ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 4 ਨੌਜਵਾਨਾਂ ਤੋਂ ਠੱਗੇ ਲੱਖਾਂ ਰੁਪਏ, ਮਾਮਲਾ ਦਰਜ
Monday, Aug 12, 2019 - 08:12 PM (IST)

ਤਰਨਤਾਰਨ,(ਰਾਜੂ): ਜ਼ਿਲਾ ਤਰਨਤਾਰਨ ਅਧੀਨ ਆਉਂਦੇ ਪਿੰਡ ਬੈਂਕਾ ਨਿਵਾਸੀ ਚਾਰ ਨੌਜਵਾਨਾਂ ਨਾਲ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 25 ਲੱਖ 46 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਕੱਚਾ ਪੱਕਾ ਪੁਲਸ ਨੇ ਚਾਰ ਲੋਕਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਜਸਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਬੈਂਕਾ ਨੇ ਦੱਸਿਆ ਕਿ ਪਿੰਡ ਦਿਆਲਪੁਰਾ ਨਿਵਾਸੀ ਜਸਪਾਲ ਸਿੰਘ, ਦਿਲਬਾਗ ਸਿੰਘ, ਹਰਜਿੰਦਰ ਸਿੰਘ ਅਤੇ ਕਰਮਜੀਤ ਕੌਰ ਵਿਦੇਸ਼ ਭੇਜਣ ਦਾ ਕਾਰੋਬਾਰ ਕਰਦੇ ਹਨ। ਜਿਨ੍ਹਾਂ ਨੇ ਉਸ ਨੂੰ ਸਪੇਨ ਭੇਜਣ ਦੇ ਝਾਂਸੇ ਵਿਚ ਫਸਾ ਲਿਆ ਅਤੇ
ਉਕਤ ਵਿਅਕਤੀਆਂ ਨੇ ਉਸ ਕੋਲੋਂ 7 ਲੱਖ 50 ਹਜ਼ਾਰ ਰੁਪਏ ਦੀ ਮੰਗ ਕੀਤੀ। ਉਹ ਉਕਤ ਵਿਅਕਤੀਆਂ ਦੀਆਂ ਗੱਲਾਂ ਵਿਚ ਆ ਗਿਆ ਤੇ ਉਸ ਨੇ ਆਪਣੇ ਤਿੰਨ ਹੋਰ ਸਾਥੀਆਂ ਦਿਲਬਾਗ ਸਿੰਘ, ਸ਼ਰਨਪਾਲ ਸਿੰਘ ਤੇ ਹਰਪ੍ਰੀਤ ਸਿੰਘ ਨੂੰ ਵੀ ਸਪੇਨ ਜਾਣ ਲਈ ਰਜ਼ਾਮੰਦ ਕਰ ਲਿਆ। ਜਿਸ 'ਤੇ ਉਕਤ ਲੋਕਾਂ ਨੇ ਉਨ੍ਹਾਂ ਚਾਰਾਂ ਨੌਜਵਾਨਾਂ ਕੋਲੋਂ 25 ਲੱਖ 46 ਹਜ਼ਾਰ ਰੁਪਏ ਵਸੂਲ ਕਰ ਲਏ। ਪੈਸੇ ਲੈਣ ਤੋਂ ਬਾਅਦ ਉਕਤ ਵਿਅਕਤੀ ਲਾਰਾ ਲਗਾ ਕੇ ਸਮਾਂ ਲੰਘਾਉਂਦੇ ਰਹੇ ਤੇ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਜਿਸ ਦੀ ਸ਼ਿਕਾਇਤ ਉਨ੍ਹਾਂ ਪੁਲਸ ਨੂੰ ਕਰ ਦਿੱਤੀ। ਇਸ ਸਬੰਧੀ ਏ. ਐੱਸ. ਆਈ. ਦਲਬੀਰ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ 'ਤੇ ਜਸਪਾਲ ਸਿੰਘ, ਦਿਲਬਾਗ ਸਿੰਘ, ਹਰਜਿੰਦਰ ਸਿੰਘ ਪੁੱਤਰਾਨ ਕੇਹਰ ਸਿੰਘ ਅਤੇ ਕਰਮਜੀਤ ਕੌਰ ਪਤਨੀ ਜਸਪਾਲ ਸਿੰਘ ਵਾਸੀਆਨ ਦਿਆਲਪੁਰਾ ਖਿਲਾਫ ਮੁਕੱਦਮਾ ਨੰਬਰ 54 ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।