ਸਵਾਰੀਆਂ ਨਾਲ ਭਰੇ ਆਟੋ ਅਤੇ ਕਾਰ ਦੀ ਟੱਕਰ ਦੌਰਾਨ 4 ਔਰਤਾਂ ਦੀ ਮੌਤ, 3 ਗੰਭੀਰ ਜ਼ਖਮੀ
Thursday, Jun 26, 2025 - 05:44 AM (IST)

ਫਿਲੌਰ (ਭਾਖੜੀ) : ਫਿਲੌਰ ਨੇੜੇ ਪਿੰਡ ਬੁਰਜ ਪੁਖਤਾ ’ਚ ਸਵਾਰੀਆਂ ਨਾਲ ਭਰੇ ਇਕ ਆਟੋ ਅਤੇ ਇਕ ਕਾਰ ਦੀ ਹੋਈ ਜ਼ਬਰਦਸਤ ਟੱਕਰ ਦੌਰਾਨ 4 ਔਰਤਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਹਾਦਸੇ ਦੌਰਾਨ ਇਕ ਬੱਚਾ ਵੀ ਗੰਭੀਰ ਜ਼ਖਮੀ ਹੋ ਗਿਆ।
ਜਾਣਕਾਰੀ ਅਨੁਸਾਰ ਆਟੋ ਝੰਡੀ ਪੀਰ ਕਡਿਆਣਾ ਤੋਂ ਫਿਲੌਰ ਵੱਲ ਜਾ ਰਿਹਾ ਸੀ ਕਿ ਪਿੰਡ ਬੁਰਜ ਪੁਖਤਾ ਕੋਲ ਸਾਹਮਣੇ ਤੋਂ ਆ ਰਹੀ ਇਕ ਕਾਰ ਆਟੋ ਨਾਲ ਟਕਰਾਅ ਗਈ, ਜਿਸ ਕਾਰਨ ਆਟੋ ’ਚ ਸਵਾਰ ਰਣਜੀਤ ਕੌਰ, ਸੁਨੀਤਾ ਦੇਵੀ, ਰਾਖੀ, ਮਨਜੀਤ ਕੌਰ ਦੀ ਮੌਤ ਹੋ ਗਈ। ਹਾਦਸੇ ’ਚ ਨਿਰਮਲ ਸਿੰਘ, ਮੁਖਤਿਆਰ ਸਿੰਘ ਅਤੇ ਇਕ ਛੋਟਾ ਬੱਚਾ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਡਾ. ਨੀਰਜ ਸੋਢੀ ਨੇ ਦੱਸਿਆ ਕਿ ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ, ਜਦੋਂਕਿ ਹੋਰ ਜ਼ਖਮੀਆਂ ਦਾ ਸਿਵਲ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : Credit-Pan ਕਾਰਡ ਤੋਂ ਲੈ ਕੇ ਟ੍ਰੇਨ ਟਿਕਟ ਤੱਕ ਬਦਲਣਗੇ ਕਈ ਨਿਯਮ , ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ
ਫਿਲੌਰ ਥਾਣੇ ਦੇ ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਆਟੋ ਚਾਲਕ ਪਿੰਡ ਨਗਰ ਤੋਂ ਫਿਲੌਰ ਵੱਲ ਆ ਰਿਹਾ ਸੀ ਅਤੇ ਕਾਰ ਚਾਲਕ ਫਿਲੌਰ ਤੋਂ ਨਵਾਂਸ਼ਹਿਰ ਜਾ ਰਿਹਾ ਸੀ। ਟੋਇਆਂ ਅਤੇ ਟੁੱਟੀ ਸੜਕ ਕਾਰਨ ਕਾਰ ਚਾਲਕ ਸੰਤੁਲਨ ਗੁਆ ਕੇ ਆਟੋ ਨਾਲ ਟਕਰਾਅ ਗਿਆ, ਜਿਸ ਕਾਰਨ ਉਕਤ ਹਾਦਸਾ ਵਾਪਰ ਗਿਆ। ਜਾਂਚ ਤੋਂ ਬਾਅਦ ਕਾਰ ਚਾਲਕ ਦੀ ਪਛਾਣ ਰਾਜਵੀਰ ਪੁੱਤਰ ਬਲਵੀਰ ਕੁਮਾਰ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਬਿਆਨਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8