ਖੰਨਾ ''ਚ ਭਿਆਨਕ ਸੜਕ ਹਾਦਸਾ: ਦਿੱਲੀ ਤੋਂ ਪਰਤ ਰਹੇ NRI ਗੰਭੀਰ ਰੂਪ ''ਚ ਜ਼ਖ਼ਮੀ
Friday, Oct 30, 2026 - 08:02 PM (IST)
ਖੰਨਾ (ਵਿਨਾਇਕ): ਖੰਨਾ ਖੇਤਰ 'ਚ ਨੈਸ਼ਨਲ ਹਾਈਵੇਅ 'ਤੇ ਪਿੰਡ ਗੱਗੜ ਮਾਜਰਾ ਨੇੜੇ ਧਵਨ ਪੈਟਰੋਲ ਪੰਪ ਕੋਲ ਬਣੇ ਪੁਲ 'ਤੇ ਸ਼ੁੱਕਰਵਾਰ ਤੜਕੇ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਦਿੱਲੀ ਏਅਰਪੋਰਟ ਤੋਂ ਜਲੰਧਰ ਜਾ ਰਹੀ ਇਕ ਤੇਜ਼ ਰਫ਼ਤਾਰ ਟੈਕਸੀ (PB01C-7399) ਦੀ ਅੱਗੇ ਚੱਲ ਰਹੇ ਇਕ ਅਣਪਛਾਤੇ ਵਾਹਨ (ਸੰਭਾਵਿਤ ਟਰੱਕ) ਨਾਲ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ 'ਚ ਨਿਊਜ਼ੀਲੈਂਡ ਤੋਂ ਤਿੰਨ ਮਹੀਨੇ ਦੀ ਛੁੱਟੀ 'ਤੇ ਵਤਨ ਪਰਤੇ ਐੱਨ.ਆਰ.ਆਈ. ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਦੀ ਇੱਕ ਬਾਂਹ ਬੁਰੀ ਤਰ੍ਹਾਂ ਕੁਚਲੀ ਗਈ ਹੈ।
ਨਿਊਜ਼ੀਲੈਂਡ ਤੋਂ ਨੂੰਹ ਨਾਲ ਪਰਤ ਰਹੇ ਸਨ ਜਲੰਧਰ
ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਜ਼ਿਲ੍ਹੇ ਦੇ ਪਿੰਡ ਜਾਫਲਾਂ (ਕਾਲਾ ਬਕਰਾ) ਦੇ ਰਹਿਣ ਵਾਲੇ ਅਮਰਦੀਪ ਸਿੰਘ ਪੁੱਤਰ ਸਰਵਨ ਸਿੰਘ ਹਾਲ ਹੀ 'ਚ ਨਿਊਜ਼ੀਲੈਂਡ ਤੋਂ ਭਾਰਤ ਆਏ ਹਨ। ਸ਼ੁੱਕਰਵਾਰ ਤੜਕੇ ਕਰੀਬ 5:03 ਵਜੇ ਉਹ ਆਪਣੀ ਨੂੰਹ ਪ੍ਰਭਜੋਤ ਕੌਰ ਪੁੱਤਰੀ ਬਲਸ਼ੇਰ ਸਿੰਘ ਨਾਲ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਟੈਕਸੀ 'ਚ ਸਵਾਰ ਹੋ ਕੇ ਆਪਣੇ ਘਰ ਜਲੰਧਰ ਜਾ ਰਹੇ ਸਨ।
ਟੈਕਸੀ ਨੂੰ ਡਰਾਈਵਰ ਸਾਹਿਲ ਪਾਲ (ਰਹਿਵਾਸੀ ਖੁਰਲਾ ਕਿੰਗਰਾ, ਜਲੰਧਰ) ਚਲਾ ਰਿਹਾ ਸੀ। ਖੰਨਾ ਦੇ ਗੱਗੜ ਮਾਜਰਾ ਪੁਲ 'ਤੇ ਪਹੁੰਚਦਿਆਂ ਹੀ ਅਚਾਨਕ ਡਰਾਈਵਰ ਨੂੰ ਅੱਖ ਲੱਗ ਗਈ, ਜਿਸ ਨਾਲ ਟੈਕਸੀ ਬੇਕਾਬੂ ਹੋ ਕੇ ਅੱਗੇ ਚੱਲ ਰਹੇ ਅਣਪਛਾਤੇ ਵਾਹਨ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟੈਕਸੀ ਦੀ ਅਗਲੀ ਸੀਟ 'ਤੇ ਬੈਠੇ ਅਮਰਦੀਪ ਸਿੰਘ ਵਾਹਨ 'ਚ ਹੀ ਫਸ ਗਏ ਅਤੇ ਉਨ੍ਹਾਂ ਦਾ ਇੱਕ ਹੱਥ ਤੇ ਬਾਂਹ ਬੁਰੀ ਤਰ੍ਹਾਂ ਕੁਚਲੇ ਗਏ।
ਐਂਬੂਲੈਂਸ ਦੇ ਇੰਤਜ਼ਾਰ 'ਚ ਬੀਤਿਆ ਸਮਾਂ, SSF ਬਣੀ ਮਦਦਗਾਰ
ਇਸ ਹਾਦਸੇ ਤੋਂ ਤੁਰੰਤ ਬਾਅਦ ਕੰਟਰੋਲ ਰੂਮ ਤੋਂ ਸੂਚਨਾ ਮਿਲਦਿਆਂ ਹੀ ਰੋਡ ਸੇਫਟੀ ਫੋਰਸ (SSF) ਲੁਧਿਆਣਾ ਰੇਂਜ ਦੀ ਟੀਮ ਦੇ ਇੰਚਾਰਜ ਸਬ-ਇੰਸਪੈਕਟਰ ਸੁਖਦੇਵ ਸਿੰਘ ਅਤੇ ਸਿਪਾਹੀ ਕੇਸ਼ਵ ਕੁਮਾਰ ਮਹਿਜ਼ 8 ਮਿੰਟਾਂ ਦੇ ਅੰਦਰ (ਸਵੇਰੇ 5:11 ਵਜੇ) ਘਟਨਾ ਸਥਾਨ 'ਤੇ ਪਹੁੰਚ ਗਏ।
ਹਾਦਸੇ ਵਾਲੀ ਥਾਂ 'ਤੇ ਐਂਬੂਲੈਂਸ ਸੇਵਾ ਨਾਲ ਲਗਾਤਾਰ ਸੰਪਰਕ ਕੀਤਾ ਗਿਆ, ਪਰ ਲਗਭਗ ਇੱਕ ਘੰਟੇ ਤੱਕ ਐਂਬੂਲੈਂਸ ਮੌਕੇ 'ਤੇ ਨਹੀਂ ਪਹੁੰਚ ਸਕੀ। ਸਥਿਤੀ ਦੀ ਗੰਭੀਰਤਾ ਅਤੇ ਐੱਨ.ਆਰ.ਆਈ. ਅਮਰਦੀਪ ਸਿੰਘ ਦੇ ਸਰੀਰ ਤੋਂ ਵਹਿ ਰਹੇ ਖੂਨ ਨੂੰ ਦੇਖਦਿਆਂ SSF ਦੇ ਜਵਾਨਾਂ ਨੇ ਬਿਨਾਂ ਸਮਾਂ ਗੁਆਏ ਜ਼ਖਮੀ ਨੂੰ ਆਪਣੀ ਹੀ ਗਸ਼ਤੀ ਗੱਡੀ (ਪੈਟਰੋਲਿੰਗ ਵਹੀਕਲ) 'ਚ ਲੱਦ ਕੇ ਤੁਰੰਤ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
SSF ਨੇ ਸੁਚਾਰੂ ਕਰਵਾਇਆ ਟ੍ਰੈਫਿਕ, ਸਾਮਾਨ ਪਰਿਵਾਰ ਹਵਾਲੇ ਕੀਤਾ
ਇਸ ਹਾਦਸੇ ਤੋਂ ਬਾਅਦ SSF ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਹਾਦਸਾਗ੍ਰਸਤ ਟੈਕਸੀ ਨੂੰ ਮੁੱਖ ਸੜਕ ਤੋਂ ਹਟਾ ਕੇ ਟ੍ਰੈਫਿਕ ਵਿਵਸਥਾ ਬਹਾਲ ਕਰਵਾਈ। ਇਸ ਦੇ ਨਾਲ ਹੀ ਐੱਨ.ਆਰ.ਆਈ. ਪਰਿਵਾਰ ਦਾ ਕੀਮਤੀ ਸਾਮਾਨ ਅਤੇ ਬੈਗ ਸੁਰੱਖਿਅਤ ਕਬਜ਼ੇ 'ਚ ਲੈ ਕੇ ਜ਼ਖਮੀ ਅਮਰਦੀਪ ਸਿੰਘ ਦੀ ਨੂੰਹ ਪ੍ਰਭਜੋਤ ਕੌਰ ਦੇ ਹਵਾਲੇ ਕਰ ਦਿੱਤੇ। ਇਸ ਮਾਮਲੇ ਦੀ ਸੂਚਨਾ ਚੌਂਕੀ ਕੋਟ ਨੂੰ ਦੇ ਦਿੱਤੀ ਗਈ ਹੈ। ਪੁਲਸ ਨੇ ਅਣਪਛਾਤੇ ਵਾਹਨ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
