼ੱਕ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਂਕੜਿਆਂ ਵਿਚ ਹੈ। ਇਸੇ ਤਰ੍ਹਾਂ ਅੱਜ ਵੀ 1025 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਜਿਨ੍ਹਾਂ ਦੇ ਨਤੀਜੇ ਜਲਦ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਿਦਾਇਤਾਂ ਦੀ ਪੂਰਨ ਤੌਰ 'ਤੇ ਪਾਲਣਾ ਕਰਨ। ਜੇਕਰ ਉਹ ਘਰਾਂ ਦੇ ਅੰਦਰ ਹੀ ਰਹਿਣਗੇ ਤਾਂ ਉਹ ਖੁਦ ਵੀ ਇਸ ਬੀਮਾਰੀ ਤੋਂ ਬਚਣਗੇ ਅਤੇ ਨਾਲ ਹੀ ਹੋਰਾਂ ਲੋਕਾਂ ਨੂੰ ਵੀ ਬਚਾਉਣ ’ਚ ਸਹਾਇਤਾ ਕਰਨਗੇ।

ਪ੍ਰੇਮ ਨਗਰ ਤੋਂ ਮਿਲੇ 10 ਮਾਮਲੇ

ਪ੍ਰੇਮ ਨਗਰ ਵਿਚ ਅੱਜ 10 ਮਾਮਲਿਆਂ ’ਚ 7 ਪੁਰਸ਼ ਅਤੇ 3 ਔਰਤਾਂ ਕੋਰੋਨਾ ਪਾਜ਼ੇਟਿਵ ਆਈਆਂ। ਇਨ੍ਹਾਂ ਵਿਚ 40, 38, 23, 38, 22, 23 ਤੇ 70 ਸਾਲਾ ਪੁਰਸ਼ ਮਰੀਜ਼ ਸ਼ਾਮਲ ਹਨ, ਜਦਕਿ 15, 18 ਅਤੇ 45 ਸਾਲ ਦੀ ਮਹਿਲਾ ਹੈ। 5 ਗਰਭਵਤੀ ਮਹਿਲਾਵਾਂ ਗ੍ਰਾਮ ਰਣੀਆ ਦੀ 28 ਸਾਲਾ ਮਹਿਲਾ, ਡੇਹਲੋਂ ਦੀ 25 ਸਾਲਾ, ਕੈਲਾਸ਼ ਨਗਰ ਬਸਤੀ ਜੋਧੇਵਾਲ ਦੀ 22 ਸਾਲਾ ਮਰੀਜ਼ ਅਤੇ ਰਿਸ਼ੀ ਨਗਰ ਹੈਬੋਵਾਲ ਦੀ 29 ਸਾਲਾ ਮਹਿਲਾ ਮਰੀਜ਼ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

4 ਪੁਲਸ ਕਾਮਿਆਂ ਦੀ ਰਿਪੋਰਟ ਆਈ ਪਾਜ਼ੇਟਿਵ

ਕੋਰੋਨਾ ਵਾਇਰਸ ਦੀ ਜੰਗ ਵਿਚ ਫਰੰਟ ਲਾਈਨ ’ਤੇ ਕੰਮ ਕਰ ਰਹੇ ਪੁਲਸ ਕਰਮਚਾਰੀਆਂ ’ਚੋਂ ਅੱਜ 4 ਪੁਲਸ ਕਰਮਚਾਰੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਨ੍ਹਾਂ ਵਿਚ 49 ਸਾਲਾ ਪੁਲਸ ਅਧਿਕਾਰੀ ਹਰ ਕ੍ਰਿਸ਼ਨ ਨਗਰ, ਨਿਊ ਸ਼ਿਮਲਾਪੁਰੀ ਦਾ ਰਹਿਣ ਵਾਲਾ ਹੈ, ਜਦਕਿ 32 ਸਾਲਾ ਪੁਲਸ ਕਰਮਚਾਰੀ ਡੇਹਲੋਂ ਦਸਮੇਸ਼ ਨਗਰ ਦਾ ਨਿਵਾਸੀ ਅਤੇ ਸਾਹਨੇਵਾਲ ਪੁਲਸ ਸਟੇਸ਼ਨ ’ਚ ਤਾਇਨਾਤ ਹੈ। ਪੀ. ਸੀ. ਆਰ. ਵਿਚ ਤਾਇਨਾਤ 50 ਸਾਲਾ ਪੁਲਸ ਕਰਮਚਾਰੀ ਸੰਤੋਖਪੁਰਾ ਜਲੰਧਰ ਦਾ ਰਹਿਣ ਵਾਲੇ ਹਨ ਅਤੇ ਮੁਕੇਰੀਆਂ ਦੇ 50 ਸਾਲਾ ਸਹਾਇਕ ਸਬ ਇੰਸਪੈਕਟਰ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ, ਇਕ ਮਰੀਜ਼ ਨੂੰ ਪਟਿਆਲਾ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਦਕਿ ਇਕ 42 ਸਾਲਾ ਮਹਿਲਾ ਮੁੰਡੀਆਂ ਤੋਂ ਸਾਹਮਣੇ ਆਈ ਹੈ।

ਪੰਜਾਬ ਮਾਤਾ ਨਗਰ ਤੋਂ 3 ਮਰੀਜ਼ ਆਏ ਸਾਹਮਣੇ

ਪੰਜਾਬ ਮਾਤਾ ਨਗਰ ਪੱਖੋਵਾਲ ਰੋਡ ਦੀਆਂ 3 ਔਰਤਾਂ ’ਚੋਂ ਇਕ 32 ਸਾਲਾ ਮਹਿਲਾ ਅਤੇ 26, 24 ਸਾਲਾ ਔਰਤਾਂ ਸ਼ਾਮਲ ਹਨ। ਜੋ ਪਾਜ਼ੇਟਿਵ ਆਈਆਂ ਹਨ। ਇਸੇ ਤਰ੍ਹਾਂ ਜਮਾਲਪੁਰ ਦੀ ਰਹਿਣ ਵਾਲੀ ਨਿੱਜੀ ਹਸਪਤਾਲ ਵਿਚ ਕੰਮ ਕਰਨ ਵਾਲੀ 23 ਸਾਲਾ ਇਕ ਮਹਿਲਾ ਨੂੰ ਵੀ ਕੋਰੋਨਾ ਨਾਲ ਇਨਫੈਕਟਿਡ ਪਾਇਆ ਗਿਆ ਹੈ। ਇਸ ਤੋਂ ਇਲਾਵਾ ਦਯਾਨੰਦ ਹਸਪਤਾਲ ਵਿਚ 10 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿਚ 8 ਮਰੀਜ਼ ਲੁਧਿਆਣਾ ਦੇ ਰਹਿਣ ਵਾਲੇ ਹਨ।


author

Bharat Thapa

Content Editor

Related News